ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਰਿਹਾਇਸ਼ ’ਤੇ ਸੀਬੀਆਈ ਦੇ ਛਾਪੇ
ਨਵੀਂ ਦਿੱਲੀ, 26 ਮਾਰਚ
ਸੀਬੀਆਈ ਨੇ 6000 ਕਰੋੜ ਦੇ ਮਹਾਦੇਵ ਐਪ ਘੁਟਾਲੇ ਦੇ ਸਬੰਧ ਵਿਚ ਅੱਜ ਸਵੇਰੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦੀ ਰਿਹਾਇਸ਼ ’ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਦੀਆਂ ਟੀਮਾਂ ਨੇ ਰਾਏਪੁਰ ਅਤੇ ਭਿਲਾਈ ਵਿੱਚ ਬਘੇਲ ਦੇ ਘਰਾਂ ਦੇ ਨਾਲ-ਨਾਲ ਇੱਕ ਸੀਨੀਅਰ ਪੁਲੀਸ ਅਧਿਕਾਰੀ ਅਤੇ ਸਾਬਕਾ ਮੁੱਖ ਮੰਤਰੀ ਦੇ ਇੱਕ ਕਰੀਬੀ ਸਹਿਯੋਗੀ ਦੇ ਘਰਾਂ ’ਤੇ ਵੀ ਦਸਤਕ ਦਿੱਤੀ ਹੈ।
ਸੀਬੀਆਈ ਨੇ ਛੱਤੀਸਗੜ੍ਹ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਤੋਂ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਈਓਡਬਲਿਊ ਨੇ ਪਹਿਲਾਂ ਆਪਣੀ ਐੱਫਆਈਆਰ ਵਿੱਚ ਕਾਂਗਰਸ ਆਗੂ ਬਘੇਲ, ਐਪ ਦੇ ਪ੍ਰਮੋਟਰਾਂ ਰਵੀ ਉੱਪਲ, ਸੌਰਭ ਚੰਦਰਾਕਰ, ਸ਼ੁਭਮ ਸੋਨੀ ਅਤੇ ਅਨਿਲ ਕੁਮਾਰ ਅਗਰਵਾਲ ਅਤੇ 14 ਹੋਰਾਂ ਨੂੰ ਨਾਮਜ਼ਦ ਕੀਤਾ ਸੀ। ਬਘੇਲ ਨੇ ਆਰਥਿਕ ਅਪਰਾਧ ਸ਼ਾਖਾ ਵੱਲੋਂ ਦਰਜ ਐੱਫਆਈਆਰ ਨੂੰ ‘ਸਿਆਸਤ ਤੋਂ ਪ੍ਰੇਰਿਤ’ ਦੱਸਿਆ ਸੀ।
ਐੱਨਫੋਰਸਮੈਂਟ ਡਾਇਰੈਕਟੋਰੇਟ(ਈਡੀ), ਜੋ ਇਸ ਮਾਮਲੇ ਦੀ ਜਾਂਚ ਵੀ ਕਰ ਰਿਹਾ ਹੈ, ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਜਾਂਚ ਵਿੱਚ ਛੱਤੀਸਗੜ੍ਹ ਦੇ ਕਈ ਸਿਖਰਲੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਮਹਾਦੇਵ ਐਪ ਜ਼ਰੀਏ ਗੈਰਕਾਨੂੰਨੀ ਸੱਟੇਬਾਜ਼ੀ ਵੈੱਬਸਾਈਟਾਂ ਲਈ ਨਵੇਂ ਉਪਭੋਗਤਾਵਾਂ ਨੂੰ ਦਰਜ ਕਰਨ, ਉਪਭੋਗਤਾ ਆਈਡੀ ਬਣਾਉਣ ਅਤੇ ‘ਬੇਨਾਮੀ’ ਬੈਂਕ ਖਾਤਿਆਂ ਰਾਹੀਂ ਕਾਲੇ ਪੈਸੇ ਨੂੰ ਸਫ਼ੇਦ ਕਰਨ ਲਈ ਔਨਲਾਈਨ ਪਲੇਟਫਾਰਮਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ। ਈਡੀ ਨੇ ਪਹਿਲਾਂ ਕਿਹਾ ਸੀ ਕਿ ਇਹ ਕਰੀਬ 6,000 ਕਰੋੜ ਰੁਪਏ ਦਾ ਘੁਟਾਲਾ ਹੈ।
ਉਧਰ ਭੂਪੇਸ਼ ਬਘੇਲ ਨੇ ਇਕ ਟਵੀਟ ਵਿਚ ਕਿਹਾ ਕਿ ਉਹ 8 ਤੇ 9 ਅਪਰੈਲ ਨੂੰ ਅਹਿਮਦਾਬਾਦ ਵਿਚ ਹੋਣ ਵਾਲੀ ਏਆਈਸੀਸੀ ਦੀ ਬੈਠਕ ਲਈ ਗਠਿਤ ‘ਖਰੜਾ ਕਮੇਟੀ’ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਉਸ ਤੋਂ ਪਹਿਲਾਂ ਹੀ ਸੀਬੀਆਈ ਰਾਏਪੁਰ ਤੇ ਭਿਲਾਈ ਸਥਿਤ ਰਿਹਾਇਸ਼ਾਂ ’ਤੇ ਪਹੁੰਚ ਗਈ ਹੈ। -ਪੀਟੀਆਈ