ਸੁਖਦੇਵ ਢੀਂਡਸਾ ਨਮਿਤ ਸ਼ਰਧਾਂਜਲੀ ਸਮਾਗਮ ਅੱਜ
ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨਮਿਤ ਸ਼ਰਧਾਂਜਲੀ ਸਮਾਗਮ 8 ਜੂਨ ਨੂੰ ਬਾਅਦ ਦੁਪਹਿਰ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ’ਚ ਹੋਵੇਗਾ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ ਤੋਂ ਬਾਅਦ ਅੱਜ ਇੱਥੇ ਢੀਂਡਸਾ ਪਰਿਵਾਰ ਦੀ ਰਿਹਾਇਸ਼ ’ਤੇ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਮਰਹੂਮ ਢੀਂਡਸਾ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸ੍ਰੀ ਸੈਣੀ ਨਾਲ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਵੀ ਮੌਜੂਦ ਸਨ। ਸ੍ਰੀ ਸੈਣੀ ਨੇ ਕਿਹਾ, ‘ਸਵਰਗੀ ਸੁਖਦੇਵ ਸਿੰਘ ਢੀਂਡਸਾ ਅਕਾਲੀ ਸਿਆਸਤ ਦੇ ਵੱਡੇ ਥੰਮ ਸਨ ਤੇ ਸਿਆਸਤ ਤੋਂ ਇਲਾਵਾ ਮੇਰੇ ਉਨ੍ਹਾਂ ਨਾਲ ਪਰਿਵਾਰਕ ਤੌਰ ’ਤੇ ਵੀ ਚੰਗੇ ਸਬੰਧ ਸਨ।’ ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਡੀਸੀ ਸੰਦੀਪ ਰਿਸ਼ੀ ਰਾਹੀਂ ਸ਼ਰਧਾਂਜਲੀ ਸੰਦੇਸ਼ ਭੇਜਿਆ ਗਿਆ। ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜਣ ਵਾਲੇ ਆਗੂਆਂ ਵਿੱਚ ਕਮਲਜੀਤ ਸਿੰਘ ਬਖਸ਼ੀ ਐੱਮਪੀ ਨਿਊਜ਼ੀਲੈਂਡ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਮੈਂਬਰ ਪਰਮਜੀਤ ਸਿੰਘ, ਭਾਜਪਾ ਆਗੂ ਪਰਮਿੰਦਰ ਸਿੰਘ ਬਰਾੜ, ਕੇਐੱਸ ਗਰੁੱਪ ਤੋਂ ਇੰਦਰਜੀਤ ਸਿੰਘ ਮੁੰਡੇ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਸਾਬਕਾ ਵਿਧਾਇਕ ਗੁਰਤੇਜ ਸਿੰਘ, ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ, ਵਿਸ਼ਲੇਸ਼ਕ ਹਰਜਿੰਦਰ ਸਿੰਘ ਭੱਟੀ, ਡਾ. ਅਸ਼ਵਨੀ ਕੁਮਾਰ ਚੌਧਰੀ, ਜੀਤ ਸਿੰਘ ਸਿੱਧੂ ਲੌਂਗੋਵਾਲ, ਬੀਬੀ ਕਰਤਾਰ ਕੌਰ ਮੈਂਬਰ ਹਰਿਆਣਾ ਗੁਰਦੁਆਰਾ ਕਮੇਟੀ, ਦਰਸ਼ਨਜੀਤ ਸਿੰਘ ਢੀਂਡਸਾ ਤੇ ਸਰਜੀਵਨ ਜਿੰਦਲ ਸ਼ਾਮਲ ਸਨ।
ਪੰਜਾਬ ’ਚ ਚੱਲ ਰਹੀ ਹੈ ਝੂਠ ਦੀ ਸਰਕਾਰ: ਸੈਣੀ
ਸੰਗਰੂਰ (ਗੁਰਦੀਪ ਸਿੰਘ ਲਾਲੀ/ਬੀਰ ਇੰਦਰ ਸਿੰਘ ਬਨਭੌਰੀ): ਇੱਥੇ ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਖਿਆ ਕਿ ਪੰਜਾਬ ਦੀ ‘ਆਪ’ ਸਰਕਾਰ ਝੂਠ ਦੇ ਸਹਾਰੇ ਬਣੀ ਸੀ, ਜਿਸ ਦੇ ਝੂਠ ਦਾ ਹੌਲੀ-ਹੌਲੀ ਪਰਦਾਫਾਸ਼ ਹੋ ਗਿਆ ਹੈ। ਇਸੇ ਕਾਰਨ ਉਨ੍ਹਾਂ ਦੀ ਦਿੱਲੀ ਵਿੱਚ ਵੱਡੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝਦਾਰ ਹੋ ਗਏ ਹਨ ਜੋ ਆਉਣ ਵਾਲੇ ਸਮੇਂ ਵਿੱਚ ‘ਆਪ’ ਸਰਕਾਰ ਨੂੰ ਸਬਕ ਸਿਖਾਉਣ ਲਈ ਕਾਹਲੇ ਹਨ।