ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਧਾਰ ਮੰਗਣ ਵਾਲੇ

08:54 AM Aug 23, 2020 IST
Advertisement

ਨਰਿੰਦਰ ਸਿੰਘ ਕਪੂਰ

ਜੀਵਨ ਅਨੁਭਵ

Advertisement

ਉਧਾਰ ਮੰਗਣਾ ਚੰਗੀ ਗੱਲ ਨਹੀਂ ਸਮਝਿਆ ਜਾਂਦਾ, ਪਰ ਕਈ ਵਾਰ ਆਮਦਨ ਤੇ ਖ਼ਰਚ ਵਿਚ ਤਵਾਜ਼ਨ ਦਾ ਵਿਗੜਣਾ ਉਧਾਰ ਮੰਗਣ ਦਾ ਬਾਇਜ਼ ਬਣਦਾ ਹੈ। 

ਇਹ ਲੇਖ ਉਧਾਰ ਮੰਗਣ ਅਤੇ ਪੈਸੇ ਉਧਾਰ ਦੇਣ ਦੇ ਵਰਤਾਰੇ ਬਾਰੇ ਅਨੁਭਵ ਅਤੇ ਸਿੱਟੇ ਪੇਸ਼ ਕਰਦਾ ਹੈ।

ਉਧਾਰ ਸਬੰਧੀ ਲਿਖਣਾ ਚੰਗਾ ਨਹੀਂ ਲੱਗ ਰਿਹਾ, ਪਰ ਬਰਦਾਸ਼ਤ ਕੀਤੇ ਹੋਏ ਘਾਟੇ, ਪਾਠਕਾਂ ਨੂੰ ਉਧਾਰ ਲੈਣ-ਦੇਣ ਦੇ ਵਰਤਾਰੇ ਸਬੰਧੀ ਸੁਚੇਤ ਕਰਨ ਦੀ ਲੋੜ ਮਹਿਸੂਸ ਕਰਵਾ ਰਹੇ ਹਨ। ਕਈ ਹੁੰਦੇ ਹਨ, ਜਿਹੜੇ ਸਮਝਦੇ ਹਨ ਕਿ ਉਨ੍ਹਾਂ ਦੀਆਂ ਮਾਇਕ ਸਮੱਸਿਆਵਾਂ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਅਨੇਕਾਂ ਪੁੱਤਰ ਆਪਣੇ ਪਿਤਾ ਦੀ ਕਮਾਉਣ ਦੀ ਆਦਤ ਨਹੀਂ ਅਪਨਾਉਂਦੇ, ਆਪਣੇ ਚਾਚੇ ਦੀ ਖਰਚਣ ਦੀ ਆਦਤ ਅਪਨਾ ਲੈਂਦੇ ਹਨ। ਕਈ ਧੀਆਂ ਮਾਂ ਦੀ ਬੱਚਤ ਕਰਨ ਦੀ ਆਦਤ ਨਹੀਂ ਅਪਨਾਉਂਦੀਆਂ, ਮਾਸੀ ਦੀ ਪੈਸੇ ਮੰਗਣ ਦੀ ਆਦਤ ਅਪਨਾ ਲੈਂਦੀਆਂ ਹਨ। ਬੱਚਿਆਂ ਨੂੰ ਪੈਸੇ ਬਾਰੇ ਭਾਵੇਂ ਬਹੁਤਾ ਕੁਝ ਨਾ ਦੱਸੋ, ਪਰ ਇੰਨਾ ਜ਼ੁਰੂਰ ਦੱਸਣਾ ਚਾਹੀਦਾ ਹੈ ਕਿ ਪੈਸੇ ਦਰੱਖਤਾਂ ਉੱਤੇ ਨਹੀਂ ਲੱਗਦੇ, ਕੰਮ ਕਰਕੇ ਕਮਾਉਣੇ ਪੈਂਦੇ ਹਨ। ਜਿਹੜੇ ਲੋਕ ਪੈਸੇ ਪ੍ਰਤੀ ਲਾਪ੍ਰਵਾਹ ਹੁੰਦੇ ਹਨ, ਉਹ ਅਕਸਰ ਹੋਰਾਂ ਦਾ ਪੈਸਾ ਹੁੰਦਾ ਹੈ। ਮਿਹਨਤ ਕਰਨ ਵਾਲੇ ਪੈਸੇ ਪ੍ਰਤੀ ਲਾਪ੍ਰਵਾਹ ਨਹੀਂ ਹੁੰਦੇ ਅਤੇ ਲਾਪ੍ਰਵਾਹ ਹੋਣ ਵਾਲੇੇ ਮਿਹਨਤ ਨਹੀਂ ਕਰਦੇ। ਯਾਦ ਰੱਖਣਾ ਜ਼ਰੂਰੀ ਹੈ ਕਿ ਜਦੋਂ ਤਕ ਤੁਸੀਂ ਆਪਣੀਆਂ ਲੋੜਾਂ ਅਨੁਸਾਰ ਪੈਸੇ ਨਹੀਂ ਕਮਾਉਂਦੇ, ਤੁਹਾਡਾ ਮਾਣ-ਸਨਮਾਨ ਨਹੀਂ ਹੋਵੇਗਾ। ਤੁਹਾਡੀ ਗੱਲ ਕੋਈ ਨਹੀਂ ਸੁਣੇਗਾ ਅਤੇ ਤੁਹਾਡਾ ਚਰਿੱਤਰ ਵਿਕਸਿਤ ਨਹੀਂ ਹੋਵੇਗਾ। ਭਾਵੇਂ ਮਾਪੇ ਕਿੰਨੇ ਵੀ ਅਮੀਰ ਹੋਣ, ਉਹ ਤੰਦਰੁਸਤ ਪੜ੍ਹੇ-ਲਿਖੇ ਪੁੱਤਰ ਦੀ ਨਿਰੰਤਰ ਮਾਇਕ ਸਹਾਇਤਾ ਨਹੀਂ ਕਰ ਸਕਦੇੇ। ਬੱਚਤ ਦੇ ਪੈਸੇ ਖਰਚਣ ਦਾ ਅਧਿਕਾਰ ਉਨ੍ਹਾਂ ਨੂੰ ਹੀ ਹੁੰਦਾ ਹੈ ਅਤੇ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਉਹ ਕਮਾਏ ਅਤੇ ਬਚਾਏ ਹੁੰਦੇ ਹਨ। ਜੀਵਨ ਦਾ ਤਜਰਬਾ ਤਾਂ ਇਹੀ ਕਹਿੰਦਾ ਹੈ ਕਿ ਜੇ ਭੈੜੇ ਦਿਨ ਆ ਗਏ ਹਨ ਤਾਂ ਸੰਜਮ ਵਰਤ ਕੇ ਆਪਣੇ ਵਿਹਾਰ ਅਤੇ ਸਵੈਮਾਣ ਦਾ ਪੱਧਰ ਉੱਚਾ ਰੱਖੋ, ਕਿਸੇ ਤੋਂ ਉਧਾਰ ਨਾ ਮੰਗੋ, ਆਪਣੇ ਖਰਚੇ ਘਟਾਓ, ਚੰਗੇ ਦਿਨ ਮੁੜ ਆਉਣਗੇ। ਜ਼ਿੰਦਗੀ ਵਿਚ ਸਾਰੇ ਮੌਸਮ ਬਰਦਾਸ਼ਤ ਕਰਨੇ ਪੈਂਦੇ ਹਨ। ਜਿੱਥੇ ਅਤੇ ਜਦੋਂ ਸਿਆਣਿਆਂ ਵਾਂਗ ਸੋਚਣ ਦੀ ਲੋੜ ਪਏ, ਉੱਥੇ ਬੱਚਿਆਂ ਅਤੇ ਮੂਰਖਾਂ ਵਾਂਗ ਨਹੀਂ ਸੋਚਣਾ ਚਾਹੀਦਾ। ਸਾਰੀਆਂ ਆਦਤਾਂ ਮਹੱਤਵਪੂਰਨ ਹੁੰਦੀਆਂ ਹਨ, ਪਰ ਜਿਨ੍ਹਾਂ ਨਾਲ ਪੈਸਾ ਜੁੜਿਆ ਹੋਵੇ, ਉਹ ਬਹੁਤ ਮਹੱਤਵਪੂਰਨ ਹੁੰਦੀਆਂ ਹਨ ਅਤੇ ਇਨ੍ਹਾਂ ਬਾਰੇ ਸੁਚੇਤ ਹੋਣ ਦੀ ਲੋੜ ਹੁੰਦੀ ਹੈ। ਨਾਜਾਇਜ਼ ਸਬੰਧਾਂ ਵਾਂਗ ਕਈਆਂ ਦੇ ਹੋਰਾਂ ਦੇ ਪੈਸੇ ਨਾਲ ਨਾਜਾਇਜ਼ ਸਬੰਧ ਹੁੰਦੇ ਹਨ, ਇਨ੍ਹਾਂ ਨੂੰ ਨਾਜਾਇਜ਼ ਆਰਥਿਕ ਸਬੰਧ ਕਿਹਾ ਜਾਂਦਾ ਹੈ। ਇਨ੍ਹਾਂ ਸਬੰਧਾਂ ਦੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ। ਇਨ੍ਹਾਂ ਸਬੰਧਾਂ ਕਾਰਨ ਚਰਿੱਤਰਹੀਣਤਾ ਦਾ ਦੋਸ਼ ਲੱਗਦਾ ਹੈ।

ਆਰਥਿਕ ਵਖਰੇਵੇਂ ਬੁਝਾਰਤਾਂ ਜਾਂ ਰਹੱਸ ਨਹੀਂ, ਜ਼ਿੰਦਗੀ ਦੀਆਂ ਹਕੀਕਤਾਂ ਹਨ। ਪੈਸੇ ਦੀ ਸੋਝੀ, ਪੈਸਾ ਉਪਜਾਉਣ ਵਿਚ, ਬਚਾਉਣ ਵਿਚ, ਸਾਂਭਣ ਵਿਚ ਅਤੇ ਉਪਯੋਗੀ ਢੰਗ ਨਾਲ ਖਰਚਣ ਵਿਚ ਸਹਾਈ ਹੁੰਦੀ ਹੈ। ਜਿਹੜੀ ਚੀਜ਼ ਖਰੀਦਣ ਦੀ ਸਮਰੱਥਾ ਨਾ ਹੋਵੇ, ਉਹ ਚੀਜ਼ ਵਰਤਣ ਦੀ ਲੋੜ ਅਤੇ ਯੋਗਤਾ ਵੀ ਨਹੀਂ ਹੋਵੇਗੀ। ਅਜਿਹੀ ਚੀਜ਼ ਖਰੀਦ ਕੇ ਜੀਵਨ-ਪੱਧਰ ਸੁਧਰਦਾ ਨਹੀਂ, ਪ੍ਰੇਸ਼ਾਨੀ ਵਧਦੀ ਹੈ। ਅਜਿਹੀ ਚੀਜ਼, ਜੇ ਉਧਾਰੇ ਪੈਸਿਆਂ ਨਾਲ ਖ਼ਰੀਦੀ ਜਾਵੇ ਤਾਂ ਇਹ ਜੰਜਾਲ ਬਣ ਜਾਂਦੀ ਹੈ। ਸੰਤਾਨ ਨੂੰ ਸਹੀ ਅਤੇ ਗ਼ਲਤ ਵਿਚਲਾ ਅੰਤਰ ਸਮਝਾਉਣਾ ਜ਼ਰੂਰੀ ਹੁੰਦਾ ਹੈ। ਕਮਾ ਕੇ ਖਰਚਣਾ ਸਹੀ ਹੁੰਦਾ ਹੈ, ਕਮਾਉਣ ਤੋਂ ਪਹਿਲਾਂ ਖਰਚਣਾ ਗ਼ਲਤ ਹੁੰਦਾ ਹੈ। ਕਮਾਉਣ ਦੀ ਸਮਰੱਥਾ ਅਤੇ ਖਰਚਣ ਦੀ ਯੋਗਤਾ ਵਿਚ ਸੰਤੁਲਨ ਬਣਾਉਣਾ ਵਿਉਂਤਬੰਦੀ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਜ਼ਿੰਦਗੀ ਦੀਆਂ ਸਾਰੀਆਂ ਵਿਉਂਤਾਂ ਕਮਾਉਣ ਦੀ ਯੋਗਤਾ ਨਾਲ ਜੁੜੀਆਂ ਹੁੰਦੀਆਂ ਹਨ। ਘਰ ਪਰਿਵਾਰ ਵਿਚ ਰੌਣਕ ਆਮਦਨ ਦੀ ਹੁੰਦੀ ਹੈ ਅਤੇ ਬੱਚਤ, ਆਮਦਨ ਦਾ ਇਕ ਮਹੱਤਵਪੂਰਨ ਪੱਖ ਹੁੰਦੀ ਹੈ। ਜੀਵਨ ਦਾ ਇਹ ਇਕ ਯਥਾਰਥ ਹੈ ਕਿ ਕੁਝ ਲੋਕ ਦੂਜਿਆਂ ਦੇ ਪੈਸਿਆਂ, ਚੀਜ਼ਾਂ ਅਤੇ ਵਕਤ ਨੂੰ ਵਰਤਣਾ-ਖਰਚਣਾ ਆਪਣਾ ਅਧਿਕਾਰ ਸਮਝਦੇ ਹਨ। ਇਨ੍ਹਾਂ ਨੂੰ ਹੀ ਹੋਰਾਂ ਤੋਂ ਉਧਾਰ ਮੰਗਣ ਦੀ ਆਦਤ ਹੁੰਦੀ ਹੈ। ਮੰਗੇ ਹੋਏ ਉਧਾਰੇ ਪੈਸੇ, ਵਾਪਸ ਕਰਨ ਦੀਆਂ ਉਲੰਘਣਾਵਾਂ ਵਿਚ ਰੁਲ ਜਾਂਦੇ ਹਨ। ਜ਼ਿੰਦਗੀ ਵਿਚ ਬੜੇ ਘਾਟੇ ਪੈਂਦੇ ਹਨ, ਪਰ ਉਧਾਰ ਨਾ ਮੁੜਨ ਵਾਲੇ ਘਾਟਿਆਂ ਨੂੰ ਬਰਦਾਸ਼ਤ ਕਰਨ ਮਗਰੋਂ ਬੜੀ ਮਹੱਤਵਪੂਰਨ ਸੋਝੀ ਮਿਲਦੀ ਹੈ।

ਉਧਾਰ ਦੇ ਸਬੰਧ ਵਿਚ ਵਿਅਕਤੀ ਦੋ ਪ੍ਰਕਾਰ ਦੇ ਹੁੰਦੇ ਹਨ। ਉਧਾਰ ਮੰਗਣ ਵਾਲੇ ਅਤੇ ਉਧਾਰ ਚੁੱਕਣ ਵਾਲੇ। ਉਧਾਰ ਮੰਗਣ ਵਾਲੇ ਰਿਸ਼ਤੇ ਦੇ ਰੋਅਬ ਨਾਲ ਮੰਗਦੇ ਹਨ। ਜੀਜਾ ਸਾਲੇ ਤੋਂ, ਜਵਾਈ ਸਹੁਰੇ ਤੋਂ, ਭਰਾ ਦਾ ਭਰਾ ਤੋਂ। ਮੰਗਣ ਵਾਲੇ ਦਾ ਉਦੇਸ਼, ਆਪਣਾ ਸੰਕਟ ਹੱਲ ਕਰਨਾ ਹੁੰਦਾ ਹੈ, ਉਧਾਰ ਵਾਪਸ ਕਰਨ ਵਿਚ ਉਸ ਦੀ ਦਿਲਚਸਪੀ ਨਹੀਂ ਹੁੰਦੀ। ਇਨ੍ਹਾਂ ਦੀ ਨੀਤੀ ਹੁੰਦੀ ਹੈ, ਜਦੋਂ ਹੋਣਗੇ, ਉਦੋਂ ਦਿਆਂਗੇ। ਜੇ ਇਨ੍ਹਾਂ ਤੋਂ ਕੁਝ ਜਾਣਨ ਲਈ ਪੁੱਛੋਗੇ ਤਾਂ ਇਹ ਖਿੱਝ ਕੇ ਜਵਾਬ ਦੇਣਗੇ, ਨਾਰਾਜ਼ ਹੋਣ ਵਾਲੀ ਸ਼ਬਦਾਵਲੀ ਵਰਤਣਗੇ, ਕਿਸੇ ਦਸਤਾਵੇਜ਼ ’ਤੇ ਦਸਤਖ਼ਤ ਨਹੀਂ ਕਰਨਗੇ, ਵਾਪਸ ਮੋੜਨ ਬਾਰੇ, ਕੋਈ ਸਪਸ਼ਟ ਉੱਤਰ ਨਹੀਂ ਦੇਣਗੇ, ਉਧਾਰ ਨਾ ਮਿਲਣ ਦੀ ਸੂਰਤ ਵਿਚ ਧੀ-ਭੈਣ ਨੂੰ ਤੰਗ ਕਰਨ ਦੀ ਧਮਕੀ ਦੇਣਗੇ। ਦੂਜੀ ਕਿਸਮ ਦੇ ਵਿਅਕਤੀ ਉਧਾਰ ਚੁੱਕਣ ਵਾਲੇ ਹੁੰਦੇ ਹਨ ਜਿਨ੍ਹਾਂ ਨੇ ਨੇੜ ਭਵਿੱਖ ਵਿਚ ਵਾਪਸ ਕਰਨ ਦੀ ਪੂਰੀ ਵਿਉਂਤ ਬਣਾਈ ਹੁੰਦੀ ਹੈ। ਇਹ ਜਿਸ ਦਸਤਾਵੇਜ਼ ’ਤੇ ਤੁਸੀਂ ਚਾਹੋ, ਦਸਤਖ਼ਤ ਕਰਨ ਲਈ ਤਿਆਰ ਹੋਣਗੇ। ਇਹ ਵਿਆਜ ਵੀ ਦੇਣਗੇ ਅਤੇ ਰਾਸ਼ੀ ਮੋੜਨ ਆਪ ਆਉਣਗੇ। ਇਨ੍ਹਾਂ ਦੀ ਲੋੜ ਪੂਰੀ ਕਰਨ ਲਈ ਮਦਦ ਕੀਤੀ ਜਾ ਸਕਦੀ ਹੈ, ਪਰ ਇਕ ਵਾਰੀ।

ਜੈਨੀਆਂ ਅਤੇ ਬਾਣੀਆਂ ਅਤੇ ਵਪਾਰੀ ਪਰਿਵਾਰਾਂ ਵਿਚ ਪੈਸੇ ਸਬੰਧੀ ਵਿਹਾਰ ਬੜਾ ਸਿੱਧਾ ਅਤੇ ਸਪਸ਼ਟ ਹੁੰਦਾ ਹੈ। ਇਨ੍ਹਾਂ ਪਰਿਵਾਰਾਂ ਵਿਚ ਪੁੱਤਰ ਦੇ ਵਿਆਹ ਸਮੇਂ ਰੁਜ਼ਗਾਰ ਦੇ ਵਸੀਲੇ ਅਤੇ ਸਰਮਾਇਆ ਦਿੱਤਾ ਜਾਂਦਾ ਹੈ। ਇਸ ਉਪਰੰਤ ਜੇ ਹੋਰ ਸਰਮਾਏ ਦੀ ਲੋੜ ਹੋਵੇ, ਉਹ ਉਧਾਰ ਹੁੰਦਾ ਹੈ। ਜਿਸ ’ਤੇ ਵਿਆਜ ਲੱਗਦਾ ਹੈ ਅਤੇ ਇਹ ਨਿਸ਼ਚਿਤ ਮਿਆਦ ਵਿਚ ਵਾਪਸ ਕਰਨਾ ਹੁੰਦਾ ਹੈ। ਕਿਉਂਕਿ ਸਾਰੀਆਂ ਸ਼ਰਤਾਂ ਸਪਸ਼ਟ ਹੁੰਦੀਆਂ ਹਨ, ਸੋ ਕੋਈ ਝਗੜਾ ਜਾਂ ਵਿਵਾਦ ਨਹੀਂ ਉਪਜਦਾ। ਦੋਸਤਾਂ, ਭੈਣਾਂ-ਭਰਾਵਾਂ, ਭਾਈਵਾਲਾਂ, ਰਿਸ਼ਤੇਦਾਰਾਂ ਅਤੇ ਸਾਂਢੂਆਂ ਵਿਚਕਾਰ ਪੈਸੇ ਦਾ ਲੈਣ-ਦੇਣ ਝਗੜੇ ਦਾ ਸਬੱਬ ਬਣ ਜਾਂਦਾ ਹੈ, ਕਿਉਂਕਿ ਜਿਸ ਉਦੇਸ਼ ਲਈ ਉਧਾਰ ਲਿਆ ਜਾਂਦਾ ਹੈ, ਉਸ ਲਈ ਵਰਤਿਆ ਨਹੀ ਜਾਂਦਾ ਜਿਸ ਕਾਰਨ ਇਹ ਮੋੜਨਾ ਮੁਸ਼ਕਿਲ ਹੁੰਦਾ ਹੈ। ਜੇ ਪੈਸੇ ਉਧਾਰ ਲੈਣ ਉਪਰੰਤ ਕਿਸੇ ਰਿਸ਼ਤੇਦਾਰ ਦੀ ਮੋੜਨ ਦੀ ਮਰਜ਼ੀ ਅਤੇ ਪ੍ਰਬੰਧ ਨਾ ਹੋਵੇ ਤਾਂ ਉਹ ਪੈਸੇ ਮੰਗਣ ਕਾਰਨ ਤੁਹਾਡੇ ਨਾਲ ਭੈੜਾ ਵਿਹਾਰ ਕਰੇਗਾ ਜਾਂ ਤੁਹਾਡੇ ਵਿਹਾਰ ਪ੍ਰਤੀ ਇਤਰਾਜ਼ ਕਰੇਗਾ। ਵਿਹਾਰਕ ਪੱਖੋਂ, ਵੱਡੇ ਨੁਕਸ ਵਾਲਾ ਕੋਈ ਰਿਸ਼ਤਾ ਝੱਲਣਾ ਬੜਾ ਮੁਸ਼ਕਿਲ ਹੁੰਦਾ ਹੈ ਅਤੇ ਉਧਾਰ ਨਾਲ ਇਹ ਰਿਸ਼ਤਾ ਕੌੜਾ ਹੋ ਜਾਂਦਾ ਹੈ। ਭੈਣਾਂ-ਭਰਾਵਾਂ ਵਿਚਕਾਰ ਵੀ ਪਿਆਰ ਤਾਂ ਹੀ ਰਹੇਗਾ, ਜੇ ਉਨ੍ਹਾਂ ਕੋਲ ਆਪਣੇ ਗੁਜ਼ਾਰੇ ਲਈ ਢੁੱਕਵੇਂ ਸਾਧਨ ਹੋਣਗੇ। ਭਰਾਵਾਂ ਵਿਚ ਅਸਲ ਅੰਤਰ ਤਨਖ਼ਾਹਾਂ-ਆਮਦਨਾਂ ਦਾ ਨਹੀਂ ਹੁੰਦਾ, ਬੱਚਤ ਦੀ ਆਦਤ ਅਤੇ ਖਰਚਣ ਦੇ ਸੁਭਾਅ ਦਾ ਹੁੰਦਾ ਹੈ। ਦੋਸਤੀ ਦਾ ਆਧਾਰ ਵੀ ਦੋਸਤਾਂ ਦੀ ਆਪਣੇ-ਆਪਣੇ ਖੇਤਰਾਂ ਵਿਚ ਸਫ਼ਲਤਾ ਹੁੰਦੀ ਹੈ। ਜੇ ਇਕ ਸਫ਼ਲ ਹੋਵੇ ਅਤੇ ਦੂਜਾ ਅਸਫ਼ਲ ਹੋਵੇ ਤਾਂ ਉਹ ਲੰਮਾ ਅਰਸਾ ਦੋਸਤ ਨਹੀਂ ਰਹਿਣਗੇ, ਜੇ ਰਹਿਣਗੇ ਤਾਂ ਦੋਸਤੀ ਨਹੀਂ ਨਿਭੇਗੀ ਅਤੇ ਇਕ ਵਾਰ ਦਾ ਮੰਗਿਆ-ਦਿੱਤਾ ਉਧਾਰ, ਦੋਸਤੀ ਦਾ ਭੋਗ ਪਾ ਦੇਵੇਗਾ। ਸੁਨਹਿਰੀ ਅਸੂਲ ਤਾਂ ਇਹ ਹੈ ਕਿ ਜਿੱਥੇ ਰਿਸ਼ਤਾ ਪਿਆਰ-ਸਤਿਕਾਰ ਵਾਲਾ ਹੋਵੇ, ਉੱਥੇ ਪੈਸੇ ਦਾ ਲੈਣ-ਦੇਣ ਨਹੀਂ ਹੋਣਾ ਚਾਹੀਦਾ। ਕਈਆਂ ਦੇ ਜੀਵਨ ਵਿਚ ਘਟਨਾਵਾਂ ਨਹੀਂ ਹੁੰਦੀਆਂ, ਸੰਕਟ ਹੀ ਹੁੰਦੇ ਹਨ ਅਤੇ ਕਈ ਸੰਕਟ ਉਨ੍ਹਾਂ ਦੇ ਆਪਣੇ ਸਹੇੜੇ ਹੋਏ ਹੁੰਦੇ ਹਨ। ਜ਼ਿੰਦਗੀ ਦਾ ਤੌਰ-ਤਰੀਕਾ ਕੁਝ ਇਸ ਪ੍ਰਕਾਰ ਦਾ ਬਣ ਗਿਆ ਹੈ ਕਿ ਕੋਈ ਕਿਸੇ ਲਈ ਰੁਕ ਨਹੀਂ ਸਕਦਾ, ਉਸ ਦਾ ਹੱਥ ਤਾਂ ਫੜ ਸਕਦਾ ਹੈ ਪਰ ਉਸ ਨੂੰ ਮੋਢਿਆਂ ’ਤੇ ਚੁੱਕ ਨਹੀਂ ਸਕਦਾ। ਬਿਮਾਰੀ ਦੀ ਹਾਲਤ ਵਿਚ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਕਿਸੇ ਦੀ ਉਸ ਪੜ੍ਹਾਈ ਵਿਚ ਵੀ ਮਦਦ ਕਰਨੀ ਚਾਹੀਦੀ ਹੈ ਜਿਸ ਨੂੰ ਤੁਸੀਂ ਮਹੱਤਵਪੂਰਨ ਸਮਝਦੇ ਹੋ। ਜਿਹੜੇ ਬੱਚਤ ਨਹੀਂ ਕਰਦੇ, ਉਨ੍ਹਾਂ ਨੂੰ ਉਧਾਰ ਨਾ ਦਿਓ, ਇਹ ਉਧਾਰ ਕਦੇ ਨਹੀਂ ਮੁੜੇਗਾ। ਉਧਾਰ ਮੰਗਣਾ ਕਈਆਂ ਦੀ ਆਦਤ ਹੁੰਦੀ ਹੈ, ਉਨ੍ਹਾਂ ਨੇ ਕਈਆਂ ਤੋਂ ਉਧਾਰ ਮੰਗਿਆ ਹੁੰਦਾ ਹੈ। ਬਹੁਤੇ ਲੋਕ ਨਵਾਂ ਸਾਲ ਚੜ੍ਹਨ ’ਤੇ ਪੁਰਾਣੀਆਂ ਆਦਤਾਂ ਦਾ ਨਵਾਂ ਆਰੰਭ ਕਰਦੇ ਹਨ। ਜਿਨ੍ਹਾਂ ਦੀ ਕੋਈ ਭੈੜੀ ਖਰਚੀਲੀ ਆਦਤ ਹੁੰਦੀ ਹੈ, ਉਹ ਆਪਣੇ ਮਾਪਿਆਂ ਨੂੰ ਵੀ ਬਰਬਾਦ ਕਰ ਦਿੰਦੇ ਹਨ। ਇਹ ਕਿਸੇ ਵੀ ਚੀਜ਼ ਦਾ ਵਾਸਤਾ ਪਾਉਣ, ਇਨ੍ਹਾਂ ਨੂੰ ਉਧਾਰ ਦੇਣ ਨਾਲ ਮੁਸੀਬਤ ਸਹੇੜਨ ਵਾਲੀ ਗੱਲ ਵਾਪਰੇਗੀ।

ਪੈਸੇ ਉਧਾਰ ਦੇਣ ਵਾਲੇ ਨੂੰ ਹੀ ਨਹੀਂ ਲੈਣ ਵਾਲੇ ਨੂੰ ਪਛਤਾਵਾ ਹੁੰਦਾ ਹੈ ਕਿਉਂਕਿ ਊਧਾਰੇ ਪੈਸਿਆਂ ਨਾਲ ਸਮੱਸਿਆ ਦਾ ਮੁਕੰਮਲ ਹੱਲ ਨਹੀਂ ਨਿਕਲਦਾ, ਆਰਜ਼ੀ ਅਤੇ ਡੰਗ-ਟਪਾਊ ਹੱਲ ਹੀ ਹੁੰਦਾ ਹੈ ਅਤੇ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਪੈਸੇ ਉਧਾਰ ਦੇਣ ਦਾ ਨੁਕਸਾਨ ਇਹ ਹੁੰਦਾ ਹੈ ਕਿ ਇਹ ਮੁੜਨੇ ਨਹੀਂ, ਲੈਣ ਦਾ ਨੁਕਸਾਨ ਇਹ ਹੁੰਦਾ ਹੈ ਕਿ ਇਹ ਝੱਟ ਖਰਚ ਹੋ ਜਾਂਦੇ ਹਨ ਅਤੇ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਧੀਆਂ-ਪੁੱਤਰਾਂ ਨੂੰ ਬੱਚੇ ਹੋਣ ਤਕ ਹੀ ਬੱਚੇ ਸਮਝਣਾ ਚਾਹੀਦਾ ਹੈ, ਪਰ ਜੇ ਉਹ ਵਕਤ ਤੋਂ ਪਹਿਲਾਂ ਅਤੇ ਰੁਜ਼ਗਾਰ ਤੋਂ ਬਿਨਾਂ ਆਪ ਸਹੇੜੇ ਵਿਆਹ ਉਪਰੰਤ ਤਲਾਕ ਦੇ ਮੁਕੱਦਮੇ ਲੜਨ ਲੱਗ ਪੈਣ ਤਾਂ ਉਹ ਬੱਚੇ ਨਹੀਂ ਰਹਿੰਦੇ, ਪਿਓ ਬਣ ਜਾਂਦੇ ਹਨ। ਇਕ ਭਤੀਜੇ ਨੇ ਕਾਰ ਚੋਰੀ ਕੀਤੀ ਹੈ, ਉਹ ਵਕੀਲ ਕਰਨ ਲਈ ਤੁਹਾਡੇ ਤੋਂ ਪੰਜਾਹ ਹਜ਼ਾਰ ਰੁਪਏ ਮੰਗ ਰਿਹਾ ਹੈ, ਜਿਸ ਨਾਲ ਉਹ ਵਕੀਲ ਕਰੇਗਾ ਜਿਹੜਾ  ਉਸ ਨੂੰ ਜੇਲ੍ਹ ਜਾਣ ਤੋਂ ਬਚਾਉਣ ਦਾ ਯਤਨ ਕਰੇਗਾ। ਤੁਸੀਂ ਕੀ ਕਰੋਗੇ? ਅਜਿਹੇ ਪੈਸੇ ਅਜਿਹੇ ਹੁੰਦੇ ਹਨ ਜਿਹੜੇ ਕਿਸੇ ਨੂੰ ਦੇਣ ਨਾਲ ਹਮੇਸ਼ਾ ਲਈ ਲੋਪ ਹੋ ਜਾਂਦੇ ਹਨ। ਜਿੰਨਾ ਮਰਜ਼ੀ ਕਹੀ ਜਾਓ, ਪੈਸੇ ਨਾਲ ਕੋਈ ਫ਼ਰਕ ਨਹੀਂ ਪੈਂਦਾ, ਫ਼ਰਕ ਪੈਂਦਾ ਹੀ ਪੈਸੇ ਨਾਲ ਹੈ। ਜੇ ਰਿਸ਼ਤੇਦਾਰ ਨਾਲ ਪੈਸਿਆਂ ਸਬੰਧੀ ਝਗੜਾ ਹੋਵੇਗਾ ਤਾਂ ਕੁਝ ਰਿਸ਼ਤੇਦਾਰ ਤੁਹਾਡੇ ਪੱਖ ਵਿਚ ਅਤੇ ਕੁਝ ਤੁਹਾਡੇ ਵਿਰੁੱਧ ਹੋਣਗੇ। ਇਹ ਪੈਸਿਆਂ ਕਾਰਨ ਨਹੀਂ, ਸ਼ਰੀਕੇ ਕਾਰਨ ਹੁੰਦਾ ਹੈ। ਜਿਹੜੀ ਇਕ ਚੀਜ਼ ਦੀ ਸਾਰੀ ਜ਼ਿੰਦਗੀ ਲੋੜ ਪੈਂਦੀ ਰਹਿੰਦੀ ਹੈ, ਉਹ ਪੈਸਾ ਹੁੰਦਾ ਹੈ। ਨੋਟ ਸਾਰੇ ਦੇਸ਼ ਵਿਚ ਚਲਦੇ ਹਨ, ਇਨ੍ਹਾਂ ਦੀ ਸਾਰੇ ਧਰਮਾਂ ਦੇ ਲੋਕ ਪੂਜਾ ਕਰਦੇ ਹਨ। ਕੋਈ ਕਿਸੇ ਨੂੰ ਪਛਾਣੇ ਨਾ ਪਛਾਣੇ, ਨੋਟਾਂ ਨੂੰ ਹਰ ਕੋਈ ਪਛਾਣਦਾ ਹੈ। ਜਿਨ੍ਹਾਂ ਘਰਾਂ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਹੁੰਦੇ ਹਨ, ਉਹ ਨੋਟਾਂ ਨਾਲ ਖੁੱਲ੍ਹਦੇ ਹਨ।

ਜੀਵਨ ਵਿਚ ਬਹੁਤਾ ਉਧਾਰ ਪੈਸੇ ਦਾ ਹੁੰਦਾ ਹੈ, ਪਰ ਹੁਣ ਚੀਜ਼ਾਂ, ਵਸਤਾਂ, ਕੱਪੜਿਆਂ, ਗਹਿਣਿਆਂ ਆਦਿ ਦਾ ਵੀ ਉਧਾਰ ਹੋਣ ਲੱਗ ਪਿਆ ਹੈ। ਦੁਕਾਨਦਾਰ ਤੋਂ ਸਾਮਾਨ ਉਧਾਰ ਲੈਣ ਦਾ ਰੋਗ ਸਰਬ ਵਿਆਪਕ ਹੈ। ਹੁਣ ਪ੍ਰੇਮੀ, ਪ੍ਰੇਮਿਕਾਵਾਂ ਤੋਂ ਉਧਾਰ ਲੈਂਦੇ ਹਨ, ਵਾਪਸ ਮੰਗਣ ਕਾਰਨ ਨਾਰਾਜ਼ ਹੋ ਜਾਂਦੇ ਹਨ। ਹੋਰਾਂ ਤੋਂ ਕਾਰ, ਕੈਮਰਾ, ਕੰਪਿਊਟਰ ਆਦਿ ਮੰਗਣ ਦੀ ਆਦਤ ਵਧ ਰਹੀ ਹੈ। ਇਕ ਗੁਆਂਢਣ ਨੇ ਚਕਲਾ-ਵੇਲਣਾ ਮੰਗਿਆ ਜਿਹੜਾ ਨਾ ਮੋੜਨ ’ਤੇ ਝਗੜਾ ਹੋਇਆ। ਕਰਾਕਰੀ, ਕੁਰਸੀਆਂ, ਫਰਨੀਚਰ ਵੀ ਮੰਗਿਆ ਜਾਂਦਾ ਹੈ। ਬਹੁਤੇ ਉਧਾਰੇ ਲਏ ਪੈਸੇ ਪੂਰੇ ਨਹੀਂ ਮੋੜਦੇ, ਟੁੱਟਵੇਂ ਮੋੜਦੇ ਹਨ। ਟੁੱਟਵੇਂ ਪੈਸੇ ਨਿਤ-ਪ੍ਰਤੀ ਦੇ ਖਰਚਿਆਂ ਵਿਚ ਲੱਗ ਜਾਂਦੇ ਹਨ। ਕਈ ਕਿਸੇ ਦੀ ਨਵੀਂ ਚੀਜ਼ ਮੰਗਣ ਆ ਜਾਂਦੇ ਹਨ। ਨਵੀਂ ਚੀਜ਼ ਵਰਤਣ ਦਾ ਪਹਿਲਾ ਅਧਿਕਾਰ ਖਰੀਦਣ ਵਾਲੇ ਦਾ ਹੁੰਦਾ ਹੈ। ਆਪਣੀਆਂ ਚੰਗੀਆਂ ਚੀਜ਼ਾਂ, ਜਿਨ੍ਹਾਂ ਨੂੰ ਤੁਸੀਂ ਵਿਸ਼ੇਸ਼ ਯਤਨਾਂ ਨਾਲ ਪ੍ਰਾਪਤ ਕੀਤਾ ਹੈ, ਉਹ ਉਧਾਰ ਨਾ ਦਿਓ। ਕਿਸੇ ਨੇ ਨਵਾਂ ਮਕਾਨ ਪਾਇਆ, ਉਸ ਦੇ ਰਹਿਣਾ ਆਰੰਭ ਕਰਨ ਤੋਂ ਪਹਿਲਾਂ, ਗੁਆਂਢੀ ਆ ਕੇ ਕਹਿਣ ਲੱਗਾ ਕਿ ਅਸੀਂ ਆਪਣੇ ਘਰ ਦੀ ਮੁਰੰਮਤ ਅਤੇ ਰੰਗ-ਰੋਗਨ ਕਰਵਾਉਣਾ ਹੈ, ਤੁਸੀਂ ਆਪਣਾ ਖਾਲੀ ਮਕਾਨ ਸਾਨੂੰ ਛੇ ਮਹੀਨੇ ਵਾਸਤੇ ਸਾਮਾਨ ਰੱਖਣ ਲਈ ਦੇ ਦਿਓ। ਬਹੁਤ ਪੋਲੇ ਹੋਣ ਦੀ ਲੋੜ ਨਹੀਂ।

ਉਧਾਰ ਦੇਣ ਦੇ ਸਬੰਧ ਵਿਚ ਸਭ ਤੋਂ ਵੱਡੀ ਸਮੱਸਿਆ ਨਾਂਹ ਕਹਿ ਸਕਣ ਦੀ ਹੁੰਦੀ ਹੈ। ਆਪ ਨਿਰਣਾ ਕਰੋ ਕਿ ਕੀ ਮਹੱਤਵਪੂਰਨ ਹੈ: ਰਿਸ਼ਤਾ ਕਿ ਪੈਸਾ। ਨਿਰਸੰਦੇਹ, ਕਈ ਵਾਰੀ ਉਧਾਰ ਦਿੱਤੇ ਪੈਸੇ ਵਾਪਸ ਲੈਣ ਦੀ ਮਰਜ਼ੀ ਵੀ ਨਹੀਂ ਹੁੰਦੀ, ਜੇ ਮੁੜ ਆਉਣ ਬੜੀ ਖ਼ੁਸ਼ੀ ਹੁੰਦੀ ਹੈ ਪਰ ਜੇ ਮੋੜਨ ਵਾਲਾ ਕੁਝ ਚਿਰ ਮਗਰੋਂ ਵੱਡੀ ਰਕਮ ਮੰਗਣ ਆ ਜਾਵੇ ਤਾਂ ਨਾ ਦਿਓ ਕਿਉਂਕਿ ਇਹ ਪੈਸੇ ਨਹੀਂ ਮੁੜਨਗੇ। ਕਿਉਂਕਿ ਉਧਾਰ ਮੰਗਣ ਵਾਲੇ ਸ਼ਿਕਾਰੀਆਂ ਅਤੇ ਮਛੇਰਿਆਂ ਵਾਲੇ ਪੈਂਤੜੇ ਵਰਤਦੇ ਹਨ ਅਤੇ ਲੁਡੋ ਦੀ ਪੌੜੀ ਅਤੇ ਸੱਪ ਵਾਲੀ ਵਿਧੀ ਵਰਤਦੇ ਹਨ, ਸੋ ਬਹੁਤ ਸੁਚੇਤ ਹੋਣ ਦੀ ਲੋੜ ਹੈ। ਕਈ ਮਾਪੇ ਆਪਣੀਆਂ ਬੱਚਤਾਂ ਮੁੜ ਆਉਣ ਦੀ ਆਸ ਨਾਲ ਦੇ ਦਿੰਦੇ ਹਨ ਅਤੇ ਮਗਰੋਂ ਪਛਤਾਉਂਦੇ ਹਨ। ਮਾਇਕ ਸੁਰੱਖਿਆ ਦੀ ਮਾਪਿਆਂ ਨੂੰ ਬੜੀ ਲੋੜ ਹੁੰਦੀ ਹੈ। ਜੇ ਮਾਪੇ ਸੰਤਾਨ ਉੱਤੇ ਮਾਇਕ ਪੱਖੋਂ ਨਿਰਭਰ ਨਹੀਂ ਤਾਂ ਇਹ ਇਕ ਵਰਦਾਨ ਵਾਲੀ ਸਥਿਤੀ ਹੁੰਦੀ ਹੈ।

ਜਿਹੜੇ ਮਾਪੇ, ਬਾਲਗ ਬੱਚਿਆਂ ਦੀ ਕਿਸੇ ਫੌਰੀ ਲੋੜ ਨੂੰ ਜਦੋਂ ਪੂਰੀ ਕਰਦੇ ਹਨ ਤਾਂ ਉਹ ਇਕ ਭੈੜੀ ਆਦਤ ਨੂੰ ਖਾਦ ਪਾ ਰਹੇ ਹੁੰਦੇ ਹਨ। ਜੇ ਬਾਲਗ ਬੱਚਿਆਂ ਨੂੰ ਪਤਾ ਹੋਵੇ ਕਿ ਤੁਸੀਂ ਉਨ੍ਹਾਂ ਨੂੰ ਸੰਕਟ ਤੋਂ ਬਚਾ ਲਓਗੇ ਤਾਂ ਉਹ ਸੰਕਟ ਉਪਜਾਉਂਦੇ ਰਹਿਣਗੇ। ਪੈਸੇ ਨਾ ਮੁੜਨ ’ਤੇ ਮਾਪੇ ਤਾਂ ਘਾਟਾ ਸਹਿ ਲੈਣਗੇ, ਪਰ ਵਧੇਰੇ ਨੁਕਸਾਨ ਲੈਣ ਵਾਲੇ ਦਾ ਹੋਵੇਗਾ ਕਿਉਂਕਿ ਇਕ ਚੰਗਾ ਭਰੋਸੇਮੰਦ ਸਰੋਤ ਹਮੇਸ਼ਾ ਲਈ ਬੰਦ ਹੋ ਜਾਵੇਗਾ। ਬੈਂਕ ਵਿਚ ਪੈਸੇ ਅਚਾਨਕ ਉਪਜੀ ਲੋੜ ਲਈ ਹੁੰਦੇ ਹਨ। ਜੇ ਇਹ ਪੈਸੇ ਉਧਾਰ ਦਿੱਤੇ ਹੋਣ ਤਾਂ ਇਹ ਵਾਪਸ ਆਉਣੇ ਚਾਹੀਦੇ ਹਨ। ਜੇ ਨਹੀਂ ਆਉਂਦੇ ਤਾਂ ਅਚਾਨਕ ਲੋੜ ਉਪਜਣ ਵੇਲੇ ਮਾਪਿਆਂ ਦੀ ਹਾਲਤ ਬੜੀ ਤਰਸਯੋਗ ਹੋ ਜਾਂਦੀ ਹੈ। ਬੱਚੇ ਮਾਪਿਆਂ ਦੀ ਤਰਜੀਹ ਹੁੰਦੇ ਹਨ, ਪਰ ਮਾਪੇ ਬੱਚਿਆਂ ਦੀ ਤਰਜੀਹ ਨਹੀਂ ਹੁੰਦੇ। ਕਿਸੇ ਵੱਲੋਂ ਉਧਾਰ ਮੰਗਣ ਵੇਲੇ ਜਾਣੋ ਕਿ ਉਸ ਨੂੰ ਉਧਾਰ ਮੰਗਣ ਦੀ ਲੋੜ ਕਿਉਂ ਪਈ ਹੈ, ਕੀ ਸਥਿਤੀ ਊਸ ਦੇ ਨਿਯੰਤਰਣ ਤੋਂ ਬਾਹਰੀ ਸੀ ਜਾਂ ਪੈਸੇ ਸਬੰਧੀ ਉਸ ਦਾ ਵਿਹਾਰ ਲਾਪ੍ਰਵਾਹੀ ਵਾਲਾ ਸੀ। ਜੇ ਉਧਾਰ ਮੰਗਣ ਵਾਲਾ ਪੈਸੇ ਪ੍ਰਤੀ ਲਾਪ੍ਰਵਾਹ ਹੈ ਤਾਂ ਉਸ ਦਾ ਸੰਕਟ ਟਾਲ ਕੇ ਤੁਸੀਂ ਆਪਣੇ ਲਈ ਸੰਕਟ ਉਪਜਾ ਰਹੇ ਹੋਵੋਗੇ।

ਜੇ ਕੋਈ ਦੋਸਤ ਉਧਾਰ ਮੰਗਣ ਆ ਗਿਆ ਤਾਂ ਇਹ ਦੋਸਤੀ ਤੋਂ ਬਾਹਰ ਦੀ ਗੱਲ ਹੁੰਦੀ ਹੈ, ਤੁਸੀਂ ਉਧਾਰ ਦੇਣ ਵਾਲੇ ਹੋ, ਉਹ ਉਧਾਰ ਲੈਣ ਵਾਲਾ ਹੈ, ਰਿਸ਼ਤਾ ਦੋਸਤੀ ਵਾਲਾ ਨਹੀਂ ਰਿਹਾ, ਆਰਥਿਕ ਹੋ ਗਿਆ ਹੈ। ਵਾਪਸ ਕਰਨ ਦੀਆਂ ਸ਼ਰਤਾਂ ਬਾਰੇ ਸਪਸ਼ਟ ਹੋਵੋ, ਕਿਹੜੀ ਮਿਤੀ ਨੂੰ ਮੋੜੇਗਾ, ਸਾਰੇ ਇਕੋ ਵਾਰੀ ਮੋੜੇਗਾ ਕਿ ਕਿਸ਼ਤਾਂ ਵਿਚ। ਸਭ ਕੁਝ ਦੀ ਲਿਖਤ-ਪੜ੍ਹਤ ਕਰੋ। ਨਵੀਂ ਕਾਰ, ਨਵੇਂ ਮਕਾਨ, ਸੈਰ-ਸਪਾਟੇ ਜਾਂ ਕਿਸੇ ਸਮਾਗਮ ਆਦਿ ਲਈ ਪੈਸੇ ਉਧਾਰ ਨਹੀਂ ਦੇਣੇ ਚਾਹੀਦੇ ਕਿਉਂਕਿ ਇਹ ਲੋੜਾਂ ਨਹੀਂ, ਇੱਛਾਵਾਂ ਹਨ। ਜੇ ਤੁਸੀਂ ਦੋਸਤ ਦੇ ਜਵਾਬਾਂ ਨਾਲ ਸੰਤੁਸ਼ਟ ਨਹੀਂ ਤਾਂ ਉਸ ਦੀ ਬੇਨਤੀ ਨੂੰ ਟਾਲ ਦਿਓ, ਕਹੋ ਸੋਚ ਕੇ ਦੱਸਾਂਗੇ, ਆਪਣੇ ਵਸੀਲੇ ਜਾਣ ਕੇ ਫ਼ੈਸਲਾ ਕਰਾਂਗਾ। ਇਹ ਨਾਂਹ ਕਹਿਣ ਤੋਂ ਬਿਨਾਂ ਨਾਂਹ ਕਹਿਣ ਦਾ ਢੰਗ ਹੁੰਦਾ ਹੈ। ਜੇ ਉਹ ਨਾਰਾਜ਼ ਹੁੰਦਾ ਹੈ ਤਾਂ ਹੋਣ ਦਿਓ, ਪਰ ਤੁਸੀਂ ਨਾਰਾਜ਼ ਕਰਨ ਵਾਲੀ ਕੋਈ ਗੱਲ ਨਾ ਕਰੋ। ਜੇ ਕਿਸੇ ਨੂੰ ਛੇ ਮਹੀਨੇ ਪਹਿਲਾਂ ਪਤਾ ਸੀ ਕਿ ਕਿਸ਼ਤ ਭਰਨੀ ਹੈ ਤਾਂ ਉਹ ਕਿਸ਼ਤ ਭਰਨ ਨੂੰ ਫੌਰੀ ਲੋੜ ਨਹੀਂ ਬਣਾ ਸਕਦਾ। ਕਿਸੇ ਦਾ ਕੋਈ ਅਧਿਕਾਰ ਨਹੀਂ ਕਿ ਦੇਣ ਵਾਲਾ ਹਾਂ ਹੀ ਕਹੇ। ਜਾਣੋ ਕਿ ਉਸ ਨੇ ਆਪਣੇ ਵਸੀਲਿਆਂ ਤੋਂ ਕੀ ਜੁਟਾਇਆ ਹੈ। ਜੇ ਕੋਈ ਨੇੜੇ ਦਾ ਰਿਸ਼ਤੇਦਾਰ ਪੰਜਾਹ ਹਜ਼ਾਰ ਮੰਗਦਾ ਹੈ ਤਾਂ ਜੇ ਤੁਸੀਂ ਨਾਂਹ ਨਹੀਂ ਕਰ ਸਕਦੇ ਤਾਂ ਪੰਜ ਹਜ਼ਾਰ ਦੇ ਕੇ ਕਹੋ, ਇਹ ਲੈ ਜਾਓ, ਇਹ ਉਧਾਰ ਨਹੀਂ, ਇਹ ਮੇਰੇ ਵੱਲੋਂ ਮਦਦ ਹੈ। ਉਹ ਭਾਵੇਂ ਨਾ ਲਵੇ, ਪਰ ਉਸ ਨੂੰ ਨਾਰਾਜ਼ ਹੋਣ ਦਾ ਅਧਿਕਾਰ ਨਹੀਂ ਹੋਵੇਗਾ। ਜੇ ਨਾਰਾਜ਼ ਹੁੰਦਾ ਹੈ ਤਾਂ ਹੋਣ ਦਿਓ।

ਤੁਸੀਂ ਭਾਵੇਂ ਕਿੰਨੀਆਂ ਸਾਵਧਾਨੀਆਂ ਵਰਤੋ, ਪਰ ਤੁਸੀਂ ਉਧਾਰ ਮੰਗਣ ਵਾਲਿਆਂ ਤੋਂ ਬਚ ਨਹੀਂ ਸਕਦੇ। ਵੱਡੇ ਘਾਟੇ ਬਰਦਾਸ਼ਤ ਕਰਨ ਉਪਰੰਤ ਮੈਂ ਹੁਣ ਉਧਾਰ ਨਹੀਂ ਦਿੰਦਾ, ਆਪਣੀ ਸਮਰੱਥਾ ਅਨੁਸਾਰ ਜੇ ਮੇਰਾ ਮਨ ਮੰਨੇ, ਤਾਂ ਮਦਦ ਹੀ ਕਰਦਾ ਹਾਂ।

Advertisement
Tags :
ਉਧਾਰਮੰਗਣਵਾਲੇ