ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ’ਚ ‘ਚਿਤਾਵਨੀ ਮਾਰਚ’
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 4 ਮਈ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਪੱਖਪਾਤ ਵਾਲੀਆਂ ਨੀਤੀਆਂ ਦਾ ਸ਼ਿਕਾਰ ਹੋਏ ਅਧਿਆਪਕਾਂ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ’ਤੇ ਮਸਲੇ ਹੱਲ ਕਰਨ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਦੇ ਜੱਦੀ ਪਿੰਡ ਗੰਭੀਰਪੁਰ ਵਿੱਚ ਚਿਤਾਵਨੀ ਮਾਰਚ ਕੀਤਾ। ਉਨ੍ਹਾਂ ਨੇ ਅਧਿਆਪਕਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਦਰਕਿਨਾਰ ਹੋਣ ਦੇ ਮੱਦੇਨਜ਼ਰ ‘ਸਿੱਖਿਆ ਕ੍ਰਾਂਤੀ’ ਦੇ ਨਾਅਰੇ ਨੂੰ ਖੋਖਲਾ ਕਰਾਰ ਦਿੱਤਾ।
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ, 6635 ਈਟੀਟੀ ਅਧਿਆਪਕ ਯੂਨੀਅਨ ਅਤੇ 4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਅਧਿਆਪਕਾਂ ਨੇ ਰੀਕਾਸਟ ਸੂਚੀਆਂ, ਬਦਲੀ ਪ੍ਰਕਿਰਿਆ, ਤਰੱਕੀਆਂ, ਕੱਚੇ ਮੁਲਾਜ਼ਮਾਂ, ਅਧਿਆਪਕ ਨਰਿੰਦਰ ਭੰਡਾਰੀ, ਡਾ. ਰਵਿੰਦਰ ਕੰਬੋਜ, ਓਡੀਐੱਲ ਅਧਿਆਪਕਾਂ ਨਾਲ ਸਬੰਧਤ ਮਾਮਲੇ ਅਤੇ ਹੋਰ ਵਿਭਾਗੀ ਮੰਗਾਂ ਹੱਲ ਕਰਵਾਉਣ ਲਈ ਸ੍ਰੀ ਆਨੰਦਪੁਰ ਸਾਹਿਬ-ਨੰਗਲ ਸੜਕ ਤੋਂ ਚੱਲ ਪਿੰਡ ਗੰਭੀਰਪੁਰ ਵਿੱਚ ਸਿੱਖਿਆ ਮੰਤਰੀ ਦੀ ਰਿਹਾਇਸ਼ ’ਤੇ ਪਹੁੰਚ ਕੇ ਰੋਸ ਮੁਜ਼ਾਹਰਾ ਕੀਤਾ। ਸਿੱਖਿਆ ਮੰਤਰੀ ਨਾਲ 20 ਮਈ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਮਿਲਣ ਦੇ ਪੱਤਰ ਜਾਰੀ ਹੋਣ ਉਪਰੰਤ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਗਿਆ।
ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਦੀਪਕ ਕੰਬੋਜ, ਬਲਕਾਰ ਮਘਾਣੀਆ, ਗੁਰਪਿੰਦਰ ਸਿੰਘ, ਨੀਲਮ ਰਾਣੀ ਅਤੇ ਜੋਨੀ ਸਿੰਗਲਾ ਨੇ ਅਧਿਆਪਕਾਂ ਨੂੰ ਸੰਬੋਧਨ ਕੀਤਾ ਤੇ ਅਧਿਆਪਕਾਂ ਨਾਲ ਜੁੜੀਆਂ ਮੰਗਾਂ ਬਾਰੇ ਚਾਨਣਾ ਪਾਇਆ।
ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਸਾਰੀਆਂ ਸਮੱਸਿਆਵਾਂ ਸਰਕਾਰ ਪਹਿਲ ਦੇ ਆਧਾਰ ’ਤੇ ਹੱਲ ਕਰੇ। ਅਧਿਆਪਕ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ 20 ਮਈ ਦੀ ਮੀਟਿੰਗ ਵਿੱਚ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਅਧਿਆਪਕ ਜੱਥੇਬੰਦੀਆਂ ਵੱਲੋਂ ਲੁਧਿਆਣਾ ਵਿਖੇ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।