ਨਸ਼ਿਆਂ ਖ਼ਿਲਾਫ਼ ਲੜਾਈ ਫ਼ੈਸਲਾਕੁਨ ਦੌਰ ’ਚ: ਚੀਮਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਮਈ
ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਨਸ਼ਿਆਂ ਖ਼ਿਲਾਫ਼ ਲੜਾਈ ਫ਼ੈਸਲਾਕੁਨ ਦੌਰ ’ਚ ਪੁੱਜ ਗਈ ਹੈ। ਉਹ ਪਟਿਆਲਾ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਮੌਜੂਦ ਸਨ। ਵਿੱਤ ਮੰਤਰੀ ਸ੍ਰੀ ਚੀਮਾ ਨੇ ਕਿਹਾ ਕਿ ਅੱਜ ਨਸ਼ਿਆਂ ਵਿਰੁੱਧ ਸਾਰਾ ਪੰਜਾਬ ਇਕਜੁੱਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿਥੇ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰ ਪਾਲੇ ਹੋਏ ਸਨ, ਉਥੇ ਹੀ ‘ਆਪ’ ਸਰਕਾਰ ਨੇ ਨਸ਼ਾ ਤਸਕਰਾਂ ਦੇ ਘਰ ਤੇ ਹੌਸਲੇ ਤੋੜੇ ਹਨ। ਉਨ੍ਹਾਂ ਇਕੱਤਰਤਾ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਉਂਦਿਆਂ ਪੰਜਾਬ ਨੂੰ ਪਹਿਲਾ ਨਸ਼ਾ ਮੁਕਤ ਸੂਬਾ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਸ਼ਾ ਤਸਕਰੀ ’ਚ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਸਿਆਸਤਦਾਨ ਹੋਵੇ ਜਾਂ ਅਫ਼ਸਰ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਉਮੀਦ ਪ੍ਰਗਟਾਈ ਕਿ ਪਟਿਆਲਾ ਜ਼ਿਲ੍ਹਾ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਬਣੇਗਾ। ਸਾਬਕਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਨਸ਼ਾ ਤਸਕਰਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ। ਇਸ ਮੌਕੇ ਨਸ਼ਾ ਮੁਕਤੀ ਮੋਰਚੇ ਦੇ ਮਾਲਵਾ ਜ਼ੋਨ ਦੇ ਕੋਆਰਡੀਨੇਟਰ ਤੇ ਡਿਪਟੀ ਮੇਅਰ ਜਗਦੀਪ ਜੱਗਾ, ਡੀਆਈਜੀ ਡਾ. ਨਾਨਕ ਸਿੰਘ, ਵਿਧਾਇਕ ਚੇਤਨ ਜੌੜਾਮਾਜਰਾ, ਅਜੀਤਪਾਲ ਕੋਹਲੀ, ਗੁਰਲਾਲ ਘਨੌਰ, ਦੇਵ ਮਾਨ, ਹਰਚੰਦ ਬਰਸਟ, ਬਲਤੇਜ ਪੰਨੂ ਮੌਜੂਦ ਸਨ।