ਜੋਤਸ਼ੀ ’ਤੇ ਪਤਨੀ ਦੀ ਸਹੇਲੀ ਨਾਲ ਜਬਰ ਜਨਾਹ ਦਾ ਦੋਸ਼, ਫਸਾਉਣ ਲਈ ਆਵਾਜ਼ ਬਦਲਣ ਵਾਲੇ ਸਾਫਟਵੇਅਰ ਦੀ ਵਰਤੋਂ ਕੀਤੀ
ਟ੍ਰਿਬਿਊਨ ਨਿਊਜ਼ ਸਰਵਿਸ
ਫਗਵਾੜਾ, 29 ਮਾਰਚ
ਫਗਵਾੜਾ ਦੇ ਇੱਕ ਮਸ਼ਹੂਰ ਜੋਤਸ਼ੀ ਅਭਿਸ਼ੇਕ ਰਾਵਲ ’ਤੇ ਇਕ ਵਿਆਹੁਤਾ ਔਰਤ, ਜੋ ਤਿੰਨ ਬੱਚਿਆਂ ਦੀ ਮਾਂ ਹੈ, ਨੂੰ ਕਥਿਤ ਬਲੈਕਮੇਲ ਕਰਨ ਅਤੇ ਵਾਰ-ਵਾਰ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲੀਸ ਨੇ ਫਰੈਂਡਜ਼ ਕਲੋਨੀ ਫਗਵਾੜਾ ਵਾਸੀ ਅਭਿਸ਼ੇਕ ਰਾਵਲ ਵਿਰੁੱਧ ਜਬਰ ਜਨਾਹ ਅਤੇ ਬਲੈਕਮੇਲਿੰਗ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਸ਼ੀਲਾ (ਬਦਲਿਆ ਨਾਂ) ਨੇ ਦੋਸ਼ ਲਗਾਇਆ ਹੈ ਕਿ ਉਹ ਜੋਤਸ਼ੀ ਦੀ ਪਤਨੀ ਦੀ ਕਰੀਬੀ ਦੋਸਤ ਸੀ ਅਤੇ ਅਕਸਰ ਪਰਿਵਾਰਕ ਇਕੱਠਾਂ ਵਿੱਚ ਉਸਨੂੰ ਮਿਲਦੀ ਸੀ। ਮਹਿਲਾ ਨੇ ਦੋਸ਼ ਲਗਾਇਆ ਕਿ ਦੋਸ਼ੀ ਆਪਣੀ ਪਤਨੀ ਵਜੋਂ ਪੇਸ਼ ਆਉਣ ਲਈ ਆਵਾਜ਼ ਬਦਲਣ ਵਾਲੇ ਸਾਫਟਵੇਅਰ ਦੀ ਵਰਤੋਂ ਕਰਦਾ ਸੀ ਅਤੇ ਫੋਨ ਕਾਲਾਂ ਅਤੇ ਚੈਟਾਂ ਰਾਹੀਂ ਉਸ ਨਾਲ ਗੱਲਬਾਤ ਕਰਦਾ ਸੀ। ਇਸ ਚਾਲ ਦੀ ਵਰਤੋਂ ਕਰਦੇ ਹੋਏ ਉਸ ਨੇ ਕਥਿਤ ਤੌਰ ’ਤੇ ਮਹਿਲਾ ਨੂੰ ਖਰੀਦਦਾਰੀ ਦੇ ਬਹਾਨੇ ਆਪਣੀ ਦੁਕਾਨ ’ਤੇ ਬੁਲਾਇਆ, ਜਿੱਥੇ ਉਸਨੂੰ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ੀ ਦੀ ਹਾਲਤ ਵਿਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਮਹਿਲਾ ਨੇ ਕਿਹਾ ਕਿ ਦੋਸ਼ੀ ਨੇ ਕਥਿਤ ਤੌਰ ’ਤੇ ਇੱਕ ਇਤਰਾਜ਼ਯੋਗ ਵੀਡੀਓ ਵੀ ਰਿਕਾਰਡ ਕੀਤੀ।
ਪੀੜਤਾ ਨੇ ਦੱਸਿਆ ਕਿ ਜਦੋਂ ਉਹ ਹੋਸ਼ ਵਿੱਚ ਆਈ ਤਾਂ ਰਾਵਲ ਨੇ ਕਥਿਤ ਤੌਰ ’ਤੇ ਉਸਨੂੰ ਧਮਕੀ ਦਿੱਤੀ ਕਿ ਉਸ ਕੋਲ ਘਟਨਾ ਦੀ ਵੀਡੀਓ ਹੈ ਅਤੇ ਬਾਅਦ ਵਿੱਚ ਬਲੈਕਮੇਲ ਕਰਦਿਆਂ ਉਸਦੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਕੇ ਵੱਖ-ਵੱਖ ਥਾਵਾਂ ’ਤੇ ਕਈ ਵਾਰ ਜਿਨਸੀ ਸਬੰਧ ਬਣਾਉਣ ਲਈ ਮਜਬੂਰ ਕੀਤਾ।
ਇਸ ਸਬੰਧੀ ਪੀੜਤਾ ਨੇ ਅੱਗੇ ਦੋਸ਼ ਲਗਾਇਆ ਕਿ ਹੋਲੀ ਵਾਲੇ ਦਿਨ ਉਸਦੇ ਸਖ਼ਤ ਇਨਕਾਰ ਦੇ ਬਾਵਜੂਦ ਦੋਸ਼ੀ ਨੇ ਉਸਨੂੰ ਮਜਬੂਰ ਕੀਤਾ। ਜਦੋਂ ਉਸ ਨੇ ਅੰਤ ਵਿਰੋਧ ਕੀਤਾ, ਦੋਸ਼ੀ ਨੇ ਕਥਿਤ ਤੌਰ ’ਤੇ ਉਸਦਾ ਵੀਡੀਓ ਸੋਸ਼ਲ ਮੀਡੀਆ ’ਤੇ ਲੀਕ ਕਰ ਦਿੱਤਾ। ਪੀੜਤਾ ਨੇ ਇਹ ਵੀ ਦਾਅਵਾ ਕੀਤਾ ਕਿ ਰਾਵਲ ਜੋਤਿਸ਼ ਦੀ ਆੜ ਵਿੱਚ, ਮਾਸੂਮ ਔਰਤਾਂ ਦੀਆਂ ਅਸ਼ਲੀਲ ਫੋਟੋਆਂ ਇਕੱਠੀਆਂ ਕਰਦਾ ਸੀ। ਮਹਿਲਾ ਨੇ ਪੁਲੀਸ ਨੂੰ ਉਸ ਦੀਆਂ ਗਤੀਵਿਧੀਆਂ ਦੀ ਉੱਚ ਪੱਧਰੀ ਜਾਂਚ ਕਰਨ ਦੀ ਅਪੀਲ ਕੀਤੀ ਅਤੇ ਦੋਸ਼ ਲਗਾਇਆ ਕਿ ਉਸ ਕੋਲ ਇਤਰਾਜ਼ਯੋਗ ਸਮੱਗਰੀ ਵਾਲੇ ਕਈ ਮੋਬਾਈਲ ਫੋਨ ਹਨ।
ਇਸ ਦੌਰਾਨ ਫਗਵਾੜਾ ਪੁਲੀਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ ਸਥਾਨਕ ਨਿਆਂਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਥੇ ਪੁੱਛਗਿੱਛ ਲਈ ਉਸਨੂੰ ਦੋ ਦਿਨਾਂ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ।