ਕੇਂਦਰ ਨੇ ਚੰਦਰਯਾਨ-5 ਨੂੰ ਮਨਜ਼ੂਰੀ ਦਿੱਤੀ: ਨਾਰਾਇਣਨ
ਚੇਨੱਈ, 17 ਮਾਰਚ
ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚੰਨ ਦਾ ਅਧਿਐਨ ਕਰਨ ਲਈ ਚੰਦਰਯਾਨ-5 ਮਿਸ਼ਨ ਨੂੰ ਹਾਲ ਹੀ ਵਿੱਚ ਮਨਜ਼ੂਰੀ ਦੇ ਦਿੱਤੀ ਹੈ। ਬੰਗਲੂਰੂ ਸਥਿਤ ਭਾਰਤੀ ਪੁਲਾੜ ਖੋਜ ਸੰਸਥਾ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਮਗਰੋਂ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਸਤੇ ਕਰਵਾਏ ਪ੍ਰੋਗਰਾਮ ਵਿੱਚ ਨਾਰਾਇਣਨ ਨੇ ਕਿਹਾ ਕਿ ਚੰਦਰਯਾਨ-3 ਮਿਸ਼ਨ, ਜੋ 25 ਕਿੱਲੋ ਦਾ ਰੋਵਰ ‘ਪ੍ਰਯਾਗਯਾਨ’ ਲੈ ਕੇ ਗਿਆ ਸੀ, ਇਸ ਦੇ ਉਲਟ ਚੰਦਰਯਾਨ-5 ਮਿਸ਼ਨ ਚੰਨ ਦੀ ਸਤ੍ਵਾ ਦਾ ਅਧਿਐਨ ਕਰਨ ਲਈ 250 ਕਿੱਲੋ ਦਾ ਰੋਵਰ ਲੈ ਕੇ ਜਾਵੇਗਾ। ਨਾਰਾਇਣਨ ਨੇ ਕਿਹਾ, ‘‘ਹਾਲੇ ਤਿੰਨ ਦਿਨ ਪਹਿਲਾਂ ਹੀ ਸਾਨੂੰ ਚੰਦਰਯਾਨ-5 ਮਿਸ਼ਨ ਲਈ ਮਨਜ਼ੂਰੀ ਮਿਲੀ ਹੈ। ਅਸੀਂ ਇਸ ਨੂੰ ਜਪਾਨ ਨਾਲ ਮਿਲ ਕੇ ਕਰਾਂਗੇ।’’
ਚੰਦਰਯਾਨ ਮਿਸ਼ਨ ਵਿੱਚ ਚੰਨ ਦੀ ਸਤ੍ਵਾ ਦਾ ਅਧਿਐਨ ਕਰਨਾ ਸ਼ਾਮਲ ਹੈ। 2008 ਵਿੱਚ ਚੰਦਰਯਾਨ-1 ਨੇ ਚੰਨ ਦੀ ਰਸਾਇਣਕ, ਖਣਿਜ ਅਤੇ ਫੋਟੋ-ਭੂਗਰਭਿਕ ਮੈਪਿੰਗ ਕੀਤੀ ਸੀ। ਚੰਦਰਯਾਨ-2 ਮਿਸ਼ਨ (2019) 98 ਫ਼ੀਸਦ ਸਫ਼ਲ ਰਿਹਾ ਪਰ ਆਖ਼ਰੀ ਗੇੜ ਵਿੱਚ ਸਿਰਫ਼ ਦੋ ਫ਼ੀਸਦ ਹੀ ਹਾਸਲ ਕੀਤਾ ਜਾ ਸਕਿਆ। ਚੰਦਰਯਾਨ-3 ਮਿਸ਼ਨ ਚੰਦਰਯਾਨ-2 ਦਾ ਐਡਵਾਂਸ ਸਰੂਪ ਹੈ। 2027 ’ਚ ਲਾਂਚ ਹੋਣ ਵਾਲੇ ਚੰਦਰਯਾਨ-4 ਮਿਸ਼ਨ ਦਾ ਉਦੇਸ਼ ਚੰਨ ਤੋਂ ਇਕੱਤਰ ਕੀਤੇ ਨਮੂਨੇ ਲਿਆਉਣਾ ਹੈ। -ਪੀਟੀਆਈ