CBI Arrests in Bribery Case: ਪਾਵਰ ਗਰਿੱਡ ਕਾਰਪੋਰੇਸ਼ਨ ਦਾ ਸੀਨੀਅਰ GM 2.50 ਲੱਖ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ
ਰਿਸ਼ਵਤ ਦੀ ਰਕਮ ਦੇਣ ਪੁੱਜਾ ਮੁੰਬਈ ਆਧਾਰਤ ਕੇਈਸੀ ਇੰਟਰਨੈਸ਼ਨਲ ਦਾ ਕਾਰਜਕਾਰੀ ਅਧਿਕਾਰੀ ਵੀ ਆਇਆ ਕਾਬੂ
ਨਵੀਂ ਦਿੱਲੀ, 21 ਮਾਰਚ
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੀਬੀਆਈ ਨੇ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ (Power Grid Corporation of India) ਦੇ ਸੀਨੀਅਰ ਜੀਐਮ ਉਦੈ ਕੁਮਾਰ (Uday Kumar, senior GM) ਨੂੰ ਮੁੰਬਈ ਆਧਾਰਤ ਕੇਈਸੀ ਇੰਟਰਨੈਸ਼ਨਲ (Mumbai-based KEC International) ਦੇ ਇੱਕ ਕਾਰਜਕਾਰੀ ਅਧਿਕਾਰੀ ਤੋਂ ਕੰਪਨੀ ਦਾ ਪੱਖ ਪੂਰਨ ਬਦਲੇ 2.5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਰਾਜਸਥਾਨ ਦੇ ਅਜਮੇਰ ਵਿੱਚ ਤਾਇਨਾਤ ਕੁਮਾਰ ਨੂੰ ਵੀਰਵਾਰ ਨੂੰ ਸੀਕਰ ਵਿੱਚ ਕੇਈਸੀ ਇੰਟਰਨੈਸ਼ਨਲ ਦੇ ਸੁਮਨ ਸਿੰਘ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਦੋਵੇਂ ਰਿਸ਼ਵਤ ਦੀ ਰਕਮ ਦੇ ਕਥਿਤ ਲੈਣ-ਦੇਣ ਵਾਸਤੇ ਮਿਲਣ ਲਈ ਸਹਿਮਤ ਹੋਏ ਸਨ।
ਅਧਿਕਾਰੀਆਂ ਨੇ ਕਿਹਾ ਕਿ ਐਫਆਈਆਰ ਵਿੱਚ ਪੰਜ ਵਿਅਕਤੀਆਂ ਅਤੇ ਕੰਪਨੀ ਕੇਈਸੀ ਇੰਟਰਨੈਸ਼ਨਲ ਨੂੰ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਕੇਈਸੀ ਇੰਟਰਨੈਸ਼ਨਲ ਦੇ ਉਪ-ਪ੍ਰਧਾਨ ਅਤੇ ਉੱਤਰੀ ਭਾਰਤ ਦੇ ਮੁਖੀ ਜਬਰਾਜ ਸਿੰਘ ਵੀ ਸੀਬੀਆਈ ਐਫਆਈਆਰ ਵਿੱਚ ਦਰਜ ਮੁਲਜ਼ਮਾਂ ਵਿੱਚ ਸ਼ਾਮਲ ਹਨ। ਕੰਪਨੀ ਵੱਲੋਂ ਤੁਰੰਤ ਕੋਈ ਟਿੱਪਣੀ ਉਪਲਬਧ ਨਹੀਂ ਸੀ। ਪੀਟੀਆਈ