ਬਰਨਾਲਾ: ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਏਆਰ ਤੇ ਡੀਆਰ ਦੀ ਅਰਥੀ ਫੂਕੀ
ਪਰਸ਼ੋਤਮ ਬੱਲੀ
ਬਰਨਾਲਾ, 29 ਅਗਸਤ
ਪਿੰਡ ਪੱਖੋਕੇ ਤੇ ਮੱਲ੍ਹੀਆਂ ਦੀ ਸਾਂਝੀ ਕੋਆਪਰੇਟਿਵ ਖੇਤੀਬਾੜੀ ਸੁਸਾਇਟੀ 'ਚ ਕਥਿਤ ਗਬਨ ਦੀ ਪੁਖਤਾ ਜਾਂਚ ਉਪਰੰਤ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਨੂੰ ਲੈ ਕੇ ਬੀਕੇਯੂ ਉਗਰਾਹਾਂ ਹੇਠ ਡੀਸੀ ਦਫ਼ਤਰ ਲੱਗੇ ਮੋਰਚੇ ਦੇ ਅੱਜ 13ਵੇਂ ਦਿਨ ਧਰਨਾਕਾਰੀਆਂ ਨੇ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ ਤੇ ਏਆਰ ਤੇ ਡੀਆਰ ਦੀ ਅਰਥੀ ਫੂਕੀ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ ਚੀਮਾ ਤੇ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਡੇਢ ਸਾਲ ਤੋਂ ਪਿੰਡ ਪੱਖੋਕੇ ਤੇ ਮੱਲੀਆਂ ਦੀ ਸਾਂਝੀ ਕੋਅਪਰੇਟਿਵ ਸੁਸਾਇਟੀ ਵਿੱਚ ਕੀਤੇ ਕਥਿਤ ਗਬਨ ਨੂੰ ’ਤੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਹੈ। ਬੁਲਾਰਿਆਂ ਇਹ ਵੀ ਕਿਹਾ ਕਿ ਵਿਭਾਗ ਤੇ ਅਧਿਕਾਰੀ ਵੀ ਕਥਿਤ ਮਿਲੀਭੁਗਤ ਕਰਕੇ ਪੀੜਤ ਕਿਸਾਨ ਮੈਬਰਾਂ ਨੂੰ ਇਨਸਾਫ਼ ਨਹੀਂ ਦੇ ਰਹੇ। ਆਗੂਆਂ ਕਿਹਾ ਕਿ ਅੱਜ ਰੋਸ ਮਾਰਚ ਕਰਦਿਆਂ ਏਆਰ ਤੇ ਡੀਆਰ ਦਫ਼ਤਰ ਅੱਗੇ ਪੁੱਜ ਕੇ ਅਰਥੀ ਫੂਕੀ ਗਈ ਹੈ। ਸਰਕਾਰ ਤੇ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਆਗੂਆਂ ਮੰਗ ਕੀਤੀ ਕਿ ਮੈਂਬਰਾਂ ਦੀਆਂ ਕੁਰਕ ਜ਼ਮੀਨਾਂ ਤੁਰੰਤ ਬਹਾਲ ਕੀਤੀਆਂ ਜਾਣ। ਇਸ ਮੌਕੇ ਗੁਰਚਰਨ ਸਿੰਘ ਭੋਤਨਾ, ਰਣਜੀਤ ਸਿੰਘ ਹਮੀਦੀ, ਜੱਗੀ ਢਿੱਲੋਂ ਚੀਮਾ, ਦਰਸ਼ਨ ਸਿੰਘ, ਮੇਜਰ ਸਿੰਘ, ਹਰਮੇਲ ਸਿੰਘ, ਸੁਰਜੀਤ ਸਿੰਘ ਮੱਲ੍ਹੀ, ਗੁਰਦਰਸ਼ਨ ਸਿੰਘ ਮੱਲ੍ਹੀ, ਹਰਬੰਸ ਕੌਰ ਅਤੇ ਜਸਵਿੰਦਰ ਕੌਰ ਸ਼ਾਮਲ ਸਨ।