ਪੈਸੇ ਦੇ ਲੈਣ-ਦੇਣ ਕਾਰਨ ਨੌਜਵਾਨ ਦਾ ਕਤਲ
06:55 AM Apr 22, 2025 IST
ਪੱਤਰ ਪ੍ਰੇਰਕ
ਹੁਸ਼ਿਆਰਪੁਰ, 21 ਅਪਰੈਲ
ਰਹੀਮਪੁਰ ਸਥਿਤ ਸਬਜ਼ੀ ਮੰਡੀ ਵਿੱਚ ਪੈਸੇ ਦੇ ਦੇਣ-ਲੈਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਕੁੱਝ ਵਿਅਕਤੀਆਂ ਨੇ ਸੰਜੀਤ (25) ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਡੀਐੱਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ। ਬੀਤੀ ਦੇਰ ਰਾਤ ਸੰਜੀਤ ਦੀ ਮੌਤ ਹੋ ਗਈ। ਸੰਜੀਤ ਦੇ ਭਰਾ ਰਾਕੇਸ਼ ਕੁਮਾਰ ਵਾਸੀ ਸਕੀਮ ਨੰਬਰ-2 ਨੇ ਦੱਸਿਆ ਕਿ ਉਸ ਦੇ ਭਰਾ ਨੇ ਮੰਡੀ ’ਚ ਸਫ਼ਾਈ ਦਾ ਠੇਕਾ ਲਿਆ ਹੋਇਆ ਸੀ। ਉਹ ਪੈਸੇ ਦੇ ਕੇ ਕੁੱਝ ਨੌਜਵਾਨਾਂ ਤੋਂ ਚੌਕੀਦਾਰੀ ਕਰਵਾਉਂਦਾ ਸੀ। ਚੌਕੀਦਾਰੀ ਦੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਉਸ ਦੇ ਭਰਾ ਅਤੇ ਉਨ੍ਹਾਂ ਵਿਅਕਤੀਆਂ ਦਰਮਿਆਨ ਝਗੜਾ ਹੋ ਗਿਆ। ਇਸ ਕਾਰਨ ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਭਰਾ ’ਤੇ ਹਮਲਾ ਕਰ ਦਿੱਤਾ। ਥਾਣਾ ਮਾਡਲ ਟਾਊਨ ਦੇ ਐੱਸਐੱਚਓ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Advertisement
Advertisement