ਗੰਜਾਪਣ ਦੂਰ ਕਰਾਉਣ ਦੇ ਚਾਹਵਾਨਾਂ ਨੂੰ ਤੇਲ ਪਿਆ ਮਹਿੰਗਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਮਾਰਚ
ਸੰਗਰੂਰ ’ਚ ਗੰਜਾਪਣ ਦੂਰ ਕਰਨ ਲਈ ਲਗਾਏ ਕੈਂਪ ਦੌਰਾਨ ਸਿਰ ’ਤੇ ਤੇਲ ਨੁਮਾ ਦਵਾਈ ਲਾਉਣ ਨਾਲ ਅੱਖਾਂ ’ਚ ਜਲਣ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 70 ਤੱਕ ਪੁੱਜ ਗਈ ਹੈ। ਬੀਤੀ ਰਾਤ ਕਰੀਬ 20 ਮਰੀਜ਼ ਸੰਗਰੂਰ ਦੇ ਸਿਵਲ ਹਸਪਤਾਲ ਪੁੱਜੇ ਸਨ, ਜਿਨ੍ਹਾਂ ਨੇ ਅੱਖਾਂ ਵਿੱਚ ਜਲਣ, ਸੋਜਿਸ਼, ਲਾਲੀ ਅਤੇ ਦਰਦ ਦੀ ਸ਼ਿਕਾਇਤ ਕੀਤੀ ਸੀ। ਅੱਖਾਂ ਦੀ ਇਨਫੈਕਸ਼ਨ ਤੋਂ ਪੀੜਤ ਲੋਕ ਸਿਵਲ ਹਸਪਤਾਲ ਤੋਂ ਇਲਾਵਾ ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿਚ ਵੀ ਪੁੱਜ ਰਹੇ ਹਨ। ਸਿਵਲ ਹਸਪਤਾਲ ਵਿਚ ਅੱਜ ਅੱਖਾਂ ਦੇ ਮਾਹਿਰ ਡਾਕਟਰਾਂ ਕੋਲ ਮਰੀਜ਼ਾਂ ਦਾ ਤਾਂਤਾ ਲੱਗਿਆ ਰਿਹਾ। ਸਿਵਲ ਸਰਜਨ ਡਾ. ਸੰਜੈ ਕਾਮਰਾ ਨੇ ਦੱਸਿਆ ਕਿ ਬੀਤੀ ਰਾਤ ਤੋਂ ਹੀ ਮਰੀਜ਼ ਹਸਪਤਾਲ ਪੁੱਜ ਰਹੇ ਹਨ, ਜਿਨ੍ਹਾਂ ਨੇ ਅੱਖਾਂ ’ਚ ਜਲਣ, ਸੋਜਿਸ਼, ਲਾਲੀ, ਅੱਖਾਂ ’ਚੋਂ ਪਾਣੀ ਆਉਣ ਦੀ ਸ਼ਿਕਾਇਤ ਕੀਤੀ ਹੈ। ਇਸਤੋਂ ਇਲਾਵਾ ਮਰੀਜ਼ਾਂ ਨੂੰ ਸਕਿੱਨ ਦੀ ਵੀ ਸ਼ਿਕਾਇਤ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਕੈਂਪਾਂ ਦੀ ਕੋਈ ਪ੍ਰਵਾਨਗੀ ਨਹੀਂ ਹੁੰਦੀ ਅਤੇ ਨਾ ਹੀ ਇਸ ਕੈਂਪ ਦੀ ਕੋਈ ਪ੍ਰਵਾਨਗੀ ਪ੍ਰਸ਼ਾਸਨ ਤੋਂ ਲਈ ਗਈ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਹੀ ਡਿਪਟੀ ਕਮਿਸ਼ਨਰ ਅਤੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਸੀ। ਉਧਰ, ਸੰਗਰੂੂਰ ਪੁਲੀਸ ਨੇ ਗੰਜਾਪਣ ਦੂਰ ਕਰਨ ਲਈ ਲਗਾਏ ਕੈਂਪ ਦੌਰਾਨ ਗੈਰ-ਪ੍ਰਮਾਣਿਤ ਦੇਸੀ ਦਵਾਈਆਂ ਦੀ ਵਿਕਰੀ ਕਰਕੇ ਭੋਲੇ-ਭਾਲੇ ਲੋਕਾਂ ਦੀ ਸਿਹਤ ਨੂੰ ਜੋਖਮ ਵਿੱਚ ਪਾਉਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਸਿਟੀ ਸੰਗਰੂਰ ਦੇ ਐੱਸਐੱਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੁਖਵੀਰ ਸਿੰਘ ਵਾਸੀ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ ’ਤੇ ਤੇਜਿੰਦਰਪਾਲ ਸਿੰਘ ਵਾਸੀ ਸੰਗਰੂਰ ਅਤੇ ਅਮਨਦੀਪ ਸਿੰਘ ਵਾਸੀ ਖੰਨਾ ਖਿਲਾਫ਼ ਭਾਰਤੀ ਨਿਆਏ ਸੰਹਿਤਾ (ਬੀਐੱਨਐੱਸ) ਦੀ ਧਾਰਾ 124 ਅਤੇ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ ਐਕਟ ਦੀ ਧਾਰਾ 7 ਤਹਿਤ ਕੇਸ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤੇਜਿੰਦਰਪਾਲ ਸਿੰਘ ਵਾਸੀ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਅਮਨਦੀਪ ਵਾਸੀ ਖੰਨਾ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮਾਤਾ ਕਾਲਾ ਦੇਵੀ ਮੰਦਰ ’ਚ ਗੰਜਾਪਣ ਦੂਰ ਕਰਨ ਸਬੰਧੀ ਕੈਂਪ ਲੱਗਿਆ ਸੀ।
ਸਿਹਤ ਤੇ ਪੁਲੀਸ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ: ਡੀਸੀ
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਜੋਖ਼ਮ ਵਿੱਚ ਪਾਉਣ ਦਾ ਇਹ ਗੰਭੀਰ ਮਾਮਲਾ ਹੈ । ਉਨ੍ਹਾਂ ਕਿਹਾ ਕਿ ਜਿਵੇਂ ਹੀ ਮੀਡੀਆ ਦੇ ਇੱਕ ਹਿੱਸੇ ਵਿੱਚ ਪ੍ਰਸਾਰਿਤ ਖਬਰਾਂ ਰਾਹੀਂ ਇਹ ਮਾਮਲਾ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੁਲੀਸ ਨਾਲ ਤਾਲਮੇਲ ਕਰਦਿਆਂ ਫੌਰੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਹਨ।