ਨਸ਼ਾ ਤਸਕਰਾਂ ਖ਼ਿਲਾਫ਼ ਡਟੀਆਂ ਪੰਚਾਇਤਾਂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਮਾਰਚ
ਅੰਮ੍ਰਿਤਸਰ ਜ਼ਿਲ੍ਹੇ ਦੀਆਂ 715 ਪੰਚਾਇਤਾਂ ਨੇ ਸਰਬਸੰਮਤੀ ਨਾਲ ਮਤੇ ਪਾ ਕੇ ਐਲਾਨ ਕੀਤਾ ਹੈ ਕਿ ਪੰਚਾਇਤਾਂ ਨਸ਼ਾ ਵੇਚਣ ਵਾਲੇ, ਲੁੱਟਾਂ-ਖੋਹਾਂ ਕਰਨ ਵਾਲੇ ਜਾਂ ਕੋਈ ਵੀ ਅਪਰਾਧਕ ਕਾਰਵਾਈ ਕਰਨ ਵਾਲੇ ਵਿਅਕਤੀ ਦੀ ਹਮਾਇਤ ਵਿੱਚ ਪੁਲੀਸ ਕੋਲ ਨਹੀਂ ਜਾਣਗੀਆਂ। ਡੀਸੀ ਸਾਕਸ਼ੀ ਸਾਹਨੀ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਪੰਚਾਇਤਾਂ ਦਾ ਸਾਥ ਲੈਣ ਲਈ ਤੋਰਿਆ ਸੀ। ਉਨ੍ਹਾਂ ਦੱਸਿਆ ਕਿ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਪਿੰਡਾਂ ਦੇ ਵਿੱਚੋਂ ਨਸ਼ਾ ਮੁਕਾਉਣਾ ਪਵੇਗਾ, ਇਸ ਲਈ ਜਰੂਰੀ ਹੈ ਕਿ ਪਿੰਡ ਵਾਸੀ ਅਜਿਹੇ ਲੋਕਾਂ ਦੀ ਹਮਾਇਤ ਵਿੱਚ ਪੁਲੀਸ ਕੋਲ ਨਾ ਜਾਣ, ਬਲਕਿ ਪੁਲੀਸ ਨੂੰ ਅਜਿਹੇ ਵਿਅਕਤੀਆਂ ਨਾਲ ਲੜਨ ਲਈ ਹੌਸਲਾ ਦੇਣ ਅਤੇ ਨਸ਼ੇ ਦੇ ਖਾਤਮੇ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਲੈਣ। ਉਹਨਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹੇ ਦੀਆਂ ਕੁੱਲ 860 ਪੰਚਾਇਤਾਂ ਵਿੱਚੋਂ 715 ਪੰਚਾਇਤਾਂ ਨੇ ਪ੍ਰਸ਼ਾਸਨ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਜਨਾਲਾ ਬਲਾਕ ਵਿੱਚ 64, ਅਟਾਰੀ ਵਿੱਚ 52, ਚੌਗਾਵਾਂ ਵਿੱਚ 90, ਹਰਸ਼ਾ ਛੀਨਾ ਵਿੱਚ 64, ਜੰਡਿਆਲਾ ਵਿੱਚ 48, ਮਜੀਠਾ ਵਿੱਚ 95, ਰਮਦਾਸ ਵਿੱਚ 60, ਰਈਆ ਵਿੱਚ 87, ਤਰਸਿਕਾ ਵਿੱਚ 83 ਅਤੇ ਵੇਰਕਾ ਵਿੱਚ 72 ਪੰਚਾਇਤਾਂ ਨੇ ਨਸ਼ੇ ਦੇ ਵਿਰੁੱਧ ਮਤੇ ਪਾਸ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਾਕੀ ਪਿੰਡਾਂ ਵਿੱਚ ਵੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਨਾਲ ਇਸ ਬਾਰੇ ਗੱਲ ਪ੍ਰਗਤੀ ਅਧੀਨ ਹੈ ਅਤੇ ਛੇਤੀ ਹੀ ਉਹ ਵੀ ਮਤੇ ਪਾ ਕੇ ਇਸ ਦੀ ਪਰੋੜਤਾ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜੋ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੈ, ਅਸੀਂ ਉਸ ਲਈ ਲਗਾਤਾਰ ਕੰਮ ਕਰ ਰਹੇ ਹਾਂ ਅਤੇ ਪੰਚਾਇਤਾਂ ਨੇ ਮਤੇ ਪਾ ਕੇ ਇਸ ਨੂੰ ਪ੍ਰਵਾਨਗੀ ਦਿੱਤੀ ਹੈ।