ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਵਿਧਾਇਕ ਦਾ ਘਿਰਾਓ
ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 21 ਅਪਰੈਲ
ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਅੱਜ ਕਿਸਾਨਾਂ ਅਤੇ ਮਜ਼ਦੂਰਾਂ ਨੇ ਘਿਰਾਓ ਕੀਤਾ ਅਤੇ ਉਨ੍ਹਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਕੀਤੀ ਗਈ ਪੁਲੀਸ ਕਾਰਵਾਈ ਬਾਰੇ ਸਵਾਲ ਪੁੱਛੇ ਗਏ। ਅੱਜ ਉਹ ਪਿੰਡ ਸਿਧਾਣਾ ਤੇ ਸੇਲਬਰਾਹ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਰੱਖੇ ਉਦਘਾਟਨੀ ਸਮਾਗਮਾਂ ’ਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਇਸੇ ਦੌਰਾਨ ਬੀਕੇਯੂ (ਕ੍ਰਾਂਤੀਕਾਰੀ), ਬੀਕੇਯੂ (ਉਗਰਾਹਾਂ) ਅਤੇ ਕ੍ਰਾਂਤੀਕਾਰੀ ਪੇਂਡੂ-ਮਜ਼ਦੂਰ ਯੂਨੀਅਨ ਨੇ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਨ੍ਹਾਂ ਸਮਾਗਮਾਂ ਦੀ ਭਿਣਕ ਕਿਸਾਨਾਂ ਨੂੰ ਪਹਿਲਾਂ ਹੀ ਲੱਗ ਗਈ ਸੀ। ਪਿੰਡ ਸਿਧਾਣਾ ਵਿੱਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ’ਚ ਕਿਸਾਨ ਤੇ ਮਜ਼ਦੂਰ ਸਕੂਲ ਅੱਗੇ ਇਕੱਠੇ ਹੋ ਗਏ। ਕਿਸਾਨਾਂ ਨੇ ਸ਼ੰਭੂ ਤੇ ਖਨੌਰੀ ਮੋਰਚਿਆਂ ਦੌਰਾਨ ਕਿਸਾਨਾਂ ’ਤੇ ਹੋਏ ਤਸ਼ੱਦਦ ਤੇ ਆਦਰਸ਼ ਸਕੂਲ ਚਾਉਕੇ ਦੇ ਮਾਮਲੇ ਨੂੰ ਲੈ ਕੇ ਵਿਧਾਇਕ ਨੂੰ ਸਵਾਲ ਕੀਤੇ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ ’ਤੇ ਲੋਕਾਂ ਬੇਵਕੂਫ ਬਣਾਇਆ ਜਾ ਰਿਹਾ ਹੈ। ਇਸ ਮੌਕੇ ਮਜ਼ਦੂਰ ਆਗੂ ਕੁਲਦੀਪ ਸੇਲਬਰਾਹ, ਜਸਪਾਲ ਪਾਲਾ, ਮਾਲਣ ਕੌਰ ਕੋਠਾ ਗੁਰੂ, ਪ੍ਰਸ਼ੋਤਮ ਮਹਿਰਾਜ, ਦਰਸ਼ਨ ਢਿੱਲੋਂ, ਗੋਰਾ ਡਿਖ਼, ਤੀਰਥ ਰਾਮ ਸੇਲਬਰਾਹ, ਬੂਟਾ ਢਿਪਾਲੀ, ਗੁਰਜੰਟ ਰਾਮਪੁਰਾ, ਮਿੱਠੂ ਮੰਡੀ ਕਲਾਂ ਤੇ ਹਰਜਿੰਦਰ ਸ਼ਰਮਾ ਹਾਜ਼ਰ ਸਨ। ਇਸੇ ਦੌਰਾਨ ਚਲਦੇ ਸਮਾਗਮ ਦੌਰਾਨ ਇਕ ਬੇਰੁਜ਼ਗਾਰ ਪੀਟੀਆਈ ਅਧਿਆਪਕ ਨੇ ਭਰਤੀ ਦੇ ਮਾਮਲੇ ਨੂੰ ਲੈ ਕੇ ਜਦੋਂ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਪੁਲੀਸ ਉਸ ਨੂੰ ਸਮਾਗਮ ਤੋਂ ਬਾਹਰ ਲੈ ਗਈ।