ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਰਹਾਂਗਾ: ਕੇਜਰੀਵਾਲ
ਗਗਨਦੀਪ ਅਰੋੜਾ
ਲੁਧਿਆਣਾ, 1 ਅਪਰੈਲ
ਇੱਥੇ ‘ਆਪ’ ਦੇ ਕਾਰਜਕਾਰਨੀ ਸੰਮੇਲਨ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਸਟੇਜ ਤੋਂ ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰਨ ਦੀ ਸਹੁੰ ਖਾਧੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਦੀ ਸਹੁੰ ਖਾਂਦੇ ਹਨ, ਜਦੋਂ ਤੱਕ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਚੁੱਪ ਨਹੀਂ ਬੈਠਣਗੇ। ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ‘ਆਪ’ ਦੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ, ਇਨ੍ਹਾਂ ਤੋਂ ਬਿਨਾਂ ਪਾਰਟੀ ਕੁਝ ਨਹੀਂ ਕਰ ਸਕਦੀ। ਇਸ ਮੌਕੇ ਸ੍ਰੀ ਕੇਜਰੀਵਾਲ ਨੇ ਕੈਬਨਿਟ ਮੰਤਰੀਆਂ, ਵਿਧਾਇਕਾਂ ਤੇ ਵਰਕਰਾਂ ਨੂੰ ਵੀ ਸਹੁੰ ਚੁਕਵਾਈ ਕਿ ਉਹ ਆਪੋ-ਆਪਣੇ ਹਲਕੇ ਤੇ ਇਲਾਕੇ ਵਿੱਚ ਨਸ਼ਾ ਨਹੀਂ ਵਿਕਣ ਦੇਣਗੇ।
‘ਆਪ’ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ,‘ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਸਥਾਪਤ ਕਰਨ ਲਈ ਦਿਨ-ਰਾਤ ਕੰਮ ਕੀਤਾ।’ ਉਨ੍ਹਾਂ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਨਸ਼ਿਆਂ ਦੇ ਖ਼ਤਰੇ ਨਾਲ ਨਜਿੱਠਣ ਲਈ ਬੇਮਿਸਾਲ ਕਾਰਵਾਈਆਂ ਕੀਤੀਆਂ ਗਈਆਂ ਹਨ। ਪਿਛਲੇ ਮਹੀਨੇ ਵਿੱਚ ਜੋ ਕੁਝ ਪ੍ਰਾਪਤ ਹੋਇਆ ਹੈ, ਉਹ 75 ਸਾਲਾਂ ਵਿੱਚ ਕਿਸੇ ਨੇ ਨਹੀਂ ਦੇਖਿਆ। ਸ੍ਰੀ ਕੇਜਰੀਵਾਲ ਨੇ ਕਿਹਾ ਸਿਰਫ਼ ਇੱਕ ਮਹੀਨੇ ਵਿੱਚ ਹਜ਼ਾਰਾਂ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ। ਨਸ਼ਾ ਤਸਕਰਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ।
ਪੰਜਾਬ ਦੇ ਨੁਕਸਾਨ ਲਈ ਸਿਆਸੀ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ
ਕੇਜਰੀਵਾਲ ਨੇ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਪੰਜਾਬ ਦੀ ਦਰਜਾਬੰਦੀ ਵਿੱਚ ਨਾਟਕੀ ਗਿਰਾਵਟ ਨੂੰ ਵੀ ਉਜਾਗਰ ਕੀਤਾ, ਜੋ ਹੁਣ ਪਹਿਲੇ ਤੋਂ 18ਵੇਂ ਨੰਬਰ ’ਤੇ ਆ ਗਈ ਹੈ। ਉਨ੍ਹਾਂ ਇਸ ਗਿਰਾਵਟ ਲਈ ਸਿਆਸੀ ਸ਼ਖ਼ਸੀਅਤਾਂ ’ਤੇ ਦੋਸ਼ ਲਗਾਇਆ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੱਤਾ ਅਤੇ ਪੈਸੇ ਲਈ ਵੇਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਲਿਆਉਣ ਲਈ ਜ਼ਿੰਮੇਵਾਰ, ਸੱਤਾ ਖ਼ਾਤਰ ਪੰਜਾਬ ਦੇ ਨੌਜਵਾਨਾਂ ਨੂੰ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਭਗਵੰਤ ਮਾਨ ਵੱਲੋਂ ‘ਆਪ’ ਲੀਡਰਸ਼ਿਪ ਦੀ ਸ਼ਲਾਘਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਵਾਲੰਟੀਅਰ ਸਿਰਫ਼ ਰਾਜਨੀਤਿਕ ਵਰਕਰ ਨਹੀਂ ਹਨ, ਉਹ ਆਪਣੇ ਆਪ ਵਿੱਚ ਕ੍ਰਾਂਤੀ ਹਨ। ਪਾਰਟੀ ਉਨ੍ਹਾਂ ਨੂੰ ਜਦੋਂ ਵੀ ਬੁਲਾਉਂਦੀ ਹੈ, ਉਹ ਬਿਨਾਂ ਝਿਜਕ ਤੁਰੰਤ ਜਵਾਬ ਦਿੰਦੇ ਹਨ। ਪਾਰਟੀ ਵਾਲੰਟੀਅਰ ਸਾਫ਼-ਸੁਥਰੀ ਅਤੇ ਲੋਕ-ਕੇਂਦ੍ਰਿਤ ਰਾਜਨੀਤੀ ਦੇ ਉਦੇਸ਼ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਦੇ ਹਨ। ਉਨ੍ਹਾਂ ਇਸ ਮੌਕੇ ਕੇਜਰੀਵਾਲ, ਸਿਸੋਦਿਆ ਦੀ ਸ਼ਲਾਘਾ ਕੀਤੀ।