ਪੁਲੀਸ ਕਮਿਸ਼ਨਰ ਦਫ਼ਤਰ ਘੇਰਨ ਜਾਂਦੇ ਭਾਜਪਾ ਵਰਕਰਾਂ ਤੇ ਪੁਲੀਸ ਵਿਚਾਲੇ ਧੱਕਾ-ਮੁੱਕੀ
ਗਗਨਦੀਪ ਅਰੋੜਾ
ਲੁਧਿਆਣਾ, 1 ਅਪਰੈਲ
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੀ ਤਰੀਕ ਦਾ ਭਾਵੇਂ ਹਾਲੇ ਤੱਕ ਐਲਾਨ ਨਹੀਂ ਹੋਇਆ ਹੈ ਪਰ ਸ਼ਹਿਰ ਵਿੱਚ ਸਿਆਸੀ ਮਾਹੌਲ ਭਖ਼ ਗਿਆ ਹੈ। ਅੱਜ ਭਾਜਪਾ ਦੇ ਵਰਕਰਾਂ ਨੇ ਪੁਲੀਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਭਾਜਪਾ ਵਰਕਰਾਂ ਤੇ ਪੁਲੀਸ ਵਿਚਕਾਰ ਧੱਕਾ-ਮੁੱਕੀ ਵੀ ਹੋਈ। ਪੁਲੀਸ ਨੇ ਕਮਿਸ਼ਨਰ ਦਫ਼ਤਰ ਦਾ ਮੁੱਖ ਗੇਟ ਬੰਦ ਕਰ ਦਿੱਤਾ ਤੇ ਭਾਜਪਾ ਵਰਕਰਾਂ ਨੂੰ ਉੱਥੇ ਹੀ ਰੋਕ ਲਿਆ। ਇਸ ਤੋਂ ਬਾਅਦ ਭਾਜਪਾ ਵਰਕਰਾਂ ਨੇ ਗੇਟ ਦੇ ਸਾਹਮਣੇ ਧਰਨਾ ਲਗਾ ਦਿੱਤਾ ਅਤੇ ਪੁਲੀਸ ਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਹਲਕਾ ਪੱਛਮੀ ਵਿੱਚ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਭਾਜਪਾ ਵਰਕਰਾਂ ਨੂੰ ਪੁਲੀਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਵਰਕਰ ਡਰੇ ਹੋਏ ਹਨ। ਭਾਜਪਾ ਵਰਕਰਾਂ ਨੇ ਸੜਕ ਵਿਚਕਾਰ ਨਾਅਰੇਬਾਜ਼ੀ ਕੀਤੀ। ਇਸ ਕਾਰਨ ਆਵਾਜਾਈ ਜਾਮ ਹੋ ਗਈ। ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਪੁਲੀਸ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਪ ਚੋਣ ਪੂਰੀ ਨਿਰਪੱਖਤਾ ਨਾਲ ਕਰਵਾਈ ਜਾਵੇਗੀ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਤੇ ਸੂਬਾ ਬੁਲਾਰੇ ਅਨਿਲ ਸਰੀਨ ਨੇ ਦੱਸਿਆ ਕਿ ਹਲਕਾ ਪੱਛਮੀ ਵਿੱਚ ਚੋਣਾਂ ਹੋਣੀਆਂ ਹਨ। ਪੁਲੀਸ ਮੁਲਾਜ਼ਮ ਵੱਖ-ਵੱਖ ਬੂਥਾਂ ’ਤੇ ਕੰਮ ਕਰਨ ਵਾਲੇ ਭਾਜਪਾ ਵਰਕਰਾਂ ਦੀਆਂ ਸੂਚੀਆਂ ਮੰਗ ਰਹੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਪੱਛਮੀ ਹਲਕੇ ਵਿੱਚ ਆਪਣੀ ਹਾਰ ਦੇਖ ਰਹੀ ਹੈ। ਇਸ ਕਾਰਨ ਹੁਣ ਪੁਲੀਸ ਦੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਪੁਲੀਸ ਦੇ ਦਬਾਅ ਤੋਂ ਡਰਨ ਵਾਲੇ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਮੰਗ ਕੀਤੀ ਗਈ ਹੈ ਕਿ ਉਹ ਆਪਣੇ ਹੇਠਲੇ ਪੱਧਰ ਦੇ ਅਧਿਕਾਰੀਆਂ ’ਤੇ ਨਜ਼ਰ ਰੱਖਣ।
ਭਾਜਪਾ ਲੋਕਤੰਤਰ ਦਾ ਕਤਲ ਨਹੀਂ ਹੋਣ ਦੇਵੇਗੀ: ਬਾਂਸਲ