ਅਟਾਰੀ ਸਰਹੱਦ ਬੰਦ: 40 ਤੋਂ ਵੱਧ ਪਾਕਿਸਤਾਨੀ ਨਾਗਰਿਕ ਦੇਸ਼ ਵਾਪਸੀ ਦੀ ਉਡੀਕ ’ਚ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਮਈ
ਪਹਿਲਗਾਮ ਘਟਨਾ ਦੇ ਰੋਸ ਵਜੋਂ ਭਾਰਤ ਵੱਲੋਂ ਅਟਾਰੀ ਸਰਹੱਦ ਅੱਜ (1 ਮਈ) ਤੋਂ ਆਵਾਜਾਈ ਲਈ ਮੁਕੰਮਲ ਰੂਪ ਵਿਚ ਬੰਦ ਕਰ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਨਾਗਰਿਕ ਵਤਨ ਵਾਪਸੀ ਲਈ ਅਟਾਰੀ ਸਰਹੱਦ ਪੁੱਜੇ ਹਨ। ਫਿਲਹਾਲ ਸਰਹੱਦ ਤੇ ਇੰਟੈਗ੍ਰੇਟਿਡ ਚੈੈੱਕ ਪੋਸਟ (ਆਈਸੀਪੀ) ਦੇ ਦਰਵਾਜ਼ੇ ਬੰਦ ਹਨ ਅਤੇ ਇਹ ਲੋਕ ਅਗਲੇ ਹੁਕਮਾਂ ਦੀ ਉਡੀਕ ਕਰ ਰਹੇ ਹਨ। ਹੁਣ ਤੱਕ ਨਾ ਤਾਂ ਕੋਈ ਭਾਰਤ ਵਾਲੇ ਪਾਸਿਓਂ ਪਾਕਿਸਤਾਨ ਗਿਆ ਹੈ ਅਤੇ ਨਾ ਹੀ ਉਧਰੋਂ ਕੋਈ ਭਾਰਤ ਆਇਆ ਹੈ।
ਜਾਣਕਾਰੀ ਮੁਤਾਬਕ ਅਟਾਰੀ ਸਰਹੱਦ ’ਤੇ ਇਸ ਵੇਲੇ 40 ਤੋਂ ਵੱਧ ਮਰਦ, ਔਰਤ ਤੇ ਬੱਚੇ ਪੁੱਜੇ ਹੋਏ ਹਨ ਜੋ ਪਾਕਿਸਤਾਨ ਵਾਪਸ ਪਰਤਣਾ ਚਾਹੁੰਦੇ ਹਨ। ਇਹ ਵੱਖ-ਵੱਖ ਸ਼ਹਿਰਾਂ ਤੋਂ ਆਏ ਹਨ ਜਿਨ੍ਹ: ਵਿੱਚ ਕੁਝ ਜੰਮੂ ਕਸ਼ਮੀਰ ਤੋਂ ਵੀ ਹਨ। ਇਨ੍ਹਾਂ ਵਿੱਚ ਦੋ ਔਰਤਾਂ ਸਾਈਦਾ ਸਮੀਰ ਫਾਤਿਮਾ ਅਤੇ ਸਾਈਦਾ ਸਫੀਰ ਫਾਤਿਮਾ ਜੰਮੂ ਕਸ਼ਮੀਰ ਦੇ ਰਾਜੌਰੀ ਤੋਂ ਆਈਆਂ ਹਨ। ਉਨ੍ਹਾਂ ਨੂੰ ਇੱਕ ਰਿਸ਼ਤੇਦਾਰ ਮੁਰਵਤ ਹੁਸੈਨ ਛੱਡਣ ਆਇਆ ਹੈ। ਉਸ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਦਾ ਪਾਕਿਸਤਾਨ ਵਿੱਚ ਕੋਈ ਰਿਸ਼ਤੇਦਾਰ ਨਹੀਂ ਹੈ, ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਇਨ੍ਹਾਂ ਨੂੰ ਜਬਰੀ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ 1983 ਵਿੱਚ ਭਾਰਤ ਆਈਆਂ ਸਨ। ਇਨ੍ਹਾਂ ਦੇ ਪਿਤਾ ਦੀ 1980 ਵਿੱਚ ਪਾਕਿਸਤਾਨ ਵਿੱਚ ਮੌਤ ਹੋ ਗਈ ਸੀ, ਪਰ ਹੁਣ ਇਨ੍ਹਾਂ ਦਾ ਉਧਰ ਕੋਈ ਵੀ ਨਹੀਂ ਹੈ। ਇਹ ਉਸ ਵੇਲੇ ਤੋਂ ਭਾਰਤ ਵਿੱਚ ਹੀ ਹਨ ਅਤੇ ਇਨ੍ਹਾਂ ਦਾ ਸਭ ਕੁਝ ਭਾਰਤ ਵਿੱਚ ਹੀ। ਉਹ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੀਆਂ, ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਬਰੀ ਅਟਾਰੀ ਸਰਹੱਦ ’ਤੇ ਲਿਆਂਦਾ ਗਿਆ ਹੈ ਤਾਂ ਜੋ ਪਾਕਿਸਤਾਨ ਭੇਜਿਆ ਜਾ ਸਕੇ।
ਇਸੇ ਤਰ੍ਹਾਂ ਇੱਕ ਹੋਰ ਔਰਤ, ਜੋ ਖ਼ੁਦ ਕਰਾਚੀ ਦੀ ਰਹਿਣ ਵਾਲੀ ਹੈ ਪਰ ਉਸ ਦਾ ਬੱਚਾ ਭਾਰਤੀ ਪਾਸਪੋਰਟ ਧਾਰਕ ਹੈ। ਉਹ ਆਪਣੇ ਬੱਚੇ ਤੋਂ ਬਿਨਾਂ ਵਾਪਸ ਨਹੀਂ ਜਾਣਾ ਚਾਹੁੰਦੀ ਹੈ। ਉਸ ਨੇ ਰੋਂਦਿਆਂ ਅਪੀਲ ਕੀਤੀ ਹੈ ਕਿ ਉਸ ਨੂੰ ਆਪਣੇ ਬੱਚੇ ਦੇ ਨਾਲ ਰਹਿਣ ਦਿੱਤਾ ਜਾਵੇ ਜਾਂ ਬੱਚੇ ਦੇ ਨਾਲ ਵਾਪਸ ਜਾਣ ਦੀ ਆਗਿਆ ਦਿੱਤੀ ਜਾਵੇ।
ਸਰਹੱਦ ’ਤੇ ਲਗਪਗ 16 ਪਾਕਿਸਤਾਨੀ ਹਿੰਦੂ ਨਾਗਰਿਕ, ਜੋ ਇਥੇ ਆਪਣੇ ਬਜ਼ੁਰਗਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਵਾਸਤੇ ਹਰਿਦੁਆਰ ਯਾਤਰਾ ’ਤੇ ਆਏ ਸਨ, ਵੀ ਵਾਪਸ ਪਰਤਣ ਦੀ ਉਡੀਕ ਵਿੱਚ ਇੱਥੇ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ ਵਾਪਸ ਪਰਤਣ ਸਮੇਂ ਰਸਤੇ ਵਿੱਚ ਟੈਕਸੀ ਖਰਾਬ ਹੋ ਗਈ ਸੀ ਅਤੇ ਉਹ ਦੇਰ ਰਾਤ ਨੂੰ ਪੁੱਜੇ ਹਨ। ਦੂਜੇ ਪਾਸੇ ਸਰਹੱਦ ’ਤੇ ਆਈਸੀਪੀ ਅਤੇ ਹੋਰ ਸਬੰਧਤ ਅਧਿਕਾਰੀਆਂ ਨੇ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਪਰਤਣ ਬਾਰੇ ਜਾਂ ਰੁਕਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਵੀ 300 ਤੋਂ ਵੱਧ ਲੋਕ ਦੋਵੇਂ ਪਾਸਿਓਂ ਆਪੋ ਆਪਣੇ ਮੁਲਕਾਂ ਵਿੱਚ ਪਰਤੇ ਸਨ।