ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਰਗ ’ਚ ਪੀਣ ਵਾਲੇ ਦੂਸ਼ਿਤ ਪਾਣੀ ਦਾ ਮਸਲਾ ਜਿਉਂ ਦਾ ਤਿਉਂ

07:15 AM Apr 01, 2025 IST
featuredImage featuredImage
ਜਰਗ ਵਿੱਚ ਦੂਸ਼ਿਤ ਪਾਣੀ ਦੀ ਸਮੱਸਿਆ ਬਾਰੇ ਗੱਲਬਾਤ ਕਰਦੇ ਹੋਏ ਅਮਿਤੋਜ ਮਾਨ।

ਜਰਗ ਵਿੱਚ ਬਿਮਾਰੀਆਂ ਫੈਲਣ ਦੀ ਉਡੀਕ ਕਰ ਰਹੀ ਹੈ ਸਰਕਾਰ: ਅਮਿਤੋਜ ਮਾਨ
ਦੇਵਿੰਦਰ ਸਿੰਘ ਜੱਗੀ

Advertisement

ਪਾਇਲ, 31 ਮਾਰਚ
ਪਿੰਡ ਜਰਗ ਵਿੱਚ ਕਰੀਬ ਇੱਕ ਮਹੀਨਾ ਪਹਿਲਾ ਪ੍ਰਵਾਸੀ ਭਰਾਵਾਂ ਤੇ ਪਿੰਡ ਵਾਸੀਆਂ ਵੱਲੋਂ ਟੋਭੇ ਦੇ ਗੰਦੇ ਪਾਣੀ ਕਾਰਨ ਆਲੇ ਦੁਆਲੇ ਦੇ ਘਰਾਂ ਦਾ ਪਾਣੀ ਪੀਣ ਯੋਗ ਨਾ ਰਹਿਣ ਕਾਰਨ ਦੂਸ਼ਿਤ ਹੋਏ ਪਾਣੀ ਦਾ ਮਾਮਲਾ ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਤੇ ਹਲਕਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਹਾਲੇ ਤੱਕ ਇਸ ਸਬੰਧ ਵਿੱਚ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।
ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਸਬੰਧੀ ਮਸਲੇ ਦਾ ਹੱਲ ਨਾ ਹੋਣ ਦੇ ਰੋਸ ਵਜੋਂ ਅੱਜ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਮੀਤੋਜ ਮਾਨ ਤੇ ਲੱਖਾ ਸਿਧਾਣਾ ਵਿਸ਼ੇਸ ਤੌਰ ’ਤੇ ਪੁੱਜੇ।
ਇਸ ਮੌਕੇ ਸਾਬਕਾ ਸਰਪੰਚ ਹਰਮਿੰਦਰ ਸਿੰਘ ਯੂਐੱਸਏ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਵਿੱਚ ਪੀਣ ਯੋਗ ਪਾਣੀ ਨਾ ਹੋਣ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਕੰਢਿਆ ਜਾਵੇ। ਇਸ ਸਬੰਧੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੈਂਪਲ ਰਿਪੋਰਟ ਅਨੁਸਾਰ ਪਿੰਡ ਵਿੱਚ ਘਰਾਂ ’ਚ ਲੱਗੀਆਂ ਹੋਈਆਂ ਸਬਮਰਸਿਬਲ ਮੋਟਰਾਂ ਦਾ ਪਾਣੀ ਦੂਸ਼ਿਤ ਹੈ ਤੇ ਬਿਲਕੁਲ ਵੀ ਪੀਣ ਯੋਗ ਨਹੀਂ ਹੈ। ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਪਾਣੀ ਨੂੰ ਪੀਣ ਨਾਲ ਕੈਂਸਰ, ਕਾਲਾ ਪੀਲੀਆਂ ਤੇ ਹੋਰ ਭਿਆਨਕ ਬੀਮਾਰੀਆਂ ਹੋ ਸਕਦੀਆਂ ਹਨ। ਹਾਲਾਂਕਿ ਰਿਪੋਰਟ ਆਉਣ ਤੋਂ ਪਹਿਲਾਂ ਹੀ ਪਿੰਡ ਵਿੱਚ ਇਨ੍ਹਾਂ ਨਾਮੁਰਾਦ ਬਿਮਾਰੀਆਂ ਕਾਰਨ ਕਈ ਜਾਨਾਂ ਜਾ ਚੁੱਕੀਆਂ ਹਨ।

ਇਸ ਮੌਕੇ ਅਮਿਤੋਜ ਮਾਨ ਨੇ ਪਿੰਡ ਦੇ ਪੀਣ ਵਾਲੇ ਪਾਣੀ ਦਾ ਟੀਡੀਐੱਸ ਚੈੱਕ ਕਰਦਿਆਂ ਕਿਹਾ ਕਿ ਸਰਕਾਰ ਜਰਗ ਵਿੱਚ ਬਿਮਾਰੀਆਂ ਫੈਲਣ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ’ਚ ਚੱਲ ਰਹੀਆਂ ਸਨਅਤਾਂ ਦੇ ਮਾਲਕ ਫੈਕਟਰੀਆਂ ਦਾ ਦੂਸ਼ਿਤ ਪਾਣੀ ਸਿੱਧਾ ਜ਼ਮੀਨ ਵਿੱਚ ਪਾ ਰਹੇ ਹਨ, ਜਿਸ ਕਰਕੇ ਅੱਜ ਇਹ ਸਥਿਤੀ ਖੜ੍ਹੀ ਹੋਈ ਹੈ ਪਰ ਸੂਬਾ ਸਰਕਾਰ ਇਨ੍ਹਾਂ ਸਨਅਤਕਾਰਾਂ ਨੂੰ ਛੋਟਾਂ ਦੇਣ ਤੇ ਉਨ੍ਹਾਂ ਦੇ ਹੱਕ ਵਿੱਚ ਕਾਨੂੰਨ ਪਾਸ ਕਰਨ ’ਚ ਰੁੱਝੀ ਹੋਈ ਹੈ। ਉਨ੍ਹਾਂ ਕਿਹ ਕਿ ਪਿੰਡ ਵਿੱਚ ਹੋਈਆਂ ਮੌਤਾਂ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਰਿਹਾ ਤੇ ਇਨ੍ਹਾਂ ਸਨਅਤਾਂ ’ਤੇ ਕੋਈ ਰੋਕ ਨਹੀਂ ਲਾਈ ਜਾ ਰਹੀ। ਉਨ੍ਹਾਂ ਅਪੀਲ ਕੀਤੀ ਕਿ ਇਲਾਕੇ ਦੇ ਸਿਆਸਤਦਾਨ ਪਾਰਟੀਬਾਜ਼ੀ ਛੱਡ ਕੇ ਪਹਿਲ ਦੇ ਆਧਾਰ ’ਤੇ ਜਰਗ ਵਾਸੀਆਂ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਕੰਢਣ।

Advertisement

ਪ੍ਰਵਾਸੀ ਪੰਜਾਬੀ ਜਸਪ੍ਰੀਤ ਸਿੰਘ ਜੱਸੀ ਕੈਨੇਡਾ ਤੇ ਗੰਦੇ ਪਾਣੀ ਤੋਂ ਪੀੜਤ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਦੋ ਟੋਭਿਆਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਡੂੰਘਾ ਕੀਤਾ ਗਿਆ, ਜਿਸ ਕਾਰਨ ਧਰਤੀ ਹੇਠਲੇ ਪਾਣੀ ਵਿੱਚ ਦੂਸ਼ਿਤ ਪਾਣੀ ਮਿਲ ਗਿਆ ਤੇ ਘਰਾਂ ਵਿੱਚ ਲੱਗੀਆਂ ਸਬਮਰਸੀਬਲ ਮੋਟਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਇਸ ਕਾਰਨ ਲੋਕਾਂ ਨੂੰ ਬਾਹਰੋਂ ਲਿਆ ਕੇ ਪਾਣੀ ਪੀਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਪਾਣੀ ਨਾ ਪੀਣ ਯੋਗ ਦੱਸਿਆ ਗਿਆ ਤੇ ਘਰਾਂ ਦੇ ਦਰਵਾਜ਼ੇ ’ਤੇ ਨੋਟਿਸ ਵੀ ਚਿਪਕਾਏ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਦਾ ਮਾਮਲਾ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਲੁਧਿਆਣਾ, ਐੱਸਡੀਐੱਮ ਪਾਇਲ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਨੂੰ ਵੀ ਲਿਖਤੀ ਦਰਖਾਸਤਾਂ ਭੇਜੀਆਂ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਸਮੇਂ ਭਵਨਦੀਪ ਸਿੰਘ ਮੰਡੇਰ, ਰਾਜਵਿੰਦਰ ਸਿੰਘ, ਸ਼ਾਹ ਨਿਵਾਜ ਖਾਂ ਬਿੱਲੀ, ਗੁਰਿੰਦਰ ਸਿੰਘ ਬੈਨੀਪਾਲ ਕੈਨੇਡਾ, ਪੰਚ ਜਸਵੀਰ ਸਿੰਘ ਗੀਗਾ, ਪਟਵਾਰੀ ਹਰਬੰਤ ਸਿੰਘ, ਹਰਪੁਨੀਤ ਮੰਡੇਰ, ਚਰਨਜੀਤ ਸਿੰਘ ਚੰਨੀ, ਬੇਅੰਤ ਸਿੰਘ, ਫਤਿਹ ਸਿੰਘ ਜਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਸਨਅਤਕਾਰਾਂ ਲਈ ਐਲਾਨਿਆ ਜੁਰਮਾਨਾ ਖਾਨਾਪੂਰਤੀ: ਲੱਖਾ ਸਿਧਾਣਾ

ਗੰਦੇ ਪਾਣੀ ਦੇ ਮਸਲੇ ’ਤੇ ਬੋਲਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਉਹ ਪਾਣੀ ਨੂੰ ਬਚਾਉਣ ਖਾਤਰ ਲੰਮੇ ਸਮੇਂ ਤੋਂ ਹੋਕਾ ਦੇ ਰਿਹਾ ਪਰ ਕਿਸੇ ਨੇ ਕੋਈ ਸੁਣਵਾਈ ਨੀ ਕੀਤੀ। ਅੱਜ ਪਿੰਡਾਂ ਵਿੱਚ ਕੈਂਸਰ, ਕਾਲਾ ਪੀਲੀਆਂ ਤੇ ਹੋਰ ਭਿਆਨਕ ਬੀਮਾਰੀਆਂ ਫੈਲ ਰਹੀਆਂ ਹਨ ਪਰ ਪਾਰਟੀਬਾਜ਼ੀ ਤੇ ਧੜੇਬੰਦੀ ਕਾਰਨ ਲੋਕਾਂ ਨੇ ਚੁੱਪ ਧਾਰੀ ਹੋਈ ਹੈ, ਜਿਸ ਕਰਕੇ ਪੀਣ ਵਾਲੇ ਪਾਣੀ ਦਾ ਮੁੱਦਾ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਸੂਬਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਖ਼ਿਲਾਫ਼ ਕਾਨੂੰਨ ਸੋਧ ਬਿੱਲ ਪਾਸ ਕਰ ਕੇ 12 ਤੋਂ 15 ਲੱਖ ਤੱਕ ਦਾ ਜੁਰਮਾਨਾ ਐਲਾਨਿਆ ਗਿਆ ਹੈ, ਜੋ ਸੂਬਾ ਸਰਕਾਰ ਦੀ ਪਾਣੀ ਪ੍ਰਤੀ ਕਾਰਗੁਜ਼ਾਰੀ ’ਤੇ ਸਵਾਲੀਆਂ ਚਿੰਨ੍ਹ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਦਾ ਹੱਥ ਠੋਕਾ ਬਣ ਗਿਆ ਹੈ।

ਕੈਪਸ਼ਨ: ਜਰਗ ਵਿੱਚ ਦੂਸ਼ਿਤ ਪਾਣੀ ਦੀ ਸਮੱਸਿਆ ਬਾਰੇ ਗੱਲਬਾਤ ਕਰਦੇ ਹੋਏ ਅਮਿਤੋਜ ਮਾਨ।

Advertisement