Plane crash in Honduras: ਜਹਾਜ਼ ਹਾਦਸੇ ਵਿਚ ਨਾਮੀਂ ਸੰਗੀਤਕਾਰ ਸਣੇ ਸੱਤ ਵਿਅਕਤੀਆਂ ਦੀ ਮੌਤ
ਤੇਗੁਸਿਗਾਲਪਾ, 17 ਮਾਰਚ
Plane crash in Honduras: ਹੋਂਡੂਰਸ ਦੇ ਰੋਆਤਾਨ ਦੀਪ ਤੋਂ ਉਡਾਨ ਭਰਨ ਤੋਂ ਕੁਝ ਮਿੰਟਾਂ ਬਾਅਦ ਇਕ ਜਹਾਜ਼ ਸਮੁੰਦਰ ਵਿਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਸੱਤ ਲੋਕਾਂ ਦੀ ਜਾਨ ਜਾਂਦੀ ਰਹੀ ਜਦੋਂਕਿ ਦਸ ਜਣਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਹਾਦਸਾ ਸੋਮਵਾਰ ਰਾਤ ਨੂੰ ਹੋਇਆ। ਹਾਦਸੇ ਵਿਚ ਮੰਨੇ ਪ੍ਰਮੰਨੇ ਸੰਗੀਤਕਾਰ ਆਰੇਲਿਓ ਮਾਰਟੀਨੇਜ਼ ਸੁਵਾਜੋ ਦੀ ਮੌਤ ਹੋ ਗਈ।
ਏਅਰਲਾਈਨ ਲਾਂਸਾ (Lanhsa) ਦੇ ਜਹਾਜ਼ ਵਿਚ 14 ਯਾਤਰੀ ਤੇ ਅਮਲੇ ਦੇ ਤਿੰਨ ਮੈਂਬਰ ਸਵਾਰ ਸਨ। ਇਹ ਉਡਾਨ ਰੋਆਤਾਨ ਦੀਪ ਤੋਂ ਹੌਂਡੂਰਸ ਦੇ ਲਾ ਸੇਇਬਾ ਹਵਾਈ ਅੱਡੇ ’ਤੇ ਜਾ ਰਹੀ ਸੀ। ਹਾਦਸਾਗ੍ਰਸਤ ਜਹਾਜ਼ ਦਾ ਮਲਬਲਾ ਦੀਪ ਦੇ ਸਾਹਿਲ ਤੋਂ ਕਰੀਬ ਇਕ ਕਿਲੋਮੀਟਰ ਦੂਰ ਮਿਲਿਆ।
ਸਥਾਨਕ ਮੀਡੀਆ ਵੱਲੋਂ ਜਾਰੀ ਉਡਾਨ ਸੂਚੀ ਮੁਤਾਬਕ ਯਾਤਰੀਆਂ ਵਿਚ ਇਕ ਅਮਰੀਕੀ ਨਾਗਰਿਕ, ਇਕ ਫਰਾਂਸੀਸੀ ਨਾਗਰਿਕ ਤੇ ਦੋ ਨਾਬਾਲਗ ਸ਼ਾਮਲ ਸਨ। ਹੌਂਡੂਰਸ ਦੇ ਅੱਗ ਬੁਝਾਊ ਦਸਤੇ ਦੇ ਅਧਿਕਾਰੀ ਫਰੈਂਕਲਿਨ ਬੋਰਖਾਸ ਨੇ ਸੱਤ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਪੁਲੀਸ ਅਤੇ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਨੇ ਹਨੇਰੇ ਵਿਚ ਬਚਾਅ ਕਾਰਜ ਚਲਾਏ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਅਧਿਕਾਰੀ ਤੇ ਬਚਾਅ ਕਰਮੀ ਜ਼ਖ਼ਮੀਆਂ ਨੂੰ ਸਟਰੈੱਚਰ ਉੱਤੇ ਲਿਜਾਂਦੇ ਦੇਖੇ ਜਾ ਸਕਦੇ ਹਨ।
ਅਧਿਕਾਰੀਆਂ ਮੁਤਾਬਕ ਰਾਹਤ ਤੇ ਬਚਾਅ ਟੀਮਾਂ ਨੂੰ ਹਾਦਸੇ ਵਾਲੀ ਥਾਂ ਪਹੁੰਚਣ ਵਿਚ ਕਾਫ਼ੀ ਮੁਸ਼ਕਲਾਂ ਆਈਆਂ, ਕਿਉਂਕਿ ਇਹ 30 ਮੀਟਰ ਉੱਚੀਆਂ ਚੱਟਾਨਾਂ ਨਾਲ ਘਿਰਿਆ ਸੀ ਤੇ ਉਥੇ ਪੈਦਲ ਜਾਂ ਤੈਰ ਕੇ ਪਹੁੰਚਣਾ ਸੰਭਵ ਨਹੀਂ ਸੀ। ਖ਼ਰਾਬ ਮੌਸਮ ਕਰਕੇ ਰਾਹਤ ਕਾਰਜ ਅਸਰਅੰਦਾਜ਼ ਹੋਏ। ਉਂਝ ਅਜੇ ਤੱਜ ਜਹਾਜ਼ ਹਾਦਸੇ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਏਅਰਲਾਈਨ ਲਾਂਸਾ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਏਜੰਸੀਆਂ