ਸ਼ੇਰਪੁਰਾ ਚੌਕ ’ਤੇ ਹਵਾ ਤੇ ਆਵਾਜ਼ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਰੈਲੀ
ਗੁਰਿੰਦਰ ਸਿੰਘ
ਲੁਧਿਆਣਾ, 7 ਜਨਵਰੀ
ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਜੰਗਲ, ਸਤਲੁਜ ਦਰਿਆ ਤੇ ਬੁੱਢਾ ਦਰਿਆ ਵੱਲੋਂ ਗਠਿਤ ਵਾਤਾਵਰਨੀ ਟੀਮ ਦੇ ਕਾਰਕੁਨਾਂ ਨੇ ਅੱਜ ਗਿਆਸਪੁਰਾ ਇਲਾਕੇ ਨੇੜੇ ਸ਼ੇਰਪੁਰ ਚੌਕ ’ਤੇ ਇਕੱਠੇ ਹੋਕੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਤੇ ਸ਼ੁੱਧਤਾ ਬਰਕਰਾਰ ਰੱਖਣ ਲਈ ਜਾਗਰੂਕ ਕੀਤਾ। ਸਮਾਜਿਕ ਕਾਰਕੁਨ ਪਿਛਲੇ ਸਾਲ ਗੈਸ ਲੀਕ ਵਾਲੀ ਥਾਂ ’ਤੇ ਇਕੱਠੇ ਹੋਏ, ਜਿਸ ਵਿੱਚ 11 ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ ਸੀ। ਜ਼ਿਕਰਯੋਗ ਹੈ ਕਿ ਇਸ ਹਾਦਸੇ ਸਬੰਧੀ ਕੇਸ ਐੱਨਜੀਟੀ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਮੌਕੇ ਵਾਲੰਟੀਅਰਾਂ ਨੇ ਸਥਾਨਕ ਲੋਕਾਂ ਤੇ ਰਾਹਗੀਰਾਂ ਨਾਲ ਬੁੱਢਾ ਦਰਿਆ, ਸਤਲੁਜ ਦਰਿਆ, ਧਰਤੀ ਹੇਠਲੇ ਪਾਣੀ ਤੇ ਜਲ ਸਰੋਤਾਂ ਦੇ ਪ੍ਰਦੂਸ਼ਣ ਵਿਰੁੱਧ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਕਾਰਨ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਰਨਲ ਸੀਐੱਮ ਲਖਨਪਾਲ ਨੇ ਦੱਸਿਆ ਕਿ ਸ਼ੇਰਪੁਰ ਚੌਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਵਾ ਅਤੇ ਆਵਾਜ਼ ਦਾ ਪ੍ਰਦੂਸ਼ਣ ਬਹੁਤ ਉੱਚੇ ਪੱਧਰ ’ਤੇ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਮਿਕਸਡ ਲੈਂਡ ਯੂਜ਼ ਦੇ ਸੰਘਣੀ ਆਬਾਦੀ ਵਾਲੇ ਖੇਤਰ ਦੇ ਨਾਲ-ਨਾਲ, ਸੀਵਰੇਜ ਲਾਈਨ ਤੋਂ ਗਿਆਸਪੁਰਾ ਗੈਸ ਲੀਕ ਦੁਖਾਂਤ ਵਿੱਚ ਖ਼ਤਮ ਹੋਈਆਂ ਮਨੁੱਖੀ ਜਾਨਾਂ ਦੇ ਨੁਕਸਾਨ ਨੂੰ ਉਜਾਗਰ ਕੀਤਾ ਤੇ ਇਸ ਦੇ ਨਾਲ-ਨਾਲ ਪ੍ਰਦੂਸ਼ਣ ਤੇ ਅਣਗਹਿਲੀ ਦੇ ਟਾਲਣ-ਯੋਗ ਕਾਰਨਾਂ ਬਾਰੇ ਵੀ ਚਰਚਾ ਕੀਤੀ। ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੇ ਪ੍ਰਦੂਸ਼ਣ ਦੇ ਖਾਤਮੇ ਲਈ ਕੰਮ ਕਰ ਰਹੇ ਉੱਘੇ ਸਮਾਜ ਸੇਵੀ ਐਡਵੋਕੇਟ ਆਰਐੱਸ ਅਰੋੜਾ ਦੀ ਅਗਵਾਈ ਵਾਲੀ ਟੀਮ ਨੇ ਗਿਆਸਪੁਰਾ ਦੁਖਾਂਤ ਦੇ ਅਪਰਾਧੀਆਂ ਵਿਰੁੱਧ ਕਾਰਵਾਈ ਨਾ ਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਐੱਮਐੱਲਯੂ ਦੀ ਨੀਤੀ ਰੱਦ ਕਰਨ ਤੇ ਰਿਹਾਇਸ਼ੀ ਖੇਤਰਾਂ ਨੂੰ ਸੁਰੱਖਿਅਤ ਰੱਖਣ ਤੇ ਵਪਾਰੀਕਰਨ ਤੇ ਉਦਯੋਗੀਕਰਨ ਤੋਂ ਦੂਰ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।