ਕੌਮਾਂਤਰੀ ਮਸਲਿਆਂ ਨੂੰ ਸ਼ਾਂਤੀ ਨਾਲ ਨਜਿੱਠੇ ਕੇਂਦਰ: ਰੁਲਦੂ ਸਿੰਘ
ਜੋਗਿੰਦਰ ਸਿੰਘ ਮਾਨ
ਮਾਨਸਾ, 9 ਮਈ
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਹਿੰਦ-ਪਾਕਿ ਸਰਹੱਦ ’ਤੇ ਬਣੇ ਤਣਾਅ ਦੇ ਚੱਲਦਿਆਂ ਮੰਗ ਕੀਤੀ ਕਿ ਭਾਰਤ ਸਰਕਾਰ ਮਾਹੌਲ ਨੂੰ ਸੁਖਾਵਾਂ ਕਰਕੇ ਅੰਤਰਰਾਸ਼ਟਰੀ ਤੇ ਘਰੇਲੂ ਮਸਲਿਆਂ ਨੂੰ ਆਪਸੀ ਗੱਲਬਾਤ ਅਤੇ ਸ਼ਾਂਤੀ ਨਾਲ ਨਜਿੱਠਣ ਦੀ ਪਹਿਲਕਦਮੀ ਕਰੇ। ਉਨ੍ਹਾਂ ਦੇਸ਼ ਭਰ ਦੇ ਇਨਸਾਫ਼ ਪਸੰਦ ਅਤੇ ਸਮਾਜਿਕ ਕਾਰਕੁਨਾਂ ਨੂੰ ਜੰਗੀ ਮਾਹੌਲ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਤਾਂ ਜੋ ਦੇਸ਼ ਦੀ ਜਨਤਾ ਨੂੰ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਉਹ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਾਂਝੇ ਪੰਜਾਬ ਨੇ 1947 ਦੀ ਵੰਡ ਦਾ ਸੰਤਾਪ, 1965 ਅਤੇ 1971 ਦੀਆਂ ਜੰਗਾਂ ਦਾ ਅਸਰ ਅਜੇ ਲੋਕਾਂ ਦੇ ਜਹਿਨ ਅੰਦਰ ਹੈ ਤੇ ਇਹ ਜੰਗਾਂ ਨੇ ਘੋਰ ਤਬਾਹੀ ਬਿਨਾਂ ਕੁਝ ਵੀ ਹੋਰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਬਾਰਡਰਾਂ ’ਤੇ ਮੌਤ ਦੇ ਮੂੰਹ ਚੋਂ ਰੋਟੀ ਕਮਾਉਣ ਗਏ ਜਵਾਨ ਪੁੱਤਾਂ ਦੀਆਂ ਲਾਸ਼ਾਂ ਬੁੱਢੇ ਮਾਪਿਆਂ ਨੇ ਮੋਢਿਆਂ ’ਤੇ ਢੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਭ ਕੁੱਝ ਚੋਂ ਹਥਿਆਰ ਨਿਰਮਾਤਾ ਦੇਸ਼ਾਂ ਅਤੇ ਇੰਡਸਟਰੀਆਂ ਜਿਹਨਾਂ ਨੇ ਹਥਿਆਰ ਵੇਚਣੇ ਹਨ, ਉਨਾਂ ਨੂੰ ਮੁਨਾਫ਼ੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਅੰਦਰਲੇ ਜੰਗੀ ਮਾਹੌਲ ਨੇ ਆਮ ਮਿਹਨਤਕਸ਼ ਲੋਕਾਂ ਦੇ ਸਾਹ ਸੂਤ ਰੱਖੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਹੁਕਮਾਂ ਅਨੁਸਾਰ ਹੋਈ ਮੌਕ ਡਰਿੱਲ ਨੇ ਜਿੱਥੇ ਸੁਰੱਖਿਆ ਕਵੱਚ ਬਣਨਾ ਸੀ, ਉਥੇ ਨਾਲ ਹੀ ਦਹਿਸ਼ਤ ਦਾ ਸਾਇਆ ਵੀ ਬਣੀ।
ਉਨ੍ਹਾਂ ਕਿਹਾ ਕਿ ਮੀਡੀਆ ਚੈਨਲ ਇੱਕ ਤੋਂ ਇੱਕ ਵਧਕੇ ਸਰਹੱਦੀ ਹਾਲਤਾਂ ਨੂੰ ਡਰਾਵਣੇ ਤਰੀਕਿਆਂ ਨਾਲ ਪ੍ਰਚਾਰ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਅੱਜ ਕੁੱਝ ਦਿਨਾਂ ਵਾਸਤੇ ਸਕੂਲਾਂ,ਕਾਲਜਾਂ,ਯੂਨੀਵਰਸਿਟੀਆਂ ਬੰਦ ਕਰਨ ਸਬੰਧੀ ਜੋ ਹਦਾਇਤਾਂ ਦਿੱਤੀਆਂ ਹਨ, ਇਸ ਨਾਲ ਵੀ ਆਮ ਲੋਕਾਂ ਵਿੱਚ ਘਬਰਾਹਟ ਪੈਦਾ ਹੋਈ ਹੈ।