ਮਾਹੌਲ ਖ਼ਰਾਬ ਕਰਨ ਦੀ ਤਾਕ ’ਚ ਹੈ ਆਈਐੱਸਆਈ: ਕਟਾਰੂਚੱਕ
ਪੱਤਰ ਪ੍ਰੇਰਕ
ਪਠਾਨਕੋਟ, 16 ਮਾਰਚ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਅੰਦਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਉਸ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈਐੱਸਆਈ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਸਾਜ਼ਿਸ਼ਾਂ ਰਚਦੀ ਰਹਿੰਦੀ ਹੈ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਅਸਲ ਵਿੱਚ ਪਾਕਿਸਤਾਨ ਪੰਜਾਬ ਅੰਦਰ ਨਸ਼ਿਆਂ ਦੀ ਸਪਲਾਈ ਨੂੰ ਹਰ ਹਾਲਤ ਵਿੱਚ ਜਾਰੀ ਰੱਖਣਾ ਚਾਹੁੰਦਾ ਹੈ ਤੇ ਡਰੋਨਾਂ ਰਾਹੀਂ ਭੇਜੇ ਜਾ ਰਹੇ ਨਸ਼ਿਆਂ ਅਤੇ ਨਸ਼ਾ ਤਸਕਰਾਂ ਨੂੰ ਫੜੇ ਜਾਣ ਬਾਅਦ ਨਵੀਂ ਵਿਉਂਤਬੰਦੀ ਕਰ ਰਿਹਾ ਹੈ। ਖ਼ਾਸ ਤੌਰ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਵਿੱਚ ਮਿਲ ਰਹੀ ਸਫ਼ਲਤਾ ਤੋਂ ਬੌਖਲਾ ਗਿਆ ਹੈ ਪਰ ਪੰਜਾਬ ਦੇ ਲੋਕ ਕਦੇ ਵੀ ਇੱਥੋਂ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਣਗੇ ਅਤੇ ਨਸ਼ਿਆਂ ਖ਼ਿਲਾਫ਼ ਚੱਲ ਰਿਹਾ ਯੁੱਧ ਜਾਰੀ ਰਹੇਗਾ।
ਇਸ ਤੋਂ ਪਹਿਲਾਂ ਮੰਤਰੀ ਨੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡਾਂ ਹੈਬੋ ਸੈਦੋਵਾਲ ਅਤੇ ਚੋਹਾਣਾਂ ਦੀਆਂ ਪੰਚਾਇਤਾਂ ਵੱਲੋਂ ਕਾਂਗਰਸ ਤੇ ਭਾਜਪਾ ਨੂੰ ਅਲਵਿਦਾ ਆਖ ਕੇ ‘ਆਪ’ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਲੋਕ ‘ਆਪ’ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ ’ਚ ਵਿਕਾਸ ਕਾਰਜਾਂ ਦੀਆਂ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਪਿਛਲੇ ਦਿਨਾਂ ਦੌਰਾਨ ਉਨ੍ਹਾਂ ਵੱਲੋਂ ਕਰੀਬ 3.50 ਕਰੋੜ ਰੁਪਏ ਵੱਖ-ਵੱਖ ਪਿੰਡਾਂ ਅੰਦਰ ਵਿਕਾਸ ਕਾਰਜਾਂ ਲਈ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਸਰਪੰਚ ਸੁਸ਼ਮਾ ਦੇਵੀ, ਸਰਪੰਚ ਅਸ਼ੋਕ ਕੁਮਾਰ (ਸੇਵਾ ਮੁਕਤ ਕਰਨਲ), ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਨਰੇਸ਼ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ ਆਦਿ ਹਾਜ਼ਰ ਸਨ।