Amritpal Singh ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਦੇ ਸੱਤ ਸਾਥੀਆਂ ਨੂੰ ਅਸਾਮ ਤੋਂ ਪੰਜਾਬ ਲਿਆਉਣ ਦੀ ਤਿਆਰੀ
ਜਗਤਾਰ ਲਾਂਬਾ
ਅੰਮ੍ਰਿਤਸਰ, 16 ਮਾਰਚ
ਪੰਜਾਬ ਸਰਕਾਰ ਨੇ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਖ਼ਿਲਾਫ਼ ਸਖ਼ਤ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਦੀ ਮਿਆਦ ਵਿੱਚ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਹੈ। ਇਹ ਸਾਰੇ ਹੀ ਅੰਮ੍ਰਿਤਪਾਲ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਇਸ ਦੀ ਪੁਸ਼ਟੀ ਡੀਜੀਪੀ ਗੌਰਵ ਯਾਦਵ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੱਤ ਵਿਅਕਤੀਆਂ ਨੂੰ ਪੰਜਾਬ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਇਸ ਸਮੇਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹੈ।
ਡੀਜੀਪੀ ਵੱਲੋਂ ਕੀਤੀ ਗਈ ਪੁਸ਼ਟੀ ਤੋਂ ਪਹਿਲਾਂ ਇਸਦਾ ਖੁਲਾਸਾ ਅੱਜ ਇੱਥੇ ਪੰਜਾਬ ਪੁਲੀਸ ਦੇ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਨੇ ਕੀਤਾ ਹੈ। ਪੰਜਾਬ ਪੁਲੀਸ ਵੱਲੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਇਨ੍ਹਾਂ ਸੱਤ ਸਾਥੀਆਂ ਨੂੰ ਪੰਜਾਬ ਵਾਪਸ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਡੀਆਈਜੀ ਨੇ ਕਿਹਾ ਕਿ ਇਨ੍ਹਾਂ ਨੂੰ ਟਰਾਂਜਿਟ ਰਿਮਾਂਡ ’ਤੇ ਪੰਜਾਬ ਲਿਆਂਦਾ ਜਾਵੇਗਾ ਅਤੇ ਅਜਨਾਲਾ ਪੁਲੀਸ ਥਾਣੇ ਵਿੱਚ ਦਰਜ ਕੇਸ ਸਬੰਧੀ ਗ੍ਰਿਫ਼ਤਾਰੀ ਪਾਈ ਜਾਵੇਗੀ। ਇਨ੍ਹਾਂ ਖ਼ਿਲਾਫ਼ ਫਰਵਰੀ 2023 ਵਿੱਚ ਅਜਨਾਲਾ ਪੁਲੀਸ ਥਾਣੇ ’ਤੇ ਹਮਲਾ ਕਰਨ ਦਾ ਦੋਸ਼ ਹੈ ਅਤੇ ਇਸ ਸਬੰਧੀ ਕੇਸ ਵੀ ਦਰਜ ਹੈ। ਅੰਮ੍ਰਿਤਪਾਲ ਦੇ ਜਿਨ੍ਹਾਂ ਸੱਤ ਸਾਥੀਆਂ ਨੂੰ ਵਾਪਸ ਲਿਆਂਦਾ ਜਾਵੇਗਾ, ਉਨ੍ਹਾਂ ਵਿੱਚ ਬਸੰਤ ਸਿੰਘ, ਭਗਵੰਤ ਸਿੰਘ ਬਾਜੇਕੇ, ਗੁਰਮੀਤ ਸਿੰਘ ਬੁੱਕਣ ਵਾਲਾ, ਸਰਬਜੀਤ ਸਿੰਘ ਉਰਫ਼ ਦਲਜੀਤ ਸਿੰਘ ਕਲਸੀ, ਗੁਰਜਿੰਦਰ ਸਿੰਘ ਉਰਫ ਗੁਰੀ ਔਜਲਾ, ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਕੁਲਵੰਤ ਸਿੰਘ ਸ਼ਾਮਲ ਹਨ।
ਇਨ੍ਹਾਂ ਦੇ ਨਾਲ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਸਮੇਤ ਪੱਪਲਪ੍ਰੀਤ ਸਿੰਘ ਤੇ ਜੀਤ ਸਿੰਘ ਵੀ ਬੰਦ ਹਨ। ਇਹ ਸਾਰੇ ਅਸਾਮ ਦੀ ਇਸ ਜੇਲ੍ਹ ਵਿੱਚ ਐੱਨਐੱਸਏ ਤਹਿਤ ਪਿਛਲੇ ਦੋ ਸਾਲਾਂ ਤੋਂ ਬੰਦ ਹਨ।
ਡੀਜੀਪੀ ਨੇ ਦੱਸਿਆ ਕਿ ਐੱਸਪੀ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੱਕ ਟੀਮ ਡਿਬਰੂਗੜ੍ਹ ਜੇਲ੍ਹ ਵਿੱਚ ਜਾਵੇਗੀ, ਜਿੱਥੋਂ ਇਨ੍ਹਾਂ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪਹਿਲਾਂ ਡਿਬਰੂਗੜ੍ਹ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉੱਥੋਂ ਟਰਾਂਜਿਟ ਰਿਮਾਂਡ ਲੈ ਕੇ ਇਨ੍ਹਾਂ ਨੂੰ ਪੰਜਾਬ ਵਿੱਚ ਮੁਕੱਦਮੇ ਵਿੱਚ ਅਗਲੇਰੀ ਕਾਰਵਾਈ ਲਈ ਲਿਆਂਦਾ ਜਾਵੇਗਾ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸੱਤ ਵਿਅਕਤੀਆਂ ਖ਼ਿਲਾਫ਼ ਐੱਨਐੱਸਏ ਦੀ ਮਿਆਦ ਖਤਮ ਹੋ ਰਹੀ ਹੈ ਅਤੇ ਇਸ ਵਿੱਚ ਹੋਰ ਵਾਧਾ ਨਾ ਹੋਣ ਕਾਰਨ ਇਨ੍ਹਾਂ ਨੂੰ ਇੱਥੇ ਵਾਪਸ ਪੰਜਾਬ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਇੱਥੇ ਲਿਆ ਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਜਨਾਲਾ ਪੁਲੀਸ ਥਾਣੇ ’ਤੇ ਹਮਲੇ ਦੇ ਮਾਮਲੇ ਵਿੱਚ ਦਰਜ 39 ਨੰਬਰ ਐੱਫਆਈਆਰ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਪਾਈ ਜਾਵੇਗੀ।
ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਭੀੜ ਨੇ 23 ਫਰਵਰੀ 2023 ਨੂੰ ਅਜਨਾਲਾ ਥਾਣੇ ’ਤੇ ਹਮਲਾ ਕਰ ਦਿੱਤਾ ਸੀ। ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਇਹ ਹਮਲਾ ਥਾਣੇ ਵਿੱਚ ਬੰਦ ਇੱਕ ਸਾਥੀ ਲਵਪ੍ਰੀਤ ਸਿੰਘ ਉਰਫ ਤੂਫਾਨ ਨੂੰ ਛੁਡਾਉਣ ਵਾਸਤੇ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਆਪਣੇ ਨਾਲ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲਿਆਂਦੀ ਹੋਈ ਸੀ।
ਇਸ ਘਟਨਾ ਵਿੱਚ ਪੁਲੀਸ ਅਧਿਕਾਰੀ ਅਤੇ ਕਈ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ ਸਨ।
ਐੱਸਪੀ ਗਿੱਲ ਦੀ ਅਗਵਾਈ ਹੇਠ ਡਿਬਰੂਗੜ੍ਹ ਜਾਵੇਗੀ ਟੀਮ
ਡੀਜੀਪੀ ਸ੍ਰੀ ਯਾਦਵ ਨੇ ਦੱਸਿਆ ਕਿ ਐੱਸਪੀ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੱਕ ਟੀਮ ਡਿਬਰੂਗੜ੍ਹ ਜੇਲ੍ਹ ਜਾਵੇਗੀ ਜਿੱਥੋਂ ਇਨ੍ਹਾਂ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪਹਿਲਾਂ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੋਂ ਟਰਾਂਜਿਟ ਰਿਮਾਂਡ ਲੈ ਕੇ ਇਨ੍ਹਾਂ ਨੂੰ ਪੰਜਾਬ ਵਿੱਚ ਦਰਜ ਕੇਸ ’ਚ ਅਗਲੇਰੀ ਕਾਰਵਾਈ ਲਈ ਲਿਆਂਦਾ ਜਾਵੇਗਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸੱਤ ਵਿਅਕਤੀਆਂ ਖ਼ਿਲਾਫ਼ ਐੱਨਐੱਸਏ ਦੀ ਮਿਆਦ ਖਤਮ ਹੋ ਰਹੀ ਹੈ ਅਤੇ ਇਸ ਵਿੱਚ ਹੋਰ ਵਾਧਾ ਨਾ ਹੋਣ ਕਾਰਨ ਇਨ੍ਹਾਂ ਨੂੰ ਵਾਪਸ ਪੰਜਾਬ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਇੱਥੇ ਲਿਆ ਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਜਨਾਲਾ ਪੁਲੀਸ ਥਾਣੇ ’ਤੇ ਹਮਲੇ ਦੇ ਮਾਮਲੇ ਵਿੱਚ ਦਰਜ ਐੱਫਆਈਆਰ ਨੰਬਰ 39 ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਪਾਈ ਜਾਵੇਗੀ।