ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਵੱਲੋਂ ਪੰਜ ਕਿਲੋ ਹੈਰੋਇਨ ਸਮੇਤ ਮਹਿਲਾ ਸਣੇ ਤਿੰਨ ਕਾਬੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਮਾਰਚ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਪੰਜ ਕਿਲੋ 200 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ, ਜੋ ਵਿਧਵਾ ਹੈ ਅਤੇ ਗਰੋਹ ਦੀ ਸਰਗਨਾ ਹੈ। ਇਸ ਦੇ ਬਾਕੀ ਦੋ ਸਾਥੀਆਂ ਵਿੱਚ ਇੱਕ ਆਲਮ ਅਰੋੜਾ ਅਤੇ ਦੂਜਾ ਮਨਮੀਤ ਉਰਫ ਗੋਲੂ ਸ਼ਾਮਲ ਹਨ।
ਇਹ ਮਹਿਲਾ ਪਿੰਡ ਇਬਨ ਕਲਾਂ ਵਿਚ ਵਿਆਹੀ ਹੋਈ ਸੀ ਜਦੋਂ ਕਿ ਇਸ ਦੇ ਪੇਕੇ ਖਾਲੜਾ ਨੇੜੇ ਹਨ। ਜਾਣਕਾਰੀ ਅਨੁੁਸਾਰ ਇਸ ਮਹਿਲਾ ਦੇ ਕਿਸੇ ਨਾਲ ਸਬੰਧ ਸਨ, ਜਿਸ ਨੇ ਇਸ ਦਾ ਸੰਪਰਕ ਪਾਕਿਸਤਾਨ ਬੈਠੇ ਤਸਕਰ ਨਾਲ ਕਰਾਇਆ ਸੀ। ਇਨ੍ਹਾਂ ਦੇ ਇੱਕ ਹੋਰ ਸਾਥੀ ਦੀ ਵੀ ਸ਼ਨਾਖਤ ਕੀਤੀ ਗਈ ਹੈ, ਜਿਸ ਦੀ ਗ੍ਰਿਫਤਾਰੀ ਵਾਸਤੇ ਪੁਲੀਸ ਯਤਨਸ਼ੀਲ ਹੈ।
ਜਾਣਕਾਰੀ ਅਨੁਸਾਰ ਇਹ ਮਹਿਲਾ ਇਸ ਵੇਲੇ ਛੇਹਰਟਾ ਇਲਾਕੇ ਵਿੱਚ ਰਹਿ ਰਹੀ ਸੀ ਅਤੇ ਪੁਲੀਸ ਵਰਦੀ ਦੀ ਵੀ ਦੁਰਵਰਤੋਂ ਕਰ ਰਹੀ ਸੀ। ਇਸ ਨੇ ਵੱਡੇ ਪੱਧਰ ’ਤੇ ਲੋਕਾਂ ਨਾਲ ਸੰਪਰਕ ਬਣਾਏ ਹੋਏ ਸਨ ਅਤੇ ਸਾਰਾ ਨੈੱਟਵਰਕ ਖੁਦ ਚਲਾ ਰਹੀ ਸੀ। ਇਸ ਦੇ ਦੋ ਸਾਥੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਸਾਂਭ ਸੰਭਾਲ ਦਾ ਕੰਮ ਕਰਦੇ ਸਨ। ਇਹ ਸਾਰੇ ਹੀ 21 ਤੋਂ 27 ਸਾਲ ਉਮਰ ਵਰਗ ਦੇ ਹਨ। ਇਹ ਮਹਿਲਾ ਬਾਰ੍ਹਵੀਂ ਪਾਸ ਹੈ ਤੇ ਇਸ ਵੇਲੇ ਕਿਸੇ ਸਲੂਨ ’ਤੇ ਕੰਮ ਕਰ ਰਹੀ ਹੈ। ਆਲਮ (23) ਬੇਰੁਜ਼ਗਾਰ ਹੈ ਜਦੋਂ ਕਿ ਮਨਮੀਤ (21) ਕਿਸੇ ਕੱਪੜਾ ਫੈਕਟਰੀ ਵਿੱਚ ਕੰਮ ਕਰਦਾ ਹੈ। ਪੁਲੀਸ ਮੁਤਾਬਕ ਇਨ੍ਹਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੈ ਤੇ ਪਹਿਲਾਂ ਕੋਈ ਵੀ ਕੇਸ ਦਰਜ ਨਹੀਂ ਹੈ।