ਬੰਦੀ ਸਿੰਘ ਦਾ ਪਰਿਵਾਰ ਖਾ ਰਿਹੈ ਠੋਕਰਾਂ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 7 ਜੂਨ
ਸਿੱਖ ਕੌਮ ਲਈ ਲੜਨ ਵਾਲੇ ਬੰਦੀ ਸਿੰਘ ਭਾਈ ਵਰਿਆਮ ਸਿੰਘ ਦਾ ਪਰਿਵਾਰ ਐੱਸਜੀਪੀਸੀ ਅਤੇ ਸਿੱਖ ਸੰਸਥਾਵਾਂ ਦੀ ਅਣਦੇਖੀ ਦਾ ਸ਼ਿਕਾਰ ਹੈ ਅਤੇ ਹੁਣ ਉਨ੍ਹਾਂ ਦਾ ਪੋਤਾ ਜੁਗਰਾਜ ਸਿੰਘ ਦੇਸ਼ ਛੱਡ ਕੇ ਵਿਦੇਸ਼ ਵਿੱਚ ਰਹਿਣ ਅਤੇ ਰੁਜ਼ਗਾਰ ਲਈ ਜਾਣਾ ਚਾਹੁੰਦਾ ਹੈ। ਪੋਤੀ ਸਿਮਰਨਜੀਤ ਕੌਰ ਵੀ ਉੱਚ ਸਿੱਖਿਆ ਹਾਸਲ ਕਰਨ ਅਤੇ ਨੌਕਰੀ ਲਈ ਖੁਆਰ ਹੋ ਰਹੀ ਹੈ ਜਦੋਂਕਿ ਨੂੰਹ ਸੁਖਬੀਰ ਕੌਰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮੁਸੀਬਤਾਂ ਝੱਲ ਰਹੀ ਹੈ। ਲੋਕ ਭਲਾਈ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਮੁਹਾਲੀ ਸਥਿਤ ਆਪਣੀ ਰਿਹਾਇਸ਼ ’ਤੇ ਅੱਜ ਭਾਈ ਵਰਿਆਮ ਸਿੰਘ ਦੇ ਪਰਿਵਾਰ ਨੂੰ ਮੀਡੀਆ ਦੇ ਰੂਬਰੂ ਕੀਤਾ। ਇਸ ਮੌਕੇ ਪੀੜਤ ਪਰਿਵਾਰ ਨੇ ਕਿਹਾ ਕਿ ਜੇ ਉਹ (ਰਾਮੂਵਾਲੀਆ) ਨਾ ਹੁੰਦੇ ਸ਼ਾਇਦ ਬਰੇਲੀ ਜੇਲ੍ਹ ’ਚੋਂ ਭਾਈ ਵਰਿਆਮ ਸਿੰਘ ਦੀ ਲਾਸ਼ ਹੀ ਆਉਂਦੀ, ਇਨ੍ਹਾਂ ਦੀ ਮਿਹਰਬਾਨੀ ਸਦਕਾ ਉਨ੍ਹਾਂ ਨੂੰ ਪੱਕੀ ਪੈਰੋਲ ਮਿਲੀ। ਇਸ ਮੌਕੇ ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਭਾਈ ਵਰਿਆਮ ਸਿੰਘ 27 ਸਾਲ ਜੇਲ੍ਹ ਵਿੱਚ ਰਹੇ ਪਰ ਉਨ੍ਹਾਂ ਨੂੰ ਕਿਸੇ ਨੇ ਰਿਹਾਅ ਕਰਵਾਉਣ ਲਈ ਚਾਰਾਜੋਈ ਕੀਤੀ। ਜਦੋਂ ਉਹ ਯੂਪੀ ਵਿੱਚ ਜੇਲ੍ਹ ਮੰਤਰੀ ਬਣੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਭਾਈ ਸਾਹਿਬ ਨੂੰ ਰਿਹਾਅ ਕਰਵਾਇਆ। ਬਾਅਦ ਵਿੱਚ ਮਹੀਨਿਆਂਬੱਧੀ ਬਰੇਲੀ ਦੇ ਹਸਪਤਾਲ ਵਿੱਚ ਦੋਵੇਂ ਪਤੀ-ਪਤਨੀ ਕੈਂਸਰ ਨਾਲ ਜੂਝਦੇ ਹੋਏ ਅਕਾਲ ਚਲਾਣਾ ਕਰ ਗਏ।