ਦੇਸ਼ ਵੰਡ ਦਾ ਸੰਤਾਪ ਹੰਢਾਉਣ ਵਾਲੇ ਨਹੀਂ ਚਾਹੁੰਦੇ ਜੰਗ
ਜਗਤਾਰ ਸਮਾਲਸਰ
ਏਲਨਾਬਾਦ, 9 ਮਈ
ਭਾਰਤ-ਪਾਕਿਸਤਾਨ ਵੰਡ ਨੂੰ 78 ਸਾਲ ਬੀਤ ਚੁੱਕੇ ਹਨ ਪਰ ਵਰਤਮਾਨ ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਵਿਗੜਦੇ ਹਾਲਾਤ ਨੂੰ ਵੇਖਦਿਆਂ 1947 ਦੀ ਵੰਡ ਨੂੰ ਅੱਖੀਂ ਵੇਖ ਚੁੱਕੇ ਰਾਮਪੁਰ ਥੇੜ੍ਹੀ ਵਾਸੀ ਬਲਕਾਰ ਸਿੰਘ ਜੋਸ਼ਨ ਦੀ ਰੂਹ ਅੱਜ ਵੀ ਕੰਬ ਉੱਠਦੀ ਹੈ। 85 ਸਾਲਾ ਬਲਕਾਰ ਸਿੰਘ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦਾ ਇੱਕ-ਇੱਕ ਸੀਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਉਹ ਪਾਕਿਸਤਾਨ ਛੱਡ ਕੇ ਭਾਰਤ ਵੱਲ ਆ ਰਹੇ ਸਨ ਤਾਂ ਰਸਤੇ ਵਿੱਚ ਵਿਛੀਆਂ ਲਾਸ਼ਾਂ ਦੇ ਉੱਪਰੋਂ ਲੰਘ ਕੇ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾ ਕੇ ਭਾਰਤ ਪਹੁੰਚੇ ਸਨ। ਉਹ ਪਾਕਿਸਤਾਨ ਦੇ ਪਿੰਡ ਘਿਰਾਏਵਾਲਾ ਤਹਿਸੀਲ ਨਨਕਾਣਾ ਸਾਹਿਬ ਜ਼ਿਲ੍ਹਾ ਸ਼ੇਖੂਪੁਰ ਵਿੱਚ ਆਪਣਾ ਹੱਸਦਾ-ਖੇਡਦਾ ਪਰਿਵਾਰ ਸਿਰਫ ਇੱਕ ਅਨਾਊਂਸਮੈਂਟ ਦੇ ਬਾਅਦ ਤੁਰੰਤ ਛੱਡ ਕੇ ਪੈਦਲ ਹੀ ਨਿਕਲ ਪਏ ਸਨ। ਇਹ ਇਲਾਕਾ ਲਾਹੌਰ ਤੋਂ 80 ਕਿਲੋਮੀਟਰ ਅੱਗੇ ਹੈ। ਇੱਥੋਂ ਬਲਕਾਰ ਸਿੰਘ ਆਪਣੇ ਸਭ ਤੋਂ ਵੱਡੇ ਭਰਾ ਮੋਹਨ ਸਿੰਘ ਜੋਸ਼ਨ, ਜੋਗ ਸਿੰਘ ਜੋਸ਼ਨ ਅਤੇ ਚਾਚੇ-ਤਾਏ ਦਾ ਪਰਿਵਾਰ ਸਾਰਾ ਘਰੇਲੂ ਸਾਮਾਨ ਪਸ਼ੂ ਆਦਿ ਛੱਡ ਕੇ ਨਿਕਲ ਪਏ ਸਨ। ਬਲਕਾਰ ਸਿੰਘ ਨੇ ਕਿਹਾ ਕਿ ਲੜਾਈ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਫਾਇਦੇਮੰਦ ਨਹੀਂ ਹੈ। ਲੜਾਈ ਦੇ ਦੌਰਾਨ ਅਤੇ ਲੜਾਈ ਦੇ ਬਾਅਦ ਵੀ ਬੜੇ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਲੜਾਈ ਕਾਰਨ ਦੇਸ਼ਾ ਨੂੰ ਹਰ ਤਰ੍ਹਾਂ ਦਾ ਨੁਕਸਾਨ ਸਹਿਣ ਕਰਨਾ ਪੈਂਦਾ ਹੈ ਅਤੇ ਦੇਸ਼ ਨੂੰ ਫਿਰ ਤੋਂ ਤਰੱਕੀ ਲਈ ਜ਼ੀਰੋਂ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ-ਪਾਕਿ ਦੌਰਾਨ ਵਧਦੇ ਤਨਾਅ ਵਿੱਚ ਭਰਾ ਹੀ ਭਰਾ ਨੂੰ ਮਾਰ ਰਿਹਾ ਹੈ ਕਿਉਕਿ ਪਾਕਿ ਵਿੱਚ ਰਹਿਣ ਵਾਲੇ ਲੋਕਾਂ ਦਾ ਭਾਰਤ ਦੇ ਲੋਕਾਂ ਨਾਲ ਖੂਨੀ ਰਿਸ਼ਤਾ ਹੈ।