ਦੋ ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਉਸਾਰੀਆਂ ਢਾਹੀਆਂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਮਾਰਚ
ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਇੱਥੇ ਗੁਮਟਾਲਾ ਇਲਾਕੇ ਵਿੱਚ ਦੋ ਮੁਲਜ਼ਮਾਂ ਦੀ ਨਸ਼ਿਆਂ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਨਗਰ ਨਿਗਮ ਨੇ ਪੁਲੀਸ ਦੇ ਸਹਿਯੋਗ ਨਾਲ ਢਹਿ-ਢੇਰੀ ਕਰ ਦਿੱਤਾ ਗਿਆ ਹੈ। ਮੌਕੇ ’ਤੇ ਪੁੱਜੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਬਿਲਡਿੰਗ ਅਨਵਰ ਗਿੱਲ ਅਤੇ ਉਸ ਦੇ ਰਿਸ਼ਤੇਦਾਰ ਅਭੀ ਨਾਲ ਸਬੰਧਿਤ ਹੈ, ਜੋ ਇਸ ਵੇਲੇ ਜੇਲ੍ਹ ਵਿੱਚ ਹਨ। ਉਨ੍ਹਾਂ ਦੱਸਿਆ ਕਿ ਅਨਵਰ ਖ਼ਿਲਾਫ਼ ਪੰਜ ਕੇਸ ਹਨ ਜਦੋਂ ਕਿ ਅਭੀ ਖ਼ਿਲਾਫ਼ ਦੋ ਕੇਸ ਦਰਜ ਹਨ। ਇਹ ਕੇਸ ਐੱਨਡੀਪੀਐਸ ਅਤੇ ਅਸਲਾ ਐਕਟ ਨਾਲ ਸਬੰਧਿਤ ਹਨ।
ਉਨ੍ਹਾਂ ਦੱਸਿਆ ਕਿ ਇਹ ਦੋਵੇਂ ਰਿਸ਼ਤੇਦਾਰ ਹਨ ਅਤੇ ਪਿਛਲੇ ਸਮੇਂ ਤੋਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਪੁਲੀਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਨਗਰ ਨਿਗਮ ਵੱਲੋਂ ਅੱਜ ਪੁਲੀਸ ਦੇ ਸਹਿਯੋਗ ਨਾਲ ਇਨ੍ਹਾਂ ਦੀ ਇਹ ਬਿਲਡਿੰਗ ਨੂੰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਇੱਕ ਗਲੋਕ ਪਿਸਤੌਲ ਵੀ ਬਰਾਮਦ ਹੋਇਆ ਸੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਦੇ ਸਬੰਧ ਪਾਕਿਸਤਾਨੀ ਤਸਕਰਾਂ ਨਾਲ ਵੀ ਹਨ। ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਹੋ ਰਹੀ ਤਸਕਰੀ ਵਿੱਚ ਇਨ੍ਹਾਂ ਦਾ ਵੀ ਸਬੰਧ ਹੈ।
ਅੱਜ ਗੁਮਟਾਲਾ ਇਲਾਕੇ ਵਿੱਚ ਜਿਸ ਬਿਲਡਿੰਗ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਹੈ, ਉਹ ਦੋ ਮੰਜ਼ਿਲਾਂ ਇਮਾਰਤ ਹੈ। ਇਸ ਵਾਸਤੇ ਜੇਸੀਬੀ ਮਸ਼ੀਨ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਹੋਰ ਸੰਦਾਂ ਨਾਲ ਵੀ ਕੰਧਾਂ ਆਦਿ ਢਾਹੀਆਂ ਹਨ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਜੋ ਵੀ ਵਿਅਕਤੀ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਹੈ ,ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਗਲਤ ਕੰਮ ਕਰਨ ਵਾਲੇ ਲੋਕ ਮੁੱਖ ਧਾਰਾ ਵਿੱਚ ਆ ਨਹੀਂ ਜਾਂਦੇ ਜਾਂ ਉਹ ਪੰਜਾਬ ਛੱਡ ਕੇ ਪੰਜਾਬ ਤੋਂ ਬਾਹਰ ਚਲੇ ਨਹੀਂ ਜਾਂਦੇ। ਇਸ ਮੌਕੇ ਡੀਸੀਪੀ ਆਲਮ ਵਿਜੇ ਸਿੰਘ, ਸ਼ਿਵਦਰਸ਼ਨ ਸਿੰਘ ਅਤੇ ਹੋਰ ਸੀਨੀਅਰ ਪੁਲੀਸ ਅਧਿਕਾਰੀ ਵੀ ਮੌਕੇ ਉੱਤੇ ਹਾਜ਼ਰ ਸਨ।