ਜ਼ਿਮਨੀ ਚੋਣ: ਭਾਜਪਾ ਤੇ ਅਕਾਲੀ ਦਲ ਨੇ ਵੀ ਖਿੱਚੀ ਤਿਆਰੀ
ਗਗਨਦੀਪ ਅਰੋੜਾ
ਲੁਧਿਆਣਾ, 24 ਮਾਰਚ
ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਲਗਾਤਾਰ ਮੀਟਿੰਗਾ ਦਾ ਦੌਰਾ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਭਾਜਪਾ ਤੇ ਸ਼੍ਰੋ੍ਮਣੀ ਅਕਾਲੀ ਦਲ ਨੇ ਵੀ ਚੋਣਾਂ ਦੇ ਲਈ ਤਿਆਰੀ ਖਿੱਚ ਦਿੱਤੀ ਹੈ। ਦੋਵੇਂ ਪਾਰਟੀਆਂ ਆਪਣੇ ਪੱਧਰ ’ਤੇ ਮਜ਼ਬੂਤ ਉਮੀਦਵਾਰਾਂ ਦੀ ਭਾਲ ਕਰ ਰਹੀ ਹੈ। ਭਾਜਪਾ ਨੇ ਇਸ ਦੇ ਲਈ ਆਪਣੀ ਇੱਕ ਕਮੇਟੀ ਬਣਾ ਦਿੱਤੀ ਹੈ, ਜੋ ਉਮੀਦਵਾਰਾਂ ਦੀ ਇੰਟਰਵਿਊ ਲੈਣਗੇ। ਸ਼੍ਰੋੋਮਣੀ ਅਕਾਲੀ ਦਲ ਨੇ ਵੀ ਹਲਕਾ ਪੱਛਮੀ ਲਈ ਉਮੀਦਵਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਜਨਵਰੀ ਮਹੀਨੇ ਵਿੱਚ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਸ ਸੀਟ ਨੂੰ ਖਾਲੀ ਐਲਾਨ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਵਦਾਰ ਐਲਾਨ ਦਿੱਤਾ ਸੀ। ਜੋ ਲਗਾਤਾਰ ਮੀਟਿੰਗਾਂ ਤੇ ਉਦਘਾਟਨ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਚੋਣ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਆਸ਼ੂ ਤਾਂ ਲਗਾਤਾਰ ਹਰ ਵਾਰਡ ਵਿੱਚ ਮੀਟਿੰਗਾਂ ਕਰ ਰਹੇ ਹਨ। ਆਸ਼ੂ ਰੋਜ਼ਾਨਾਂ 5 ਤੋਂ 10 ਮੀਟਿੰਗਾਂ ਕਰ ਰਹੇ ਹਨ।
ਭਾਜਪਾ ਵੱਲੋਂ ਮਜ਼ਬੂਤ ਹਿੰਦੂ ਚਿਹਰੇ ਦੀ ਤਲਾਸ਼
ਭਾਜਪਾ ਵੱਲੋਂ ਇਸ ਹਲਕੇ ਵਿੱਚ ਮਜ਼ਬੂਤ ਹਿੰਦੂ ਚਿਹਰੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਭਾਜਪਾ ਨੂੰ ਇਸ ਹਲਕੇ ਤੋਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਸਨ। ਭਾਜਪਾ ਉਥੋਂ ਹਿੰਦੂ ਚੇਹਰੇ ਦੀ ਤਲਾਸ਼ ਕਰ ਰਹੀ ਹੈ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਵਿੱਚ ਪਈਆਂ ਵੋਟਾਂ ਨੂੰ ਦੁਬਾਰਾ ਆਪਣੇ ਵੱਲ ਖਿੱਚਣਾ ਚਾਹੁੰਦੇ ਹਨ। ਭਾਜਪਾ ਨੇ ਮਜ਼ਬੂਤ ਉਮੀਦਵਾਰ ਦੀ ਭਾਲ ਲਈ ਕਮੇਟੀ ਬਣਾ ਦਿੱਤੀ ਹੈ, ਜਿਸ ਨੇ ਲੁਧਿਆਣਾ ਵਿੱਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।
ਸ਼੍ਰੋੋਮਣੀ ਅਕਾਲੀ ਦਲ ਦੇ ਆਗੂਆਂ ਨੇ ਲੋਕਾਂ ਨਾਲ ਸੰਪਰਕ ਵਧਾਇਆ
ਸ਼੍ਰੋੋਮਣੀ ਅਕਾਲੀ ਦਲ ਨੇ ਵੀ ਇਸ ਹਲਕੇ ਵਿੱਚ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ। ਅਕਾਲੀ ਦਲ ਨੇਵੀ ਅੰਦਰ ਖਾਤੇ ਮੀਟਿੰਗਾਂ ਸ਼ੁਰੂ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਨੇ ਵੀ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਕਾਲੀ ਦਲ ਨੇ ਵੀ ਇਥੋਂ ਆਪਣੇ ਲੋਕਲ ਆਗੂਆਂ ਨੂੰ ਚੋਣ ਲੜਨ ਲਈ ਤਿਆਰੀ ਕਰਨ ਲਈ ਕਹਿ ਦਿੱਤਾ ਹੈ।