ਹਸਪਤਾਲ ਵਿੱਚ ਦੋ ਧੜੇ ਭਿੜੇ
ਸੰਜੀਵ ਤੇਜਪਾਲ
ਮੋਰਿੰਡਾ, 21 ਅਪਰੈਲ
ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਦੋ ਧੜਿਆਂ ਵਿਚਕਾਰ ਤੇਜ਼ਧਾਰ ਹਥਿਆਰਾਂ ਨਾਲ ਲੜਾਈ ਹੋਣ ਕਾਰਨ ਔਰਤ ਸਣੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਮੋਰਿੰਡਾ ਪੁਲੀਸ ਵੱਲੋਂ ਦੋਵਾਂ ਧੜਿਆਂ ਦੇ ਵਿਅਕਤੀਆਂ ਖ਼ਿਲਾਫ਼ ਕਰਾਸ ਕੇਸ ਸਣੇ ਹਸਪਤਾਲ ਵਿੱਚ ਲੜਾਈ ਕਰਕੇ ਦਾਖਲ ਮਰੀਜ਼ਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਸਬੰਧੀ ਇੱਕ ਹੋਰ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮੋਰਿੰਡਾ ਦੇ ਵਾਰਡ ਨੰਬਰ 11 ਵਿੱਚ ਸਥਿਤ ਉੱਚੀ ਘਾਟੀ ’ਤੇ ਬੀਤੀ ਰਾਤ 9.30 ਵਜੇ ਦੇ ਕਰੀਬ ਕਬੂਤਰਬਾਜ਼ੀ ਨੂੰ ਲੈ ਕੇ ਦੋ ਧੜਿਆਂ ਦਰਮਿਆਨ ਹੋਈ ਲੜਾਈ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਜਦੋਂ ਸਰਕਾਰੀ ਸਿਵਲ ਹਸਪਤਾਲ ਲਿਆਂਦਾ ਗਿਆ, ਤਾਂ ਦੋਵਾਂ ਧੜਿਆਂ ਦੇ ਵਿਅਕਤੀਆਂ ਵੱਲੋਂ ਹਸਪਤਾਲ ਦੇ ਅਹਾਤੇ ਅੰਦਰ ਡਿਊਟੀ ’ਤੇ ਮੌਜੂਦ ਡਾਕਟਰ ਇੰਦਰਜੀਤ ਸਿੰਘ ਤੇ ਹੋਰ ਸਟਾਫ ਦੀ ਹਾਜ਼ਰੀ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਫਿਰ ਲੜਾਈ ਕੀਤੀ ਗਈ। ਇਸ ਦੌਰਾਨ ਇਕ ਔਰਤ ਸਣੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਡਾ. ਇੰਦਰਜੀਤ ਸਿੰਘ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ। ਮਗਰੋਂ ਇੰਸਪੈਕਟਰ ਹਰਜਿੰਦਰ ਸਿੰਘ ਵੱਲੋਂ ਪੁਲੀਸ ਪਾਰਟੀ ਨਾਲ ਹਸਪਤਾਲ ਪਹੁੰਚ ਕੇ ਤਿੰਨ ਹਮਲਾਵਰਾਂ ਨੂੰ ਕਾਬੂ ਕਰ ਲਿਆ ਗਿਆ। ਇਸ ਲੜਾਈ ਨੂੰ ਲੈ ਕੇ ਐੱਸਡੀਐੱਮ ਸੁਖਪਾਲ ਸਿੰਘ ਅਤੇ ਡੀਐੱਸਪੀ ਜਤਿੰਦਰਪਾਲ ਸਿੰਘ ਮੱਲੀ ਵੱਲੋਂ ਹਸਪਤਾਲ ਦਾ ਦੌਰਾ ਕਰਕੇ ਜ਼ਖ਼ਮੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਗਿਆ। ਪੁਲੀਸ ਵੱਲੋਂ ਹਸਪਤਾਲ ਵਿੱਚ ਲੱਗੇ ਸੀਸੀ ਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ। ਇਸ ਮੌਕੇ ਐੱਸਡੀਐੱਮ ਸੁਖਪਾਲ ਸਿੰਘ ਵੱਲੋਂ ਪੁਲੀਸ ਅਧਿਕਾਰੀਆਂ ਨੂੰ ਦੋਵੇਂ ਧੜਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ।