ਬਾਜਵਾ ਦੀ ਭੂਮਿਕਾ ਗੈਰ-ਜ਼ਿੰਮੇਵਾਰਾਨਾ: ਮੁੱਖ ਮੰਤਰੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਪਰੈਲ
Punjab news ਅੰਬੇਦਕਰ ਜੈਅੰਤੀ ਮੌਕੇ ਪੰਜਾਬੀ ਯੂਨੀਵਰਸਿਟੀ ਵਿੱਚ ਰਾਜ ਪੱਧਰੀ ਸਮਾਗਮ ਲਈ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗੈਰ-ਜ਼ਿੰਮੇਵਾਰਾਨਾ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਧਮਕੀ ਅਤੇ ਦਹਿਸ਼ਤ ਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਕਿਉਂਕਿ ਲੋਕ ਉਨ੍ਹਾਂ ਦੇ ਫੁੱਟਪਾਊ ਅਤੇ ਸ਼ਰਾਰਤੀ ਰਵੱਈਏ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਬੰਬਾਂ ਵਾਲੀ ਕੋਈ ਗੱਲ ਹੁੰਦੀ ਤਾਂ ਕੇਂਦਰ ਤੇ ਪੰਜਾਬ ਦੀਆਂ ਏਜੰਸੀਆਂ ਇਕ ਦੂਜੇ ਨਾਲ ਰਾਬਤਾ ਜ਼ਰੂਰ ਕਰਦੀਆਂ, ਪਰ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਾਜਵਾ ਨੇ ਦਹਿਸ਼ਤ ਫੈਲਾਉਣ ਲਈ ਅਜਿਹਾ ਕੀਤਾ ਹੈ ਜਾਂ ਫਿਰ ਉਹ ਕੋਈ ਰਾਜ਼ ਛੁਪਾ ਰਹੇ ਹਨ। ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਉਦਾਸੀਨ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਆ ਗੈਰ-ਵਾਜਬ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਬੰਬਾਂ ਦੀ ਸਥਿਤੀ ਦੱਸਣ ਦੀ ਬਜਾਏ ਹੁਣ ਕਾਨੂੰਨੀ ਚਾਰਾਜੋਈ ਲਈ ਵਕੀਲਾਂ ਪਿੱਛੇ ਭੱਜ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਅਜਿਹੇ ਹੰਗਾਮੇ ਕਰਨ ਦੀ ਬਜਾਏ ਮੁੱਦਿਆਂ 'ਤੇ ਆਧਾਰਿਤ ਰਾਜਨੀਤੀ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ 25 ਸਾਲ ਰਾਜ ਕਰਨ ਦਾ ਦਾਅਵਾ ਕਰਦੇ ਸਨ, ਉਨ੍ਹਾਂ ਨੂੰ ਲੋਕਾਂ ਨੇ ਸਿਆਸੀ ਤੌਰ 'ਤੇ ਗੁਮਨਾਮੀ ਵਿੱਚ ਭੇਜ ਦਿੱਤਾ ਹੈ ਤੇ ਢੁਕਵਾਂ ਸਬਕ ਸਿਖਾਇਆ ਹੈ।
ਕਾਬਿਲੇਗੌਰ ਹੈ ਕਿ ਪ੍ਰਤਾਪ ਬਾਜਵਾ ਨੇ ਪਿਛਲੇ ਦਿਨੀਂ ਇਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਪੰਜਾਬ ਵਿਚ 50 ਬੰਬ ਆਏ ਹਨ, ਜਿਨ੍ਹਾਂ ਵਿਚੋਂ 18 ਚੱਲ ਚੁੱਕੇ ਹਨ ਜਦੋਂਕਿ 32 ਅਜੇ ਚੱਲਣੇ ਬਾਕੀ ਹਨ। ਪੰਜਾਬ ਪੁਲੀਸ ਨੇ ਐਤਵਾਰ ਰਾਤੀਂ ਬਾਜਵਾ ਖਿਲਾਫ਼ ਮੁਹਾਲੀ ਦੇ ਥਾਣੇ ਵਿਚ ਕੇਸ ਦਰਜ ਕੀਤਾ ਹੈ।