ਮਾਹੌਲ ਬਹੁਤ ਹੀ ਖਤਰਨਾਕ ਲੱਗ ਰਿਹਾ ਸੀ: ਰੰਜਨੀ ਸ੍ਰੀਨਿਵਾਸਨ
ਨਿਊਯਾਰਕ, 17 ਮਾਰਚ
ਕੋਲੰਬੀਆ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਹੀ ਭਾਰਤੀ ਵਿਦਿਆਰਥਣ ਰੰਜਨੀ ਸ੍ਰੀਨਿਵਾਸਨ ਨੇ ਉਸ ਭਿਆਨਕ ਪਲ ਬਾਰੇ ਦੱਸਿਆ ਜਦੋਂ ਸੰਘੀ ਇਮੀਗਰੇਸ਼ਨ ਅਧਿਕਾਰੀਆਂ ਨੇ ਪਹਿਲੀ ਵਾਰ ਯੂਨੀਵਰਸਿਟੀ ’ਚ ਉਸ ਦੇ ਅਪਾਰਟਮੈਂਟ ’ਤੇ ਦਸਤਕ ਦਿੱਤੀ ਸੀ। ਉਸ ਨੇ ਮੌਕੇ ਦੇ ਹਾਲਾਤ ਨੂੰ ਬਹੁਤ ਹੀ ਅਸਥਿਰ ਤੇ ਖਤਰਨਾਕ ਦੱਸਿਆ। ਰੰਜਨੀ ਨੇ ਹਮਾਸ ਦੀ ਹਮਾਇਤ ਦੇ ਦੋਸ਼ ਹੇਠ ਉਸ ਦਾ ਵਿਦਿਆਰਥੀ ਵੀਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਖੁਦ ਹੀ ਅਮਰੀਕਾ ਛੱਡ ਕੇ ਭਾਰਤ ਪਰਤਣ ਦਾ ਫ਼ੈਸਲਾ ਕੀਤਾ ਸੀ।
‘ਨਿਊਯਾਰਕ ਟਾਈਮਜ਼’ ਦੀ ਖ਼ਬਰ ਅਨੁਸਾਰ ਤਿੰਨ ਇਮੀਗਰੇਸ਼ਨ ਅਧਿਕਾਰੀ ਰੰਜਨੀ (37) ਦੀ ਭਾਲ ਕਰ ਰਹੇ ਸਨ। ਉਨ੍ਹਾਂ ਜਦੋਂ ਪਹਿਲੀ ਵਾਰ ਵਿਦਿਆਰਥਣ ਦੇ ਅਪਾਰਟਮੈਂਟ ਦਾ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਸੀ। ਖ਼ਬਰ ਅਨੁਸਾਰ ਅਗਲੀ ਰਾਤ ਜਦੋਂ ਇਮੀਗਰੇਸ਼ਨ ਅਧਿਕਾਰੀ ਮੁੜ ਉਸ ਦੇ ਅਪਾਰਟਮੈਂਟ ਪੁੱਜੇ ਤਾਂ ਉਹ ਉੱਥੇ ਨਹੀਂ ਸੀ। ਰੰਜਨੀ ਨੇ ਆਪਣਾ ਕੁਝ ਸਾਮਾਨ ਬੰਨ੍ਹਿਆ, ਆਪਣੀ ਬਿੱਲੀ ਇੱਕ ਦੋਸਤ ਕੋਲ ਛੱਡੀ ਤੇ ਹਵਾਈ ਅੱਡੇ ਤੋਂ ਕੈਨੇਡਾ ਜਾਣ ਵਾਲੀ ਉਡਾਣ ’ਚ ਸਵਾਰ ਹੋ ਗਈ। -ਪੀਟੀਆਈ