ਨੌਜਵਾਨ ਦੀ ਮੌਤ ਦੇ ਮਾਮਲੇ ’ਚ ਔਰਤ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਤਰਨ ਤਾਰਨ, 16 ਮਾਰਚ
ਸਰਹੱਦੀ ਖੇਤਰ ਦੇ ਪਿੰਡ ਡੱਲ ਦੇ ਹਰਮਨਦੀਪ ਸਿੰਘ ਮੰਨੂ (32) ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਇਸ ਮਾਮਲੇ ’ਚ ਭਿੱਖੀਵਿੰਡ ਪੁਲੀਸ ਨੇ ਭਿੱਖੀਵਿੰਡ ਰਹਿੰਦੀ ਸਰਬਜੀਤ ਕੌਰ ਗਗਨ ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਹੈ| ਪੁਲੀਸ ਅਨੁਸਾਰ ਮੁਲਜ਼ਮ ਸਰਬਜੀਤ ਕੌਰ ਦੇ ਹਰਮਨਜੀਤ ਨਾਲ ਨਾਜਾਇਜ਼ ਸਬੰਧ ਸਨ| ਪੁਲੀਸ ਅਨੁਸਾਰ ਹਰਮਨਦੀਪ ਆਪਣੇ ਦੋਸਤ ਗੁਰਦੇਵ ਸਿੰਘ ਵਾਸੀ ਭਿੱਖੀਵਿੰਡ ਨਾਲ ਸ਼ੁੱਕਰਵਾਰ ਦੀ ਰਾਤ ਵੇਲੇ ਆਨੰਦਪੁਰ ਸਾਹਿਬ ਦੇ ਦਰਸ਼ਨ ਕਰ ਕੇ ਵਾਪਸ ਆਇਆ ਸੀ| ਉਸ ਨੂੰ ਸਰਬਜੀਤ ਕੌਰ ਨੇ ਫੋਨ ਕਰ ਕੇ ਆਪਣੇ ਘਰ ਬੁਲਾ ਲਿਆ| ਜਿੱਥੇ ਉਸ ਨੂੰ ਕੋਈ ਕਥਿਤ ਜ਼ਹਿਰੀਲੀ ਵਸਤੂ ਦੇ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ| ਸਰਬਜੀਤ ਨੇ ਇਸ ਬਾਰੇ ਮੰਨੂ ਦੇ ਚਚੇਰੇ ਭਰਾ ਸੁਖਰਾਜ ਸਿੰਘ ਨੂੰ ਜਾਣਕਾਰੀ ਦਿੱਤੀ| ਗੁਰਦੇਵ ਸਿੰਘ ਤੇ ਸਿਮਰਨ ਸਿੰਘ ਸਿੰਮੂ ਨੇ ਸਰਬਜੀਤ ਦੇ ਘਰ ਜਾ ਕੇ ਦੇਖਿਆ ਤਾਂ ਸੁਖਰਾਜ ਦੇ ਮੂੰਹ ਵਿੱਚੋਂ ਝੱਗ ਨਿੱਕਲ ਰਹੀ ਸੀ ਤੇ ਉਸ ਦੇ ਕੰਨ ਤੇ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ। ਉਹ ਹਰਮਨਦੀਪ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਭਿੱਖੀਵਿੰਡ ਦੇ ਥਾਣਾ ਮੁਖੀ ਇੰਸਪੈਕਟਰ ਮਨੋਜ ਕੁਮਾਰ ਨੇ ਕਾਰਵਾਈ ਕਰਦਿਆਂ ਸਰਬਜੀਤ ਕੌਰ ਗਗਨ ਨੂੰ ਗ੍ਰਿਫ਼ਤਾਰ ਕਰ ਲਿਆ| ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ| ਪੁਲੀਸ ਨੇ ਮੁਲਜ਼ਮ ਨੂੰ ਅੱਜ ਅਦਾਲਤ ਦੇ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਉਸ ਨੂੰ ਤਿੰਨ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜਿਆ ਹੈ| ਹਰਮਨਦੀਪ ਭਿੱਖੀਵਿੰਡ ਵਿੱਚ ਮੋਬਾਈਲਾਂ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਉਸ ਦਾ ਸਰਬਜੀਤ ਕੌਰ ਦੇ ਘਰ ਅਕਸਰ ਆਉਣ-ਜਾਣ ਸੀ|