ਬਜਟ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ: ਕਾਦੀਆਂ
ਲੁਧਿਆਣਾ, 26 ਮਾਰਚ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਪੰਜਾਬ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਬਜਟ ਨੂੰ ਕਿਸਾਨਾਂ ਨਾਲ ਇੱਕ ਵੱਡਾ ਧੋਖਾ ਕਰਾਰ ਦਿੱਤਾ ਹੈ। ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਸੂਬਾ ਪ੍ਰਧਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਜੋ ਬਜਟ ਪੇਸ਼ ਕੀਤਾ ਗਿਆ ਹੈ ਉਸ ਵਿੱਚ ਕਿਸਾਨਾਂ ਲਈ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਉਪਰ ਪੀੜ੍ਹੀ ਦਰ ਪੀੜ੍ਹੀ ਚੜਿਆ ਫ਼ਸਲੀ ਕਰਜ਼ਾ ਪਿੰਡ ਦੀਆਂ ਸਹਿਕਾਰੀ ਸੰਸਥਾਵਾਂ ਅਤੇ ਬੈਂਕਾਂ ਤੋਂ ਜ਼ਮੀਨ ਗਿਰਵੀ ਰੱਖ ਕੇ ਲਿਆ ਜਾਂਦਾ ਹੈ, ਇਸ ਕਰਜ਼ੇ ਦੀ ਮਾਫ਼ੀ ਲਈ ਇੱਕ ਵੀ ਰੁਪਏ ਦਾ ਕੋਈ ਵੀ ਅਲਾਟਮੈਂਟ ਇਸ ਬਜਟ ਵਿੱਚ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੋ ਸਾਲ ਪਹਿਲਾਂ ਪੰਜਾਬ ਦੇ ਕਿਸਾਨਾਂ ਲਈ ਫ਼ਸਲੀ ਬੀਮਾ ਯੋਜਨਾ ਨੂੰ ਅਮਲ ਵਿੱਚ ਲਿਆਉਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਵੀ ਬਜਟ ਵਿੱਚ ਕੋਈ ਜ਼ਿਕਰ ਨਹੀਂ ਹੈ।
ਉਨ੍ਹਾਂ ਦੱਸਿਆ ਕਿਹਾ ਕਿ ਸਾਡੇ ਗੁਆਂਢੀ ਸੂਬਿਆਂ ਰਾਜਸਥਾਨ ਵਿੱਚ 175 ਰੁਪਏ ਅਤੇ ਮੱਧ ਪ੍ਰਦੇਸ਼ ਵਿੱਚ 150 ਰੁਪਏ ਕਣਕ ਉਪਰ ਕਿਸਾਨਾਂ ਨੂੰ ਬੋਨਸ ਦਿੱਤਾ ਜਾ ਰਿਹਾ ਹੈ। ਇਹ ਬੋਨਸ ਐੱਮਐੱਸਪੀ ਤੋਂ ਇਲਾਵਾ ਹੈ। ਉਨ੍ਹਾਂ ਕਿਹਾ ਕਿ ਕਣਕ ਉਪਰ ਐਮਐਸਪੀ ਦਾ ਰੇਟ ਤਾਂ ਮਿਲ ਰਿਹਾ ਹੈ ਅਤੇ ਇਸ ਦੇ ਉਪਰ ਬੋਨਸ ਰੇਟ ਵੀ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਤੌਰ ਤੇ ਮਿਲ ਰਿਹਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਇੱਕ ਰੁਪਏ ਦਾ ਵੀ ਬੋਨਸ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਕਣਕ ਦੀ ਫ਼ਸਲ ਮਾਰਕੀਟ ਵਿੱਚ 3250 ਰੁਪਏ ਪ੍ਰਤੀ ਕੁਵਿੰਟਲ ਦੇ ਭਾਅ ਨਾਲ ਵਿਕ ਰਹੀ ਹੈ ਜੋ ਕਿ ਐਮਐਸਪੀ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਫ਼ਸਲੀ ਵਿਭਿੰਨਤਾ ਨੂੰ ਲਾਗੂ ਕਰਨ ਲਈ ਬੜੇ ਸਾਰੇ ਦਾਅਵੇ ਕਰਦੀ ਹੈ ਜਦਕਿ ਅਸਲ ਵਿੱਚ ਫਸਲੀ ਵਿਭਿੰਨਤਾ ਦਾ ਬਹੁਤ ਵੱਡਾ ਪ੍ਰਤੀਕ ਬੰਦ ਪਈਆਂ ਚੀਨੀ ਦੀਆਂ ਮਿੱਲਾਂ ਦੀ ਸੁਰਜੀਤੀ ਲਈ ਇੱਕ ਰੁਪਏ ਦੀ ਵੀ ਅਲਾਟਮੈਂਟ ਨਹੀਂ ਹੋਈ। ਉਨ੍ਹਾਂ ਸਵਾਲ ਕੀਤਾ ਕਿ ਇਹ ਕਿਹੋ ਜਿਹੀ ਫ਼ਸਲੀ ਵਿਭਿੰਨਤਾ ਹੈ ਜਿਸਦਾ ਬਜਟ ਵਿੱਚ ਕੋਈ ਵੀ ਜ਼ਿਕਰ ਨਹੀਂ ਹੈ।