ਇਕ ਪ੍ਰੇਰਨਾ ਭਰਪੂਰ ਕਿਤਾਬ
ਸੁਖਦਰਸ਼ਨ ਨੱਤ
ਇਕ ਪੁਸਤਕ-ਇਕ ਨਜ਼ਰ
ਪੰਜਾਬ ਦੇ ਨਕਸਲਬਾੜੀ ਅੰਦੋਲਨ ਵਿਚੋਂ ਉੱਭਰੇ ਹਰਮਨ-ਪਿਆਰੇ ਜਨਤਕ ਤੇ ਸਿਆਸੀ ਆਗੂਆਂ ਦੀ ਪਹਿਲੀ ਪਾਲ਼ ’ਚ ਸ਼ਾਮਿਲ ਕੀਤੇ ਜਾਂਦੇ ਕਾਮਰੇਡ ਬਲਦੇਵ ਸਿੰਘ ਮਾਨ ਨੂੰ ਸ਼ਹੀਦ ਹੋਇਆਂ ਕਰੀਬ 34 ਸਾਲ ਬੀਤ ਚੁੱਕੇ ਹਨ। ਐਨੇ ਅਰਸੇ ਬਾਅਦ ਉਨ੍ਹਾਂ ਦੇ ਜੀਵਨ ਬਾਰੇ ਇਸ ਪੁਸਤਕ ਦਾ ਛਪਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਇਨਕਲਾਬੀ ਆਦਰਸ਼ ਅੱਜ ਵੀ ਸਮਾਜ ਵਿਚ ਉਸੇ ਤਰ੍ਹਾਂ ਪ੍ਰਸੰਗਕ ਹਨ ਜਿਨ੍ਹਾਂ ਦੀ ਪੂਰਤੀ ਲਈ ਜੂਝਦਿਆਂ ਕਾਮਰੇਡ ਮਾਨ ਨੇ ਆਪਣੀ ਜਾਨ ਵਾਰੀ ਸੀ ਸਗੋਂ ਮਾਨ ਦੇ ਸਾਥੀ ਅਤੇ ਵਾਰਿਸ ਹਾਲੇ ਵੀ ਉਸੇ ਸ਼ਿੱਦਤ, ਲਗਨ ਅਤੇ ਹਿੰਮਤ ਨਾਲ ਉਸ ਸੰਘਰਸ਼ ਨੂੰ ਅੱਗੇ ਵਧਾ ਰਹੇ ਹਨ।
ਇਸ ਪੁਸਤਕ ਦੇ ਸਬੰਧ ਵਿਚ ਇਕ ਖ਼ਾਸ ਗੱਲ ਇਹ ਵੀ ਹੈ ਕਿ ਪੁਸਤਕ ਦਾ ਸੰਪਾਦਕ ਕਾਮਰੇਡ ਹਰਭਗਵਾਨ ਭੀਖੀ, ਬਲਦੇਵ ਮਾਨ ਦਾ ਸਮਕਾਲੀ ਨਹੀਂ। ਮਾਨ ਦੀ ਸ਼ਹਾਦਤ ਦੇ ਵਕਤ ਉਸ ਦੀ ਉਮਰ ਸਿਰਫ਼ 11 ਸਾਲ ਸੀ। ਉਹ ਪੰਜਾਬ ਦੇ ਧੁਰ ਦੱਖਣੀ ਸਿਰੇ ’ਤੇ ਸਥਿਤ ਮਾਨਸਾ ਜ਼ਿਲ੍ਹੇ ਦਾ ਜੰਮਪਲ ਹੈ ਅਤੇ ਆਪਣੇ ਵਿਦਿਆਰਥੀ ਜੀਵਨ ਵੇਲੇ ਤੋਂ ਹੀ ਸੀ.ਪੀ.ਆਈ. (ਐੱਮ.ਐੱਲ.) ਲਬਿਰੇਸ਼ਨ ਨਾਲ ਜੁੜਿਆ ਕੁਲਵਕਤੀ ਸਿਆਸੀ ਕਾਰਕੁੰਨ ਹੈ। ਜਿਸ ਕੰਮ ਦੀ ਤਵੱਕੋਂ ਕਾਮਰੇਡ ਮਾਨ ਦੇ ਕਰੀਬੀਆਂ ਜਾਂ ਸਿਆਸੀ ਹਮਸਫ਼ਰਾਂ ਕੋਲੋਂ ਕੀਤੀ ਜਾਂਦੀ ਸੀ, ਉਹ ਕੰਮ ਸਮੇਂ, ਸੰਪਰਕਾਂ ਅਤੇ ਮਾਇਕ ਵਸੀਲਿਆਂ ਦੀ ਗੰਭੀਰ ਥੁੜ ਦੇ ਬਾਵਜੂਦ ਕਾਮਰੇਡ ਮਾਨ ਦੇ ਕਾਰਜ ਖੇਤਰ ਤੋਂ ਕਰੀਬ ਢਾਈ ਸੌ ਕਿਲੋਮੀਟਰ ਦੂਰ ਬੈਠੇ ਹਰਭਗਵਾਨ ਭੀਖੀ ਨੇ ਨੇਪਰੇ ਚਾੜ੍ਹਿਆ। ਇਹ ਇਨਕਲਾਬੀ ਲਹਿਰ ਦੇ ਵਿੱਛੜ ਚੁੱਕੇ ਆਗੂਆਂ ਅਤੇ ਸ਼ਹੀਦਾਂ ਪ੍ਰਤੀ ਉਸ ਦੇ ਲਗਾਅ ਅਤੇ ਮਿਥੇ ਕੰਮ ਨੂੰ ਕਰਨ ਲਈ ਉਸ ਦੀ ਲਗਨ ਹੈ ਜਿਸ ਸਦਕਾ ਉਹ ਇਹ ਮੁਸ਼ਕਿਲ ਅਤੇ ਬੁਰੀ ਤਰ੍ਹਾਂ ਪਛੜ ਚੁੱਕਿਆ ਅਹਿਮ ਕਾਰਜ ਮੁਕੰਮਲ ਕਰ ਸਕਿਆ। ਇਸ ਤੋਂ ਪਹਿਲਾਂ ਉਹ ਇਨਕਲਾਬੀ ਲਹਿਰ ਦੀ ਜਾਣੀ-ਪਛਾਣੀ ਔਰਤ ਆਗੂ (ਮਰਹੂਮ) ਕਾਮਰੇਡ ਜੀਤਾ ਕੌਰ ਅਤੇ ਸੂਬੇ ਦੇ ਪਹਿਲੀ ਕਤਾਰ ਦੇ ਨਕਸਲੀ ਆਗੂ ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ ਬਾਰੇ ਦੋ ਹੋਰ ਕਿਤਾਬਾਂ ਵੀ ਪਾਠਕਾਂ ਤੱਕ ਪਹੁੰਚਾ ਚੁੱਕਾ ਹੈ।
ਉਂਜ, ਸ਼ਹੀਦ ਬਲਦੇਵ ਮਾਨ ਬਾਰੇ ਕਿਤਾਬ ਸੰਪਾਦਿਤ ਕਰਨ ਦਾ ਇਹ ਪਹਿਲਾ ਉੱਦਮ ਨਹੀਂ ਹੈ। ਹਰਭਗਵਾਨ ਵੱਲੋਂ ਇਹ ਪ੍ਰੋਜੈਕਟ ਹੱਥ ਲੈਣ ਤੋਂ ਕੋਈ ਦਸ ਕੁ ਸਾਲ ਪਹਿਲਾਂ ਪੰਜਾਬੀ ਦੇ ਜਾਣੇ-ਪਛਾਣੇ ਕਹਾਣੀਕਾਰ ਅਜਮੇਰ ਸਿੱਧੂ ਨੇ ਵੀ ਅੰਮ੍ਰਿਤਸਰ ਦੀ ਨਕਸਲਬਾੜੀ ਲਹਿਰ ਬਾਰੇ ਕਿਤਾਬ ਤਿਆਰ ਕਰਨ ਦਾ ਕੰਮ ਬੜੇ ਉਤਸ਼ਾਹ ਅਤੇ ਇਨਕਲਾਬੀ ਭਾਵਨਾ ਨਾਲ ਸ਼ੁਰੂ ਕੀਤਾ ਸੀ। ਉਨ੍ਹਾਂ ਕਾਫ਼ੀ ਸਾਰੀ ਸਮੱਗਰੀ ਤਿਆਰ/ਇਕੱਤਰ ਕਰ ਵੀ ਲਈ ਸੀ, ਪਰ ਲਹਿਰ ਅੰਦਰਲੇ ਸ਼ੱਕੀ ਸੁਭਾਅ ਅਤੇ ਸੰਕੀਰਨ ਸੋਚ ਵਾਲੇ ਚੰਦ ਆਗੂਆਂ ਦੇ ਅਸਹਿਯੋਗ ਅਤੇ ਬੇਤੁਕੇ ਕਿੰਤੂ-ਪ੍ਰੰਤੂਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣਾ ਕੰਮ ਰੋਕ ਦਿੱਤਾ। ਇਸ ਕੁੜੱਤਣ ਦੇ ਬਾਵਜੂਦ ਅਜਮੇਰ ਸਿੱਧੂ ਨੇ ਫ਼ਰਾਖ਼ਦਿਲੀ ਦਿਖਾਈ ਕਿ ਹਰਭਗਵਾਨ ਵੱਲੋਂ ਸੰਪਰਕ ਕਰਨ ’ਤੇ ਉਨ੍ਹਾਂ ਆਪਣੇ ਵੱਲੋਂ ਇਕੱਤਰ ਕੀਤੀ ਸਾਰੀ ਸਮੱਗਰੀ ਉਸ ਦੇ ਹਵਾਲੇ ਕਰ ਦਿੱਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਇਕਰਾਰ ਕੀਤਾ। ਕਾਮਰੇਡ ਮਾਨ ਦੇ ਪਰਿਵਾਰ, ਰਿਸ਼ਤੇਦਾਰਾਂ, ਕਰੀਬੀ ਦੋਸਤਾਂ-ਸੰਗਰਾਮੀ ਸਾਥੀਆਂ ਅਤੇ ਡਾ. ਅਵਤਾਰ ਸਿੰਘ ਓਠੀ ਹੋਰਾਂ ਨੇ ਵੀ ਇਸ ਕਿਤਾਬ ਲਈ ਭਰਪੂਰ ਸਹਿਯੋਗ ਦਿੱਤਾ। ਉਨ੍ਹਾਂ ਕੋਲ ਕਾਮਰੇਡ ਮਾਨ ਦੀਆਂ ਯਾਦਾਂ ਅਤੇ ਲਿਖਤਾਂ ਦੇ ਰੂਪ ਵਿਚ ਮੌਜੂਦ ਕੀਮਤੀ ਸਰਮਾਇਆ ਬਿਨਾਂ ਹਿਚਕ ਹਰਭਗਵਾਨ ਦੇ ਹਵਾਲੇ ਕਰ ਦਿੱਤਾ।
ਤਦ ਵੀ ਇਸ ਕਿਤਾਬ ਦੀ ਸਮੁੱਚੀ ਸਮੱਗਰੀ ਨੂੰ ਘੋਖਦਿਆਂ ਮੈਨੂੰ ਅਹਿਸਾਸ ਹੋਇਆ ਕਿ ਪੰਜਾਬ ਦੇ ਨਕਸਲੀ ਧੜਿਆਂ ਦੇ ਜ਼ਿਆਦਾਤਰ ਆਗੂ ਲਹਿਰ ਦੇ ਇਤਿਹਾਸ, ਇਸ ਅੰਦਰ ਸਮੇਂ-ਸਮੇਂ ਉੱਭਰਨ ਵਾਲੀਆਂ ਬਹਿਸਾਂ ਬਾਰੇ ਖੁੱਲ੍ਹ ਕੇ ਗੱਲ ਕਰਨ, ਆਪਣੀਆਂ ਯਾਦਾਂ ਤੇ ਕੌੜੇ-ਮਿੱਠੇ ਅਨੁਭਵਾਂ ਬਾਰੇ ਲਿਖਣ ਜਾਂ ਮੰਗ ਕਰਨ ’ਤੇ ਵੀ ਅਜਿਹਾ ਰਚਨਾਤਮਿਕ ਸਹਿਯੋਗ ਦੇਣ ਦੇ ਮਾਮਲੇ ਵਿਚ ਬਹੁਤ ਕੰਜੂਸ ਜਾਂ ‘ਸੰਗਾਊ’ ਹਨ। ਉਹ ਨਵੇਂ ਸਮਾਜਿਕ ਸਿਆਸੀ ਹਾਲਾਤ ਦੇ ਨੁਕਤਾ ਨਜ਼ਰ ਤੋਂ ਬੀਤੇ ਨੂੰ ਮੁੜ ਘੋਖਣ-ਪਰਖਣ ਪ੍ਰਤੀ ਵੀ ਬਹੁਤਾ ਉਤਸ਼ਾਹ ਨਹੀਂ ਵਿਖਾਉਦੇ। ਇਹ ਕਿਸੇ ਜਿਉਂਦੀ-ਜਾਗਦੀ ਅਤੇ ਅੱਗੇ ਵਧਣ ਦੀ ਤਾਂਘ ਰੱਖਦੀ ਇਕ ਇਨਕਲਾਬੀ ਲਹਿਰ ਲਈ ਕੋਈ ਚੰਗੇ ਲੱਛਣ ਨਹੀਂ ਹਨ। ਇਸ ਕਿਤਾਬ ਲਈ ਸਮੱਗਰੀ ਸੰਗ੍ਰਹਿ ਕਰਨ ਲਈ ਸੰਪਾਦਕ ਨੂੰ ਆਮ ਕਰਕੇ ਕਾਮਰੇਡ ਮਾਨ ਦੀ ਸ਼ਹਾਦਤ ਤੋਂ ਬਾਅਦ ਇਨਕਲਾਬੀ ਪਰਚਿਆਂ ਵਿਚ ਸਮੇਂ-ਸਮੇਂ ਉਨ੍ਹਾਂ ਬਾਰੇ ਛਪੀਆਂ ਲਿਖਤਾਂ ਉੱਤੇ ਹੀ ਟੇਕ ਰੱਖਣੀ ਪਈ ਹੈ, ਪਰ ਮੰਗ ਕਰਨ ਦੇ ਬਾਵਜੂਦ ਇਕ-ਦੋ ਆਗੂਆਂ ਤੋਂ ਛੁੱਟ ਕਿਸੇ ਨੇ (ਜਿਨ੍ਹਾਂ ਵਿਚ ਮੈਂ ਖ਼ੁਦ ਵੀ ਸ਼ਾਮਿਲ ਹਾਂ!) ਵੀ ਕਿਤਾਬ ਲਈ ਆਪਣਾ ਤਾਜ਼ਾ ਲੇਖ ਨਹੀਂ ਲਿਖਿਆ। ਇਸੇ ਕਾਰਨ ਕਿਤਾਬ ਪੜ੍ਹਦੇ ਹੋਏ ਪਾਠਕ ਖ਼ੁਦ ਮਹਿਸੂਸ ਕਰਨਗੇ ਕਿ ਕਿਤਾਬ ਵਿਚ ਕਾਮਰੇਡ ਮਾਨ ਦੇ ਹਾਸੇ-ਠੱਠੇ ਵਾਲੇ ਖੁੱਲ੍ਹ-ਖੁਲਾਸੇ ਰੌਣਕੀ ਤੇ ਖ਼ੁਸ਼ ਰਹਿਣੇ ਸੁਭਾਅ, ਉਨ੍ਹਾਂ ਦੀ ਇਨਕਲਾਬੀ ਲਗਨ, ਨਿਡਰਤਾ, ਬੇਪ੍ਰਵਾਹੀ, ਉਨ੍ਹਾਂ ਦੀ ਹਰਮਨ-ਪਿਆਰਤਾ ਅਤੇ ਉਨ੍ਹਾਂ ਵੱਲੋਂ ਸਫ਼ਲਤਾ-ਪੂਰਬਕ ਲੜੇ ਗਏ ਜਨਤਕ ਅੰਦੋਲਨਾਂ ਦਾ ਜ਼ਿਕਰ ਅਤੇ ਲਿਸ਼ਕਾਰੇ ਤਾਂ ਜਗ੍ਹਾ-ਜਗ੍ਹਾ ਬਿਖ਼ਰੇ ਨਜ਼ਰ ਆਉਣਗੇ, ਪਰ ਉਸ ਦੌਰ ਅਤੇ ਉਸ ਤੋਂ ਬਾਅਦ ਸਮਾਜਿਕ ਤੇ ਸਿਆਸੀ ਹਾਲਾਤ ਵਿਚ ਆਈਆਂ ਤਬਦੀਲੀਆਂ ਦਾ ਬਿਓਰਾ ਅਤੇ ਇਨ੍ਹਾਂ ਤਬਦੀਲੀਆਂ ਪਿੱਛੇ ਕਾਰਜਸ਼ੀਲ ਸ਼ਕਤੀਆਂ ਤੇ ਕਾਰਨਾਂ ਦਾ ਸਟੀਕ ਵਿਸ਼ਲੇਸ਼ਣ ਅਕਸਰ ਕਿਧਰੇ ਨਜ਼ਰ ਨਹੀਂ ਆਵੇਗਾ। ਨਵੀਂ ਪੀੜ੍ਹੀ ਦੇ ਸੂਝਵਾਨ ਪਾਠਕਾਂ ਦੇ ਮਨਾਂ ਵਿਚ ਜਗਿਆਸਾ ਹੋਵੇਗੀ ਕਿ ਆਨੰਦਪੁਰ ਦਾ ਮਤਾ ਕੀ ਸੀ? ਕਿਵੇਂ ਪੰਜਾਬ ਨਾਲ ਧੱਕੇ-ਵਿਤਕਰੇ ਦੀ ਗੱਲ ਕਰਨ ਵਾਲੇ, ਰਾਜਾਂ ਨੂੰ ਵੱਧ ਅਧਿਕਾਰਾਂ ਅਤੇ ਫੈਡਰਲ ਢਾਂਚੇ ਦੀ ਕਾਇਮੀ ਵਰਗੀਆਂ ਜਮਹੂਰੀ ਮੰਗਾਂ ਉੱਤੇ ਇਕ ਵੱਡਾ ਸਿਆਸੀ ਅੰਦੋਲਨ ਖੜ੍ਹਾ ਕਰਨ ਵਾਲਾ, ਪੰਜਾਬ ਦੇ ਦਰਿਆਈ ਪਾਣੀਆਂ ਦੀ ਨਿਹੱਕੀ ਵੰਡ ਖਿਲਾਫ਼ ਬੋਲਣ ਅਤੇ ਮਾਰਕਸੀ ਪਾਰਟੀ ਨਾਲ ਮਿਲ ਕੇ ਐੱਸ.ਵਾਈ.ਐੱਲ. ਨਹਿਰ ਦੀ ਖ਼ੁਦਾਈ ਖਿਲਾਫ਼ ਕਪੂਰੀ ਪਿੰਡ ਵਿਖੇ ਮੋਰਚਾ ਲਾਉਣ ਵਾਲਾ ਅਕਾਲੀ ਦਲ, ਅਚਾਨਕ ‘ਧਰਮ ਯੁੱਧ’ ਮੋਰਚੇ ਵੱਲ ਕਿਵੇਂ ਤਿਲ੍ਹਕ ਗਿਆ? ਅਪਰੇਸ਼ਨ ਨੀਲਾ ਤਾਰਾ ਵਰਗੇ ਕਹਿਰੀ ਤੇ ਅਮਾਨਵੀ ਕਾਰੇ ਅਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿਚ ਦੇਸ਼ ਵਿਚ ਦਿੱਲੀ ਸਮੇਤ ਹੋਰਨਾਂ ਥਾਵਾਂ ਉੱਤੇ ਰਾਜੀਵ ਗਾਂਧੀ ਹਕੂਮਤ ਦੌਰਾਨ ਸਿੱਖਾਂ ਦੇ ਕਤਲੇਆਮ ਤੋਂ ਮਹਿਜ਼ 8 ਮਹੀਨੇ ਬਾਅਦ ਅਕਾਲੀ ਦਲ ਦਾ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ 24 ਜੁਲਾਈ 1985 ਨੂੰ ‘ਰਾਜੀਵ ਲੌਂਗੋਵਾਲ ਸਮਝੌਤੇ’ ਦੇ ਨਾਂ ਨਾਲ ਜਾਣੇ ਜਾਂਦੇ ਪੰਜਾਬ ਵਿਰੋਧੀ ਸਮਝੌਤੇ ਉੱਤੇ ਦਸਤਖ਼ਤ ਕਰਨ ਨੂੰ ਕਿਵੇਂ ਤੇ ਕਿਉਂ ਮੰਨ ਗਿਆ? ਇਤਿਹਾਸ ਵਿਚ ਇਕ ਜੁਝਾਰੂ ਪਾਰਟੀ ਵਜੋਂ ਉੱਭਰਿਆ ਅਕਾਲੀ ਦਲ ਹੌਲੀ-ਹੌਲੀ ਫ਼ਿਰਕੂ ਤੇ ਤਾਨਾਸ਼ਾਹ ਕੇਂਦਰੀ ਸੱਤਾ ਦਾ ਅਸੀਲ ਸਹਿਯੋਗੀ ਕਿਵੇਂ ਬਣ ਗਿਆ? ਖਾਲਿਸਤਾਨੀ ਦਹਿਸ਼ਤਗਰਦੀ ਦੇ ਉਭਾਰ ਅਤੇ ਪਤਨ ਦੇ ਕੀ ਕਾਰਨ ਸਨ? ਪੰਜਾਬ ਮਸਲੇ ਬਾਰੇ ਖੱਬੀ ਧਿਰ ਦੇ ਵੱਖ-ਵੱਖ ਧੜਿਆਂ/ਪਾਰਟੀਆਂ ਦੀ ਸਮਝ ਅਤੇ ਪਹੁੰਚ ਕੀ ਸੀ? ਆਦਿ। ਪਰ ਕਿਤਾਬ ਅਜਿਹੇ ਗੰਭੀਰ ਸਵਾਲਾਂ ਨਾਲ ਮੱਥਾ ਲਾਉਂਦੀ ਨਜ਼ਰ ਨਹੀਂ ਆਉਂਦੀ।
ਅਜਿਹੀ ਕਿਸੇ ਵੀ ਪੁਸਤਕ ਦੇ ਲੇਖਕ ਜਾਂ ਸੰਪਾਦਕ ਦੇ ਰਾਹ ਵਿਚ ਆਉਣ ਵਾਲੀ ਇਕ ਅਟੱਲ ਸਮੱਸਿਆ ਇਹ ਹੈ ਕਿ ਇਨਕਲਾਬੀ ਲਹਿਰ ਅਤੇ ਇਸ ਦੇ ਵੱਖ-ਵੱਖ ਸਿਆਸੀ ਜਾਂ ਜਨਤਕ ਸੰਗਠਨਾਂ ਨਾਲ ਸਬੰਧਿਤ ਲਿਖਤਾਂ, ਪ੍ਰਕਾਸ਼ਨਾਵਾਂ, ਦਸਤਾਵੇਜ਼ਾਂ ਜਾਂ ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਛਾਪੇ ਜਾਂਦੇ ਪਰਚਿਆਂ ਦੀਆਂ ਫਾਈਲਾਂ ਦੀ ਸਹੀ ਸਾਂਭ-ਸੰਭਾਲ ਰੱਖਣ ਵਾਲੇ ਪਾਸਿਓਂ ਵੀ ਸਾਡੀ ਹਾਲਤ ਕੋਈ ਬਿਹਤਰ ਨਹੀਂ। ਇਹੀ ਕਾਰਨ ਹੈ ਕਿ ਲੋੜ ਪੈਣ ’ਤੇ ਲੋੜੀਂਦੀ ਛਪੀ ਸਮੱਗਰੀ ਜਾਂ ਤਾਂ ਕਿਧਰੋਂ ਲੱਭਦੀ ਹੀ ਨਹੀਂ ਅਤੇ ਜਾਂ ‘ਗੁਪਤਤਾ’ ਦੇ ਨਾਂ ’ਤੇ ਸਬੰਧਿਤ ਸੰਗਠਨਾਂ ਦੇ ਮੋਹਰੀ ਉਸ ਨੂੰ ਪ੍ਰਦਾਨ ਕਰਨ ਤੋਂ ਇਨਕਾਰੀ ਹੁੰਦੇ ਹਨ। ਇਸ ਹਾਲਤ ਵਿਚ ਕਿਸੇ ਲੇਖਕ ਜਾਂ ਖੋਜ-ਕਰਤਾ ਲਈ ਇਕੋ ਉਮੀਦ ਬਚਦੀ ਹੈ ਕਿ ਉਨ੍ਹਾਂ ਨੂੰ ਕੋਈ ਅਜਿਹਾ ਸਾਥੀ ਲੱਭ ਜਾਵੇ ਜੋ ਨਿੱਜੀ ਦਿਲਚਸਪੀ ਜਾਂ ਰੁਚੀ ਕਾਰਨ ਵਿਅਕਤੀਗਤ ਪੱਧਰ ’ਤੇ ਕੁਝ ਅਜਿਹਾ ਰਿਕਾਰਡ ਸਾਂਭੀ ਬੈਠਾ ਹੋਵੇ ਅਤੇ ਜਿਸ ਨੂੰ ਆਪਣਾ ਉਹ ‘ਖ਼ਜ਼ਾਨਾ’ ਤੁਹਾਡੇ ਨਾਲ ਸਾਂਝਾ ਕਰਨ ਵਿਚ ਵੀ ਕੋਈ ਦਿੱਕਤ ਨਾ ਹੋਵੇ। ਉਂਜ, ਅਜਿਹਾ ਹੋਣ ਦੀ ਵੀ ਕੋਈ ਗਾਰੰਟੀ ਨਹੀਂ ਸਗੋਂ ਇਹ ਤਾਂ ਬੱਸ ਕੋਈ ਲਾਟਰੀ ਨਿਕਲ ਆਉਣ ਵਰਗੀ ਗੱਲ ਹੁੰਦੀ ਹੈ।
ਇਨ੍ਹਾਂ ਸਭ ਦਿੱਕਤਾਂ ਦੇ ਬਾਵਜੂਦ ਅਤੇ ਕਾਮਰੇਡ ਮਾਨ ਦੀ ਸ਼ਹਾਦਤ ਤੋਂ ਤਕਰੀਬਨ ਸਾਢੇ ਤਿੰਨ ਦਹਾਕੇ ਬਾਅਦ ਹਰਭਗਵਾਨ ਵੱਲੋਂ ਇਸ ਪੁਸਤਕ ਲਈ ਭਰਪੂਰ ਸਮੱਗਰੀ ਦਾ ਸੰਗ੍ਰਹਿ ਕਰ ਲੈਣ ਨੂੰ ਮਾਅਰਕੇ ਤੋਂ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ। ਖ਼ਾਸ ਕਰਕੇ ਅਪਰੇਸ਼ਨ ਬਲਿਊ ਸਟਾਰ ਬਾਰੇ ਕਾਮਰੇਡ ਬਲਦੇਵ ਮਾਨ ਦਾ ਲੇਖ ਅਜਿਹੀ ਵਿਲੱਖਣ ਲਿਖਤ ਹੈ ਜੋ ਸਪੱਸ਼ਟ ਕਰਦੀ ਹੈ ਕਿ ਇਸ ਹਮਲੇ ਬਾਰੇ ਕਾਮਰੇਡ ਮਾਨ ਅਤੇ ਇਨਕਲਾਬੀ ਧਿਰ ਦੀ ਪਹੁੰਚ ਸੀ.ਪੀ.ਆਈ., ਸੀ.ਪੀ.ਐੱਮ. ਮਾਅਰਕਾ ਸੰਸਦਵਾਦੀ ਖੱਬੀਆਂ ਪਾਰਟੀਆਂ ਤੋਂ ਪੂਰੀ ਤਰ੍ਹਾਂ ਵੱਖਰੀ ਸੀ।
ਮੈਂ ਸਮਝਦਾ ਹਾਂ ਕਿ ਇਹ ਪ੍ਰੇਰਨਾਮਈ ਕਿਤਾਬ ਸਿਰਫ਼ ਕਾਮਰੇਡ ਬਲਦੇਵ ਸਿੰਘ ਮਾਨ ਨੂੰ ਢੁੱਕਵੀਂ ਸ਼ਰਧਾਂਜਲੀ ਹੀ ਨਹੀਂ ਸਗੋਂ ਵੱਖ-ਵੱਖ ਇਨਕਲਾਬੀ ਆਗੂਆਂ ਅਤੇ ਸ਼ਹੀਦਾਂ ਬਾਰੇ ਲਿਖੀਆਂ ਜਾਣ ਵਾਲੀਆਂ ਅਜਿਹੀਆਂ ਪੁਸਤਕਾਂ ਵਿਚ ਅਚੇਤ ਤੌਰ ’ਤੇ ਅਜਿਹੀਆਂ ਅਨੇਕਾਂ ਘਟਨਾਵਾਂ, ਤਾਰੀਕਾਂ, ਵਰਤਾਰੇ, ਨਾਵਾਂ-ਥਾਵਾਂ ਅਤੇ ਵਿਅਕਤੀਆਂ ਦੇ ਹਵਾਲੇ ਸੁਰੱਖਿਅਤ ਹੋ ਜਾਂਦੇ ਹਨ ਜਿਨ੍ਹਾਂ ਨੇ ਅਗਲੀਆਂ ਪੀੜ੍ਹੀਆਂ ਦੇ ਇਤਿਹਾਸਕਾਰਾਂ ਲਈ ਲਾਹੇਵੰਦ ਤੇ ਸਟੀਕ ਹਵਾਲਾ ਸਰੋਤ ਬਣਨਾ ਹੁੰਦਾ ਹੈ। ਉਮੀਦ ਹੈ ਕਿ ਹਰਭਗਵਾਨ ਭੀਖੀ ਭਵਿੱਖ ਵਿਚ ਲੇਖਣੀ ਦੇ ਖੇਤਰ ਵਿਚ ਹੋਰ ਵੀ ਵਧੇਰੇ ਗੰਭੀਰਤਾ ਅਤੇ ਮਿਹਨਤ ਨਾਲ ਕੰਮ ਕਰੇਗਾ।
ਸੰਪਰਕ: 94172-33404