ਪੰਜਾਬ ਦੀ ਮੇਲਿਆਂ ਨਾਲ ਜੁੜੀ ਰੌਣਕ ਸੁਰਜੀਤ ਕਰਾਂਗੇ: ਸੌਂਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਮਾਰਚ
ਦੇਸ਼ ਭਰ ਦੇ ਕਾਰੀਗਰਾਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਦਸ ਰੋਜ਼ਾ ਸਰਸ ਮੇਲੇ ਦਾ ਪਹਿਲਾ ਦਿਨ ਹਰਭਜਨ ਮਾਨ ਨੇ ਆਪਣੇ ਗੀਤ ਗਾ ਕੇ ਆਪਣੇ ਨਾਮ ਕਰ ਲਿਆ। ਮੇਲੇ ਦਾ ਉਦਘਾਟਨ ਸੈਰ ਸਪਾਟਾ ਮੰਤਰੀ ਤੁਰਨਪ੍ਰੀਤ ਸਿੰਘ ਸੌਂਦ ਨੇ ਕੀਤਾ।
ਇਸ ਮੌਕੇ ਮੰਤਰੀ ਸੌਂਦ ਨੇ ਪੰਜਾਬ ਵਾਸੀਆਂ ਨੂੰ ਮੇਲੇ ਦਾ ਆਨੰਦ ਮਾਨਣ ਲਈ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਵਿਰਾਸਤ ਇਨ੍ਹਾਂ ਰੌਣਕ ਮੇਲਿਆਂ ਨਾਲ ਜੁੜੀ ਹੈ, ਇਸ ਨੂੰ ਸੁਰਜੀਤ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਧਾਈ ਦਾ ਪਾਤਰ ਹੈ, ਜਿਸ ਨੇ ਇਹ ਮੇਲਾ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀ ਖਾਣਾ, ਪੰਜਾਬੀ ਸਾਹਿਤ, ਸੰਗੀਤ, ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਦਾ ਸਾਧਨ ਹੈ। ਉਨ੍ਹਾਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਹਰਭਜਨ ਮਾਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਹਰਭਜਨ ਮਾਨ ਨੇ ਕਵੀਸ਼ਰੀ, ਮਿਰਜ਼ਾ, ਗੱਲਾਂ ਗੋਰੀਆਂ, ਚਿੱਠੀਏ ਨੀ ਚਿੱਠੀਏ, ਮਾਣ ਵਤਨਾਂ ਦਾ, ਵਰਗੇ ਗੀਤ ਗਾਏ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਸ ਮੇਲੇ ਵਿੱਚ ਇਸ ਵਾਰ ਭਾਰਤ ਦੇ ਸਾਰੇ ਸੂਬਿਆਂ ਤੋਂ ਇਲਾਵਾ ਅਫ਼ਗਾਨਿਸਤਾਨ, ਥਾਈਲੈਂਡ ਅਤੇ ਇਰਾਨ ਤੋਂ ਵੀ ਹਸਤ ਕਲਾ ਦੇ ਕਾਰੀਗਰਾਂ ਨੇ ਸ਼ਿਰਕਤ ਕੀਤੀ ਹੈ। ਉਨ੍ਹਾਂ ਦੱਸਿਆ ਕਿ 23 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਜਿੱਥੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਸਾਮਾਨ ਦੀ ਪ੍ਰਦਰਸ਼ਨੀ ਅਤੇ ਖ਼ਰੀਦ ਦਾ ਮੌਕਾ ਹੈ। ਰੋਜਾਨਾ ਸ਼ਾਮ ਨੂੰ ਪੰਜਾਬੀ ਦੇ ਗਾਇਕ ਮੇਲੇ ਵਿੱਚ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਭਲਕੇ 17 ਮਾਰਚ ਨੂੰ ਪੰਜਾਬੀ ਗਾਇਕ ਜੈ ਸਿੰਘ, 18 ਮਾਰਚ ਨੂੰ ਭੰਗੜਾ ਨਾਈਟ ਨਾਲ ਪ੍ਰਸਿੱਧ ਗਾਇਕ ਗੁਰਪ੍ਰੀਤ ਗਿੱਲ, 19 ਮਾਰਚ ਨੂੰ ਜਿਉਣਾ ਅਦਲੀਵਾਲ ਅਤੇ ਮੌਂਟੀ ਵਾਰਸ, 20 ਮਾਰਚ ਨੂੰ ਹਰਿੰਦਰ ਸੋਹਲ, 21 ਮਾਰਚ ਨੂੰ ਗਾਇਕ ਰਵਿੰਦਰ ਗਰੇਵਾਲ ਅਤੇ 22 ਮਾਰਚ ਨੂੰ ਨਿਰਵੈਰ ਪੰਨੂ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ।
ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ, ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਜਸਕਰਨ ਸਿੰਘ ਬਦੇਸ਼ਾ ਅਤੇ ਹੋਰ ਹਾਜ਼ਰ ਸਨ।