ਨੀਂਹ ਪੱਥਰ: ਰਵਨੀਤ ਬਿੱਟੂ ਵੱਲੋਂ ਮੁੱਖ ਮੰਤਰੀ ’ਤੇ ਨਿਸ਼ਾਨਾ
ਚਰਨਜੀਤ ਭੁੱਲਰ
ਚੰਡੀਗੜ੍ਹ, 23 ਮਾਰਚ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਨਵਾਂ ਸ਼ਹਿਰ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਰੱਖੇ ਨੀਂਹ ਪੱਥਰ ਨੂੰ ਲੈ ਕੇ ਅੱਜ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲਿਆ ਹੈ। ਭਾਜਪਾ ਆਗੂ ਰਵਨੀਤ ਬਿੱਟੂ ਨੇ ਕਿਹਾ ਕਿ ਨਵਾਂ ਸ਼ਹਿਰ ਵਿਚ ਰੱਖੇ ਨੀਂਹ ਪੱਥਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੱਡੇ ਅੱਖਰਾਂ ਵਿੱਚ ਉੱਕਰਿਆ ਹੈ ਜਦੋਂ ਕਿ ਸ਼ਹੀਦ ਏ ਆਜ਼ਮ ਦਾ ਨਾਮ ਹੇਠਾਂ ਛੋਟੇ ਅੱਖਰਾਂ ਵਿੱਚ ਲਿਖਿਆ ਗਿਆ ਜਿਸ ਤੋਂ ਸਾਫ਼ ਹੈ ਕਿ ਸੱਤਾ ਹਾਸਲ ਕਰਨ ਲਈ ਭਗਵੰਤ ਮਾਨ ਨੇ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਅਤੇ ਹੁਣ ਖ਼ੁਦ ਵੱਡਾ ਹੋਣਾ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਏ ਆਜ਼ਮ ਹਮੇਸ਼ਾ ਅਮਰ ਰਹਿਣਗੇ ਪਰੰਤੂ ਨੀਂਹ ਪੱਥਰ ਤੇ ਲਿਖੀ ਇਬਾਰਤ ਨੇ ‘ਆਪ’ ਸਰਕਾਰ ਦੀ ਸੋਚ ਨੂੰ ਦਰਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਤਾ ਤੋਂ ਪਹਿਲਾਂ ਤਾਂ ਭਗਵੰਤ ਮਾਨ ਨੀਂਹ ਪੱਥਰਾਂ ’ਤੇ ਮਜ਼ਦੂਰਾਂ ਦਾ ਨਾਮ ਲਿਖੇ ਜਾਣ ਤੱਕ ਦੀ ਗੱਲ ਕਰਦੇ ਹੁੰਦੇ ਸਨ। ਬਿੱਟੂ ਨੇ ਕਿਹਾ ਕਿ ਅੱਜ ਸਮਾਗਮਾਂ ਵਿਚ ਤਾੜੀਆਂ ਮਾਰਨ ਵਾਲੇ ਵਜ਼ੀਰਾਂ ਨੂੰ ਸ਼ਰਮ ਕਰਨੀ ਚਾਹੀਦੀ ਸੀ ਕਿਉਂਕਿ ਪੱਥਰ ’ਤੇ ਵੱਡੇ ਅੱਖਰਾਂ ’ਚ ਭਗਵੰਤ ਮਾਨ ਦਾ ਨਾਮ ਸੀ ਅਤੇ ਹੇਠਾਂ ਛੋਟੇ ਅੱਖਰਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਮ ਲਿਖਿਆ ਗਿਆ ਸੀ।