ਕਿਸਾਨਾਂ ਵੱਲੋਂ ਹਲਕਾ ਵਿਧਾਇਕ ਦਾ ਵਿਰੋਧ
ਭਗਵਾਨ ਦਾਸ ਗਰਗ
ਨਥਾਣਾ, 1 ਮਈ
ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਕੀਮ ਤਹਿਤ ਪਿੰਡ ਗਿੱਦੜ ਵਿਚ ਸਕੂਲ ਦੇ ਕਮਰਿਆਂ ਦਾ ਉਦਘਾਟਨ ਕਰਨ ਪੁੱਜੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਵਿਧਾਇਕ ਦੇ ਪੁੱਜਣ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਸਿੱਧੂਪੁਰ ਅਤੇ ਡਕੌਂਦਾ ਜਥੇਬੰਦੀਆਂ ਨਾਲ ਜੁੜੇ ਕਿਸਾਨ ਵਰਕਰਾਂ ਨੇ ਉਦਘਾਟਨ ਵਾਲੀ ਥਾਂ ਪੁੱਜ ਕੇ ਵਿਧਾਇਕ ਨੂੰ ਕਈ ਸਵਾਲ ਕੀਤੇ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਸਮੇਤ ਹੋਰ ਸਟਾਫ਼ ਦੀ ਭਾਰੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਆਦਰਸ਼ ਸਕੂਲ ਚਾਉਕੇ ਦੀ ਪ੍ਰਬੰਧਕ ਕਮੇਟੀ ਵੱਲੋਂ ਭ੍ਰਿਸ਼ਟਾਚਾਰ ਕੀਤਾ ਗਿਆ ਪਰ ਇਸ ਦੀ ਸਜ਼ਾ ਸਕੂਲ ਸਟਾਫ਼ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਦਿੱਤੀ ਗਈ। ਕਿਸਾਨ ਵਰਕਰਾਂ ਦਾ ਕਹਿਣਾ ਸੀ ਕਿ ਸਕੂਲਾਂ ਦੀ ਚਾਰਦੀਵਾਰੀ ਜਾਂ ਬਾਥਰੂਮਾਂ ਦੇ ਉਦਘਾਟਨ ਕਰਕੇ ਹੀ ਸਿੱਖਿਆ ਕ੍ਰਾਂਤੀ ਨਹੀਂ ਆ ਸਕਦੀ। ਕਿਸਾਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਾਧਾਰਨ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਪ੍ਰੰਤੂ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਇਸੇ ਦੌਰਾਨ ਵਿਧਾਇਕ ਵੱਲੋਂ ਕਿਸਾਨਾਂ ਨੂੰ ਬੇਲੋੜਾ ਵਿਰੋਧ ਕਰਨ ਦੀ ਗੱਲ ਕਹੇ ਜਾਣ ’ਤੇ ਕਿਸਾਨਾਂ ਵਿਚ ਰੋਸ ਪੈਦਾ ਹੋ ਗਿਆ ਤੇ ਉਨ੍ਹਾਂ ਵਿਧਾਇਕ ਖਿਲਾਫ਼ ਨਾਅਰੇਬਾਜ਼ੀ ਕੀਤੀ।