ਬਾਡੀ ਬਿਲਡਰ ਦੇ ਪਰਿਵਾਰ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਸਸਕਾਰ ਤੋਂ ਇਨਕਾਰ
ਆਤਮਹੱਤਿਆ ਲਈ ਮਜਬੂਰ ਕਰਨ ਅਤੇ ਧਮਕੀਆਂ ਦੇਣ ਦਾ ਕੇਸ ਕਰਜ
ਸੰਤੋਖ ਗਿੱਲ
ਗੁਰੂਸਰ ਸੁਧਾਰ, 31 ਮਾਰਚ
ਖ਼ੁਦਕੁਸ਼ੀ ਕਰਨ ਵਾਲੇ ਬਾਊਂਸਰ ਪਵਨਪ੍ਰੀਤ ਸਿੰਘ ਦੇ ਪਰਿਵਾਰ ਨੇ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਦੇਰ ਸ਼ਾਮ ਚੰਡੀਗੜ੍ਹ ਵਿੱਚ ਪੋਸਟਮਾਰਟਮ ਤੋਂ ਬਾਅਦ ਪਵਨਪ੍ਰੀਤ ਸਿੰਘ ਦੀ ਲਾਸ਼ ਨੂੰ ਜੱਦੀ ਪਿੰਡ ਮੁੱਲਾਂਪੁਰ ਲਿਆਂਦਾ ਗਿਆ। ਪਰਿਵਾਰ ਨੇ ਹਾਲ ਦੀ ਘੜੀ ਲਾਸ਼ ਨੂੰ ਮੁਰਦਾ ਘਰ ਵਿੱਚ ਸੰਭਾਲ ਲਿਆ ਹੈ।
ਥਾਣਾ ਸੁਧਾਰ ਪੁਲੀਸ ਨੇ ਪਵਨਪ੍ਰੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਵਾਸੀ ਪਿੰਡ ਮੁੱਲਾਂਪੁਰ ਦੀ ਸ਼ਿਕਾਇਤ ’ਤੇ ਪ੍ਰੇਮਿਕਾ ਕਿਰਨਦੀਪ ਕੌਰ, ਉਸ ਦੇ ਪਿਤਾ ਰਜਿੰਦਰ ਸਿੰਘ ਰਾਜਾ, ਭਰਾ ਗੁਰਚਰਨ ਸਿੰਘ ਚੰਨਾ, ਦੋਵੇਂ ਭੈਣਾਂ ਦੀਪ ਅਤੇ ਬੱਬੂ, ਮਾਂ ਸਮੇਤ ਹਲਵਾਰਾ ਦੇ ਮੌਜੂਦਾ ਸਰਪੰਚ ਸੁਖਵਿੰਦਰ ਸਿੰਘ ਅਤੇ ਪਿੰਡ ਮੁੱਲਾਂਪੁਰ ਦੇ ਪਟਵਾਰੀ ਕੁਲਦੀਪ ਸਿੰਘ ਖ਼ਿਲਾਫ਼ ਆਤਮਹੱਤਿਆ ਲਈ ਮਜਬੂਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।
ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਬੀਤੀ ਰਾਤ ਤੋਂ ਹੀ ਛਾਪੇਮਾਰੀ ਜਾਰੀ ਹੈ ਪਰ ਸਾਰੇ ਮੁਲਜ਼ਮ ਫ਼ਰਾਰ ਹਨ। ਜਸਵਿੰਦਰ ਸਿੰਘ ਨੇ ਪੀੜਤ ਪਰਿਵਾਰ ਨੂੰ ਮ੍ਰਿਤਕ ਪਵਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਦੀ ਅਪੀਲ ਕਰਦਿਆਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।