Punjab News: ਰਾਵੀ ਕੋਲ ਸ਼ੱਕੀ ਵਿਅਕਤੀ ਨਜ਼ਰ ਆਉਣ ’ਤੇ ਪੁਲੀਸ ਨੇ ਚਲਾਈ ਤਲਾਸ਼ੀ ਮੁਹਿੰਮ
ਪੁਲੀਸ ਨੇ ਸੁਰੱਖਿਆ ਘੇਰਾ ਵੀ ਕੀਤਾ ਮਜ਼ਬੂਤ; ਰਾਵੀ ਦਰਿਆ ਕੋਲ ਬਣ ਰਹੇ ਕਟੜਾ ਐਕਸਪ੍ਰੈਸ ਹਾਈਵੇਅ ’ਤੇ ਸਕਿਉਰਿਟੀ ਗਾਰਡ ਨੇ ਦੇਖੇ ਸਨ ਸ਼ੱਕੀ ਵਿਅਕਤੀ; ਪੁਲੀਸ ਨੂੰ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਾ ਮਿਲਿਆ
ਐਨਪੀ ਧਵਨ
ਪਠਾਨਕੋਟ, 25 ਮਾਰਚ
ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਅਤੇ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕਠੂਆ ਨਾਲ ਲੱਗਦੇ ਰਾਵੀ ਦਰਿਆ ਕੋਲ ਬਣ ਰਹੇ ਕਟੜਾ ਐਕਸਪ੍ਰੈਸ ਹਾਈਵੇਅ ’ਤੇ ਮੰਗਲਵਾਰ ਤੜਕੇ 5-6 ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਪਠਾਨਕੋਟ ਪੁਲੀਸ ਹਰਕਤ ਵਿੱਚ ਆ ਗਈ ਅਤੇ ਜ਼ਿਲ੍ਹਾ ਪਠਾਨਕੋਟ ਦੇ ਪੁਲੀਸ ਮੁਖੀ ਨੇ ਤੁਰੰਤ ਜਾ ਕੇ ਮੌਕੇ ਦਾ ਮੁਆਇਨਾ ਕੀਤਾ ਅਤੇ ਪੰਜਾਬ ਦੇ ਖੇਤਰ ਵਿੱਚ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ।
ਇਸ ਦੇ ਇਲਾਵਾ ਉਥੇ ਸਾਰੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਸ਼ਾਮ ਤੱਕ ਸੁਰੱਖਿਆ ਦਸਤਿਆਂ ਨੂੰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਨਾ ਹੀ ਕੋਈ ਸ਼ੱਕੀਆਂ ਬਾਰੇ ਸੁਰਾਗ ਮਿਲਿਆ। ਦੱਸਣਯੋਗ ਹੈ ਕਿ ਐਕਸਪ੍ਰੈਸ ਹਾਈਵੇਅ ਦੇ ਸਕਿਉਰਿਟੀ ਗਾਰਡ ਨੇ ਤੜਕੇ 4 ਵਜੇ ਦੇ ਕਰੀਬ ਜ਼ਿਲ੍ਹਾ ਕਠੂਆ ਦੇ ਖੇਤਰ ਕੀੜੀ ਗੰਡਿਆਲ ਵਿਚ ਸ਼ੱਕੀ ਵਿਅਕਤੀ ਦੇਖੇ ਅਤੇ ਉਸ ਦਾ ਉਰਲਾ ਪਾਸਾ ਪੰਜਾਬ ਨਾਲ ਲੱਗਦਾ ਹੈ। ਇਹ ਸਾਰਾ ਖੇਤਰ ਅਤਿ ਸੰਵੇਦਨਸ਼ੀਲ ਹੈ ਤੇ ਕੌਮਾਂਤਰੀ ਸਰਹੱਦ ਵੀ ਇਥੋਂ 4-5 ਕਿਲੋਮੀਟਰ ’ਤੇ ਪੈਂਦੀ ਹੈ।
ਇਸ ਮੌਕੇ ਡੀਐਸਪੀ (ਹੈਡਕੁਆਟਰ) ਨਛੱਤਰ ਸਿੰਘ, ਡੀਐਸਪੀ (ਦਿਹਾਤੀ) ਲਖਵਿੰਦਰ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਵੀ ਹਾਜ਼ਰ ਸਨ। ਜਾਣਕਾਰੀ ਅਨੁਸਾਰ ਸਕਿਉਰਿਟੀ ਗਾਰਡ ਵੱਲੋਂ ਜੰਮੂ ਪੁਲੀਸ ਨੂੰ ਸ਼ੱਕੀਆਂ ਦੇ ਘੁੰਮਣ ਬਾਰੇ ਸੂਚਨਾ ਦਿੱਤੀ ਗਈ ਤੇ ਫਿਰ ਜੰਮੂ-ਕਸ਼ਮੀਰ ਦੇ ਪੁਲੀਸ ਅਧਿਕਾਰੀਆਂ ਵੱਲੋਂ ਪਠਾਨਕੋਟ ਜ਼ਿਲ੍ਹਾ ਪੁਲੀਸ ਮੁਖੀ ਨੂੰ ਸੂਚਿਤ ਕੀਤਾ ਗਿਆ।
ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਉਕਤ ਖੇਤਰ ਸੰਵੇਦਨਸ਼ੀਲ ਹੋਣ ਕਰਕੇ ਉਹ ਖੁਦ ਮੌਕਾ ਦੇਖਣ ਪੁੱਜੇ ਹਨ। ਉਨ੍ਹਾਂ ਕਿਹਾ ਕਿ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜੋ ਜਾਣਕਾਰੀ ਮਿਲੀ ਹੈ, ਉਹ ਜ਼ਿਲ੍ਹਾ ਕਠੂਆ ਦਾ ਖੇਤਰ ਹੈ। ਪਰ ਫਿਰ ਵੀ ਇਤਿਆਹਤ ਤੌਰ ’ਤੇ ਉਨ੍ਹਾਂ ਨੇ ਆਪਣੇ ਪੰਜਾਬ ਦੇ ਖੇਤਰ ਅੰਦਰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ ਅਤੇ ਇਸ ਖੇਤਰ ਵਿੱਚ ਨਾਕੇ ਹੋਰ ਲਗਾ ਦਿੱਤੇ ਹਨ। ਇਸ ਦੇ ਇਲਾਵਾ ਸਮੁੱਚੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸੈਕਿੰਡ ਲਾਈਨ ਆਫ ਡਿਫੈਂਸ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਗਿਆ ਹੈ।