ਮਸਜਿਦ ਬਾਹਰ ਦੋ ਧਿਰਾਂ ਦਰਮਿਆਨ ਇੱਟਾਂ-ਰੋੜੇ ਚੱਲੇ, ਦਸ ਜ਼ਖ਼ਮੀ
ਗਗਨਦੀਪ ਅਰੋੜਾ
ਲੁਧਿਆਣਾ, 15 ਮਾਰਚ
ਹੋਲੀ ਮੌਕੇ ਸਨਅਤੀ ਸ਼ਹਿਰ ਦੀ ਬਿਹਾਰੀ ਕਲੋਨੀ ਸਥਿਤ ਮਸਜਿਦ ਨੇੜੇ ਦੋ ਧਿਰਾਂ ਦਰਮਿਆਨ ਇੱਟਾਂ ਤੇ ਪੱਥਰ ਚੱਲੇ। ਇੱਕ ਧਿਰ ਨੇ ਦੋਸ਼ ਲਾਇਆ ਕਿ ਨਮਾਜ਼ ਮੌਕੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ, ਜਦਕਿ ਦੂਜੀ ਧਿਰ ਨੇ ਦੋਸ਼ ਲਾਇਆ ਕਿ ਮਸਜਿਦ ਅੰਦਰੋਂ ਪਥਰਾਅ ਹੋਇਆ ਹੈ। ਇਸ ਦੌਰਾਨ ਦੋਵਾਂ ਧਿਰਾਂ ਦੇ ਕਰੀਬ ਦਸ ਜਣੇ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਨੇ ਧਾਰਮਿਕ ਸਥਾਨ ਦੀਆਂ ਖਿੜਕੀਆਂ ਵੀ ਤੋੜ ਦਿੱਤੀਆਂ। ਸੂਚਨਾ ਮਿਲਦੇ ਹੀ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਵੀ ਦੇਰ ਰਾਤ ਪੁੱਜੇ। ਉਨ੍ਹਾਂ ਪੁਲੀਸ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਧਾਰਮਿਕ ਸਥਾਨ ’ਤੇ ਹਮਲਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੰਜਾਬ ਦੀਆਂ ਸੜਕਾਂ ਜਾਮ ਕਰ ਦੇਣਗੇ। ਇਸ ਤੋਂ ਬਾਅਦ ਪੁਲੀਸ ਨੇ 35 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਸ ਤੋਂ ਬਾਅਦ ਪੁਲੀਸ ਨੇ ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਬਿਲਾਲ ਮਸਜਿਦ ਮੀਆਂ ਮਾਰਕੀਟ ਨੇੜੇ ਸਥਿਤ ਹੈ। ਉੱਥੋਂ ਕੁਝ ਦੂਰੀ ’ਤੇ ਕੁਝ ਨੌਜਵਾਨ ਹੋਲੀ ਮੌਕੇ ਡੀਜੇ ਲਗਾ ਕੇ ਨੱਚ ਰਹੇ ਸਨ। ਇਸ ਦੌਰਾਨ ਅਚਾਨਕ ਕਿਸੇ ਗੱਲੋਂ ਦੋ ਧਿਰਾਂ ਦਰਮਿਆਨ ਤਕਰਾਰ ਤੋਂ ਬਾਅਦ ਇੱਟਾਂ ਰੋੜੇ ਚੱਲੇ। ਕੁੱਝ ਸ਼ਰਾਰਤੀ ਅਨਸਰਾਂ ਨੇ ਨਮਾਜ਼ ਪੜ੍ਹ ਰਹੇ ਲੋਕਾਂ ’ਤੇ ਵੀ ਪਥਰਾਅ ਕੀਤਾ ਤੇ ਕਈ ਵਾਹਨਾਂ ਦਾ ਨੁਕਸਾਨ ਕੀਤਾ। ਹੋਲੀ ਖੇਡ ਰਹੇ ਦੂਜੇ ਪੱਖ ਦਾ ਕਹਿਣਾ ਹੈ ਕਿ ਹੋਲੀ ’ਤੇ ਡੀਜੇ ਚਲਾਉਣ ਕਾਰਨ ਮਸਜਿਦ ਅੰਦਰੋਂ ਪੱਥਰ ਸੁੱਟੇ ਗਏ ਸਨ ਜਦਕਿ ਮੁਸਲਿਮ ਧਿਰ ਨੇ ਦੋਸ਼ ਨਕਾਰੇ ਹਨ।
ਮੁਸਲਿਮ ਆਗੂ ਮੁਹੰਮਦ ਮੁਸਤਕੀਮ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਮਸਜਿਦ ਬਾਹਰ ਹੰਗਾਮਾ ਕੀਤਾ। ਇਸ ਕਾਰਨ ਮੁਸਲਿਮ ਭਾਈਚਾਰੇ ਦੇ ਸੱਤ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੁਲੀਸ ਨੇ ਸਥਿਤੀ ’ਤੇ ਕਾਬੂ ਪਾਇਆ: ਏਡੀਸੀਪੀ
ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਕਿਹਾ ਕਿ ਮਸਜਿਦ ਨੇੜੇ ਹੋਲੀ ਮਨਾ ਰਹੇ ਲੋਕਾਂ ਨੇ ਡੀਜੇ ਲਗਾਇਆ ਸੀ। ਨਮਾਜ਼ ਅਦਾ ਕਰਨ ਤੋਂ ਬਾਅਦ ਨਮਾਜ਼ੀ ਮਸਜਿਦ ਤੋਂ ਬਾਹਰ ਆ ਗਏ। ਫਿਰ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ। ਦੋਵਾਂ ਧਿਰਾਂ ਨੇ ਇੱਕ ਦੂਜੇ ’ਤੇ ਪੱਥਰਬਾਜ਼ੀ ਕੀਤੀ। ਇਸ ਦੌਰਾਨ ਮਸਜਿਦ ’ਤੇ ਪਥਰਾਅ ਕੀਤਾ ਗਿਆ ਪਰ ਪੁਲੀਸ ਨੇ ਸਥਿਤੀ ’ਤੇ ਕਾਬੂ ਪਾ ਲਿਆ। ਪੁਲੀਸ ਨੇ ਕੇਸ ਦਰਜ ਕਰ ਕੁੱਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।