ਪਰਵਾਸੀ ਮਜ਼ਦੂਰ ਵੱਲੋਂ ਘੋਟਣਾ ਮਾਰ ਕੇ ਪਤਨੀ ਦੀ ਹੱਤਿਆ
ਪਵਨ ਗੋਇਲ
ਭੁੱਚੋ ਮੰਡੀ, 21 ਅਪਰੈਲ
ਪਿੰਡ ਚੱਕ ਫ਼ਤਹਿ ਸਿੰਘ ਵਾਲਾ ’ਚ ਪਰਵਾਸੀ ਮਜ਼ਦੂਰ ਨੇ ਆਪਣੀ ਪਤਨੀ ਦੇ ਸਿਰ ਵਿੱਚ ਘੋਟਣਾ ਮਾਰ ਕੇ ਹੱਤਿਆ ਕਰ ਦਿੱਤੀ। ਮੁਲਜ਼ਮ ਦੀ ਪਛਾਣ ਪੱਪੂ ਰਾਮ ਅਤੇ ਮ੍ਰਿਤਕਾ ਦੀ ਪਛਾਣ ਊਸ਼ਾ ਰਾਣੀ (42) ਵਜੋਂ ਕੀਤੀ ਗਈ ਹੈ। ਭੁੱਚੋ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦੇ ਭਰਾ ਰਾਜ ਕੁਮਾਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।
ਚੌਕੀ ਇੰਚਾਰਜ ਨਿਰਮਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਪੱਪੂ ਰਾਮ ਦੀ ਪਤਨੀ ਊਸ਼ਾ ਰਾਣੀ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਸਨ ਅਤੇ ਕਈ ਵਾਰ ਉਹ ਆਪਣਾ ਘਰ ਛੱਡ ਕੇ ਚਲੀ ਵੀ ਜਾਂਦੀ ਸੀ। ਪੱਪੂ ਰਾਮ ਦਾ ਲੜਕਾ ਅਤੇ ਇੱਕ ਲੜਕੀ ਹਨ। ਲੜਕੀ ਯੂਪੀ ’ਚ ਵਿਆਹੀ ਹੋਈ ਹੈ। ਉਸ ਦੇ 14 ਸਾਲਾ ਪੁੱਤਰ ਨੇ ਪਿਤਾ ਪੱਪੂ ਰਾਮ ਨੂੰ ਦੱਸਿਆ ਕਿ ਮੰਮੀ ਕਹਿੰਦੀ ਸੀ ਕਿ ਉਹ ਪੱਪੂ ਰਾਮ ਨੂੰ ਮਰਵਾ ਦੇਵੇਗੀ। ਇਸ ਕਰਕੇ ਉਸ ਨੇ ਪਹਿਲਾਂ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਪਹਿਲਾਂ ਆਪਣੀ ਪਤਨੀ ਦੇ ਸਿਰ ਵਿੱਚ ਘੋਟਣਾ ਮਾਰਿਆ ਅਤੇ ਬਾਅਦ ਵਿੱਚ ਉਸ ਦਾ ਗਲਾ ਘੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੱਪੂ ਰਾਮ ਪਿਛਲੇ 16/17 ਸਾਲਾਂ ਤੋਂ ਚੱਕ ਫ਼ਤਹਿ ਸਿੰਘ ਵਾਲਾ ਵਿੱਚ ਰਹਿੰਦਾ ਹੈ ਅਤੇ ਜ਼ਮੀਨ ਠੇਕੇ ’ਤੇ ਲੈ ਕੇ ਆਪਣਾ ਘਰ ਚਲਾਉਂਦਾ ਸੀ।