ਪਾਣੀਆਂ ਦਾ ਮੁੱਦਾ ਪੰਜਾਬੀ ਸੂਬੇ ਨੂੰ ਮੌਤ ਦੀ ਸਜ਼ਾ ਦੇਣ ਬਰਾਬਰ: ਰਾਮੂਵਾਲੀਆ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 4 ਮਈ
ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਭਾਖੜਾ ਦੇ ਪਾਣੀਆਂ ਦੀ ਕਾਣੀ ਵੰਡ ਬਾਰੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਦਾ ਇਹ ਫੈਸਲਾ ਪੰਜਾਬੀ ਸੂਬੇ ਪ੍ਰਤੀ ਸੱਚ ਅਤੇ ਹੱਕ ਨੂੰ ਜਬਰੀ ਮੌਤ ਦੀ ਸਜ਼ਾ ਦੇਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਇਹ ਫ਼ੈਸਲਾ ਪੰਜਾਬ ਦੇ ਸੁਪਨਿਆਂ ਨੂੰ ਸਦੀਆਂ ਲਈ ਜ਼ਲੀਲ, ਰੋਣ-ਧੋਣ ਅਤੇ ਝੋਰਿਆਂ ਦੇ ਕੈਂਸਰ ਨਾਲ ਤੜਫਾਉਂਦਾ ਰਹੇਗਾ। ਇੱਥੇ ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਦਿੱਲੀ ਦੀ ਹਕੂਮਤ ਦਾ ਇਹ ਹਿਟਲਰੀ ਫੁਰਮਾਨ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਕੇਂਦਰ ਨੇ ਇਹ ਫ਼ੈਸਲਾ ਵਾਪਸ ਨਾ ਲਿਆ ਤਾਂ ਪੰਜਾਬੀਆਂ ਦੇ ਦਿਲ ਵਿੱਚ ਹਮੇਸ਼ਾ ਲਈ ਪੱਕੀਆਂ ਵੰਡੀਆਂ ਪੈਣ ਦਾ ਖ਼ਦਸ਼ਾ ਹੈ। ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਕਈ ਆਗੂ ਨਿੱਜੀ ਹਿੱਤਾਂ ਲਈ ਆਪਣੀਆਂ ਪਾਰਟੀਆਂ ਛੱਡ ਕੇ ਪਿੱਛੇ ਜਿਹੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਹ ਹੁਣ ਆਪਣੇ ਨਵੇਂ ਰਾਜਸੀ ਪਰਿਵਾਰ ਭਾਜਪਾ ਹਕੂਮਤ ਤੋਂ ਪੰਜਾਬ ਵਿਰੋਧੀ ਫ਼ੈਸਲੇ ਅਤੇ ਅੱਤ ਦਾ ਜ਼ੁਲਮ ਨਾ ਕਰਵਾਉਣ, ਨਹੀਂ ਤਾਂ ਜਿਵੇਂ ਧੱਕੇ ਨਾਲ ਪੰਜਾਬ ਦਾ ਪਾਣੀ ਖੋਹਿਆ ਜਾ ਰਿਹਾ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਪੰਜਾਬ ’ਚੋਂ ਸਿਆਸਤ ਵੀ ਖੁਸ ਜਾਵੇਗੀ। ਅਜਿਹੇ ਆਗੂਆਂ ਨੂੰ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਪਾਣੀਆਂ ਦੇ ਸੰਕਟ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ, ਤਾਂ ਜੋ ਸਦੀਵੀ ਵੰਡੀਆਂ ਪੈਣ ਦੀ ਪਿਰਤ ਨੂੰ ਰੋਕਿਆ ਜਾ ਸਕੇ।