ਜਾਸੂਸੀ ਮਾਮਲੇ ’ਚ ਯੂ-ਟਿਊਬਰ ਦੇ ਪੁਲੀਸ ਰਿਮਾਂਡ ਵਿੱਚ ਵਾਧਾ
ਐੱਸਏਐੱਸ ਨਗਰ (ਮੁਹਾਲੀ):
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐੱਸਐੱਸਓਸੀ) ਦੀ ਮੁਹਾਲੀ ਟੀਮ ਵੱਲੋਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਯੂ-ਟਿਊਬਰ ਜਸਬੀਰ ਸਿੰਘ ਵਾਸੀ ਪਿੰਡ ਮੱਲਣ (ਰੂਪਨਗਰ) ਨੂੰ ਤਿੰਨ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਮੁੜ ਤੋਂ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਸ ਖ਼ਿਲਾਫ਼ ਐੱਸਐੱਸਓਸੀ ਦੇ ਮੁਹਾਲੀ ਸਥਿਤ ਥਾਣੇ ਵਿੱਚ ਐੱਫ਼ਆਈਆਰ ਦਰਜ ਕੀਤੀ ਗਈ ਹੈ। ਉਧਰ, ਜਸਬੀਰ ਦੀ ਮਹਿਲਾ ਮਿੱਤਰ ਵੀ ਪੁਲੀਸ ਦੇ ਨਿਸ਼ਾਨੇ ’ਤੇ ਆ ਗਈ ਹੈ। ਉਹ ਜਲੰਧਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜਿਸ ਨੂੰ ਜਸਬੀਰ ਨੇ ਪਾਕਿਸਤਾਨ ਨਾਗਰਿਕ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਮਿਲਾਇਆ ਸੀ। -ਪੱਤਰ ਪ੍ਰੇਰਕ
ਮੋਂਗਾ ਕਤਲ ਕਾਂਡ: ਪੁਲੀਸ ਮੁਕਾਬਲੇ ’ਚ ਤਿੰਨ ਮੁਲਜ਼ਮ ਜ਼ਖ਼ਮੀ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਸ਼ਹਿਰ ਦੇ ਮਖੂ ਗੇਟ ਇਲਾਕੇ ਵਿੱਚ ਸਥਿਤ ਟੈਟੂ ਸ਼ਾਪ ’ਚ ਹੋਏ ਆਸ਼ੂ ਮੋਂਗਾ ਦੇ ਕਤਲ ਸਬੰਧੀ ਕੇਸ ਵਿੱਚ ਬੀਤੀ ਰਾਤ ਪੁਲੀਸ ਨੂੰ ਨਵੀਂ ਸਫ਼ਲਤਾ ਮਿਲੀ ਹੈ। ਪੰਜਾਬ ਪੁਲੀਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਟੀਮ ਨੇ ਪਿੰਡ ਰੱਤਾਖੇੜਾ ਵਿੱਚੋਂ ਲੰਘਦੇ ਸੇਮ ਨਾਲੇ ’ਤੇ ਇਸ ਕੇਸ ਵਿੱਚ ਲੋੜੀਂਦੇ ਤਿੰਨ ਮੁਲਜ਼ਮਾਂ ਨੂੰ ਘੇਰ ਲਿਆ, ਜਿਸ ਦੌਰਾਨ ਉਨ੍ਹਾਂ ਵੱਲੋਂ ਪੁਲੀਸ ’ਤੇ ਫਾਇਰਿੰਗ ਕੀਤੀ ਗਈ, ਜਿਸ ਦੇ ਜਵਾਬ ਵਿੱਚ ਤਿੰਨੋਂ ਜਣੇ ਪੁਲੀਸ ਦੀਆਂ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਮੌਕੇ ’ਤੇ ਪੁੱਜੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਅਤੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਸੋਨੂੰ, ਗੁਰਜਿੰਦਰ ਸਿੰਘ ਉਰਫ਼ ਘੋੜਾ ਅਤੇ ਅਮਰਜੀਤ ਸਿੰਘ ਵਜੋਂ ਹੋਈ ਹੈ। ਇਹ ਤਿੰਨੋਂ ਆਸ਼ੂ ਮੋਂਗਾ ਕਤਲ ਕੇਸ ਵਿੱਚ ਪੁਲੀਸ ਨੂੰ ਲੋੜੀਂਦੇ ਸਨ ਅਤੇ ਵਾਰਦਾਤ ਤੋਂ ਬਾਅਦ ਪੁਲੀਸ ਇਨ੍ਹਾਂ ਦੀ ਤਲਾਸ਼ ਕਰ ਰਹੀ ਸੀ।
ਫ਼ਰੀਦਕੋਟ: ਆਈਸ ਡਰੱਗ ਸਣੇ ਦੋ ਗ੍ਰਿਫ਼ਤਾਰ
ਕੋਟਕਪੂਰਾ: ਥਾਣਾ ਸਦਰ ਕੋਟਕਪੂਰਾ ਨੇ ਦੋ ਨੌਜਵਾਨਾਂ ਨੂੰ 212 ਗ੍ਰਾਮ ਆਈਸ ਡਰੱਗ ਸਣੇ ਗ੍ਰਿਫ਼ਤਾਰ ਕੀਤਾ ਹੈ। ਐੱਸਪੀ (ਐੱਚ) ਨਰਵਿੰਦਬੀਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਨੇ ਬੀੜ ਸਿੱਖਾਂ ਵਾਲਾ ਪਿੰਡ ’ਚ ਦੋ ਨੌਜਵਾਨਾਂ ਕੋਲੋਂ 212 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਮੋਗਾ ਵਾਸੀ ਅਨਿਲ ਕੁਮਾਰ ਸੋਨੂ ਤੇ ਸਾਗਰ ਉਰਫ਼ ਮਨਪ੍ਰੀਤ ਸਿੰਘ ਵਜੋਂ ਹੋਈ ਹੈ। -ਪੱਤਰ ਪ੍ਰੇਰਕ