ਮਾਮੂਲੀ ਤਕਰਾਰ ਮਗਰੋਂ ਪਿਤਾ ਦੀ ਹੱਤਿਆ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 16 ਮਈ
ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਵਿੱਚ ਪੁੱਤਰ ਨੇ ਕੱਲ੍ਹ ਰਾਤ ਮਾਮੂਲੀ ਤਕਰਾਰ ਮਗਰੋਂ ਆਪਣੇ ਪਿਤਾ ਦੀ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਪੁਲੀਸ ਗ੍ਰਿਫ਼ਤ ਤੋਂ ਬਾਹਰ ਹੈ। ਕੋਟਸੁਖੀਆ ਪਿੰਡ ਦੇ ਵਸਨੀਕਾਂ ਮੁਤਾਬਿਕ ਪਰਮਜੀਤ ਸਿੰਘ ਦਾ ਪੁੱਤਰ ਪ੍ਰਗਟ ਸਿੰਘ ਕਾਫੀ ਅਰਸੇ ਤੋਂ ਡਿਪਰੈਸ਼ਨ ਦਾ ਸ਼ਿਕਾਰ ਹੈ। ਲੰਘੀ ਰਾਤ ਜਦੋਂ ਉਹ ਘਰ ਆਇਆ ਤਾਂ ਉਸ ਦੀ ਆਪਣੇ ਪਿਤਾ ਨਾਲ ਮਾਮੂਲੀ ਤਕਰਾਰ ਹੋ ਗਈ। ਗੁੱਸੇ ਵਿੱਚ ਆਏ ਪ੍ਰਗਟ ਸਿੰਘ ਨੇ ਲੱਕੜ ਦਾ ਟੰਬਾ ਚੁੱਕ ਕੇ ਪਿਤਾ ਦੇ ਸਿਰ ਵਿੱਚ ਮਾਰਿਆ ਜਿਸ ਕਾਰਨ ਪਰਮਜੀਤ ਸਿੰਘ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪ੍ਰਗਟ ਦੀ ਮਾਂ ਜਸਪਾਲ ਕੌਰ ਨੇ ਜਦੋਂ ਰੌਲਾ ਪਾਇਆ ਤਾਂ ਗੁਆਂਢੀ ਇਕੱਠੇ ਹੋ ਗਏ। ਪ੍ਰਗਟ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਡੀਐੱਸਪੀ (ਕੋਟਕਪੂਰਾ) ਜਤਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।