ਖੰਨਾ ਕੌਂਸਲ ਦੀ ਮੀਟਿੰਗ ’ਚ ਸਮੱਸਿਆਵਾਂ ਵਿਚਾਰੀਆਂ
ਨਿੱਜੀ ਪੱਤਰ ਪ੍ਰੇਰਕ
ਖੰਨਾ, 29 ਮਾਰਚ
ਨਗਰ ਕੌਂਸਲ ਖੰਨਾ ਦੀ ਬਜਟ ਮੀਟਿੰਗ ਅੱਜ ਇਥੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਅਗਵਾਈ ਹੇਠ ਹੋਈ ਜਿਸ ਵਿਚ ਕੂੜੇ ਦੇ ਡੰਪ ਦੇ ਰੈਮੀਡੀਏਸ਼ਨ ਅਤੇ ਪ੍ਰਧਾਨ ਲੱਧੜ ਦੀ ਗੱਡੀ ਖੋਹੇ ਜਾਣ ਨੂੰ ਲੈ ਕੇ ਹੰਗਾਮਾ ਹੋਇਆ। ਇਸ ਦੌਰਾਨ ਕੌਂਸਲਰ ਕੂੜਾ ਨਿਪਟਾਰੇ ਦੇ 4 ਕਰੋੜ ਦੇ ਟੈਂਡਰ ਤੇ ਘਪਲਾ ਕਰਨ ਦੇ ਦੋਸ਼ ਲਾਉਂਦੇ ਰਹੇ ਪ੍ਰਤੂੰ ਅਧਿਕਾਰੀਆਂ ਵੱਲੋਂ ਕੋਈ ਠੋਸ ਜਵਾਬ ਨਹੀਂ ਮਿਲਿਆ। ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਈਓ ਚਰਨਜੀਤ ਸਿੰਘ ਨੂੰ ਕਿਹਾ ਕਿ ਪਿਛਲੀ ਮੀਟਿੰਗ ਵਿਚ ਤੁਸੀਂ ਐਨਜੀਟੀ ਦਾ ਨਾਂਅ ਲੈ ਕੇ ਕੂੜੇ ਦੇ ਰੈਮੀਡੇਸ਼ਨ ਦਾ ਮਤਾ ਆਊਟ ਆਫ਼ ਏਜੰਡਾ ਲੈ ਕੇ ਆਏ ਸੀ ਇਸ ਵਾਰ ਇਹ ਏਜੰਡੇ ਵਿਚ ਕਿਉਂ ਨਹੀਂ ਲਿਆਂਦਾ ਗਿਆ ਜਦਕਿ ਰੈਮੀਡੇਸ਼ਨ ਦੇ ਨਾਂ ’ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਹਿਰ ਦਾ ਕਰੋੜਾਂ ਰੁਪਇਆ ਕੰਪਨੀ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡੰਪ ਤੇ ਜਾ ਕੇ ਦੇਖਿਆ ਜਾਵੇ ਤਾਂ ਉੱਥੇ ਵੱਡੀ ਮਿਕਦਾਰ ਵਿਚ ਕੂੜਾ ਪਿਆ ਹੈ ਪਰ ਅਧਿਕਾਰੀ ਕੰਪਨੀ ਨੂੰ ਪੈਸੇ ਦੇਣ ਲਈ ਕਾਹਲੇ ਪਏ ਹਨ।
ਅਧਿਕਾਰੀਆਂ ਵੱਲੋਂ ਸੈਨੀਟੇਸ਼ਨ ਬ੍ਰਾਂਚ ਦੇ ਇਕ ਅਧਿਕਾਰੀ ਤੇ ਬਿੱਲ ਬਣਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਦੋਂ ਕਿ ਉਸ ਨੇ ਬਿੱਲ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕੂੜੇ ਤੋਂ ਖਾਦ ਬਣਾਉਣ ਲਈ ਪਿੱਟਾਂ ਬਣਾਉਣ ਦਾ ਠੇਕਾ ਬਿਨ੍ਹਾਂ ਕਿਸੇ ਪ੍ਰਵਾਨਗੀ ਤੋਂ ਆਪਣੇ ਚਹੇਤੇ ਠੇਕੇਦਾਰ ਨੂੰ ਦੇ ਕੇ ਲੱਖਾਂ ਰੁਪਏ ਦਾ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਹੈ। ਸੈਨੇਟਰੀ ਇੰਸਪੈਕਟਰ ਸਵਿਤਾ ਜੋਸ਼ੀ ਨੇ ਕਿਹਾ ਕਿ ਜਦੋਂ ਬਿੱਲ ਬਣੇ ਤਾਂ ਉਨ੍ਹਾਂ ਕੋਲ ਚਾਰਜ ਨਹੀਂ ਸੀ। ਈਓ ਚਰਨਜੀਤ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਸਰਵੇ ਕਰਵਾਇਆ ਗਿਆ ਸੀ, ਜਿਸ ਉਪਰੰਤ ਕੂੜੇ ਦੇ ਰੈਮੀਡੇਸ਼ਨ ਲਈ ਇਕ ਹੋਰ ਮਤਾ ਲਿਆਂਦਾ ਗਿਆ ਸੀ। ਉਨ੍ਹਾਂ ਵੱਲੋਂ ਸਾਰਾ ਕੰਮ ਸਹੀ ਕੀਤਾ ਗਿਆ ਸੀ।
ਕੌਂਸਲਰ ਪਰਮਪ੍ਰੀਤ ਸਿੰਘ ਨੇ ਕਿਹਾ ਕਿ ਫਾਇਰ ਸਾਖਾ ਲਈ 10 ਫਾਇਰ ਫਾਈਟਰ ਮੋਟਰ ਸਾਈਕਲ ਖ੍ਰੀਦ ਕਰਨ ਦਾ ਮਤਾ ਪਾਸ ਨਾ ਕੀਤਾ ਜਾਵੇ ਕਿਉਂਕਿ ਮੋਟਰ ਸਾਈਕਲ ਖ੍ਰੀਦਣ ਤੇ 1 ਕਰੋੜ 35 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਇਸ ਉਪਰੰਤ ਡਰਾਈਵਰ ਰੱਖਣ, ਤੇਲ ਆਦਿ ਤੇ ਖਰਚ ਹੋਣ ਨਾਲ ਹਰ ਮਹੀਨੇ 3 ਲੱਖ ਰੁਪਏ ਖਰਚ ਆਵੇਗਾ। ਅਧਿਕਾਰੀ ਪਹਿਲਾਂ ਕੌਂਸਲਰਾਂ ਨੂੰ ਪਹਿਲਾਂ ਡੈਮੋ ਦੇ ਕੇ ਪੂਰੀ ਜਾਣਕਾਰੀ ਦੇਣ, ਫ਼ਿਰ ਅਜਿਹਾ ਕੋਈ ਕਦਮ ਪੁੱਟਿਆ ਜਾਵੇ। ਉਨ੍ਹਾਂ ਅਮਲੋਹ ਰੋਡ ਤੇ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਟਾਈਲਾਂ ਲਗਾ ਕੇ ਸੜਕ ਚੌੜੀ ਕਰਨ ਦੀ ਮੰਗ ਕੀਤੀ। ਕੌਂਸਲਰ ਸੁਖਮਨਜੀਤ ਸਿੰਘ ਨੇ ਗੰਦੇ ਪਾਣੀ ਦੀ ਬੋਤਲ ਦਿਖਾਉਂਦਿਆਂ ਕਿਹਾ ਕਿ ਛੋਟਾ ਖੰਨਾ ਇਲਾਕੇ ਦੇ ਪਾਣੀ ਵਿਚ ਗੋਹਾ ਆ ਰਿਹਾ ਹੈ ਜਿਸ ਦੀ ਜਾਂਚ ਕਰਵਾ ਕੇ ਲੋਕਾਂ ਦੀ ਸਮੱਸਿਆ ਜਲਦ ਦੂਰ ਕੀਤੀ ਜਾਵੇ। ਕੌਂਸਲਰ ਰੂਬੀ ਭਾਟੀਆ ਅਤੇ ਸੁਰਿੰਦਰ ਮਿੱਢਾ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚ ਸੀਵਰੇਜ ਸਮੱਸਿਆ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਾਰਡ ਪੁਰਾਣਾ ਹੋਣ ਕਾਰਨ ਇਸ ਇਲਾਕੇ ਦੀਆਂ ਗਲੀਆਂ ਭੀੜੀਆਂ ਹਨ ਇਸ ਲਈ ਕੋਈ ਛੋਟੀ ਮਸ਼ੀਨਰੀ ਦਾ ਹੱਲ ਕਰਕੇ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇ। ਕੌਂਸਲਰ ਅਮਰੀਸ਼ ਕਾਲੀਆ ਨੇ ਕਿਹਾ ਕਿ ਕੌਂਸਲ ਪ੍ਰਧਾਨ ਲੱਧੜ ਪਿਛਲੇ 7 ਮਹੀਨੇ ਤੋਂ ਸਕੂਟਰ ਤੇ ਦਫ਼ਤਰ ਆ ਰਹੇ ਹਨ, ਉਨ੍ਹਾਂ ਦੀ ਖੋਹੀ ਸਰਕਾਰੀ ਗੱਡੀ ਤੁਰੰਤ ਵਾਪਸ ਦਿੱਤੀ ਜਾਵੇ।
ਅੰਤ ਵਿਚ ਪ੍ਰਧਾਨ ਲੱਧੜ ਨੇ ਕਿਹਾ ਕਿ ਉਹ ਹਮੇਸ਼ਾਂ ਸਾਰੇ ਕੌਂਸਲਰਾਂ ਦੀ ਗੱਲ ਸੁਣਦੇ ਹਨ ਅਤੇ ਜਲਦ ਹੀ ਅੱਜ ਦੀ ਮੀਟਿੰਗ ਵਿਚ ਉਠਾਈਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ 15 ਕਰੋੜ ਰੁਪਏ ਦੇ ਟੈਂਡਰ ਲਾਏ ਜਾ ਰਹੇ ਹਨ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।