ਚਾਰ ਪੁਲਾੜ ਯਾਤਰੀਆਂ ਦੀ ਨਵੀਂ ਟੀਮ ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜੀ
ਕੇਪ ਕੈਨਵਰਲ (ਅਮਰੀਕਾ), 16 ਮਾਰਚ
ਪਿਛਲੇ ਨੌਂ ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਫਸੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪੁਲਾੜ ਯਾਤਰੀਆਂ ਬੁਚ ਵਿਲਮੋਰ ਤੇ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਦੀ ਥਾਂ ਹੋਰ ਪੁਲਾੜ ਯਾਤਰੀਆਂ ਦੀ ਤਾਇਨਾਤੀ ਲਈ ਇਕ ਦਿਨ ਪਹਿਲਾਂ ਰਵਾਨਾ ਹੋਇਆ ‘ਸਪੇਸਐਕਸ’ ਦਾ ਕੈਪਸੂਲ ਅੱਜ ਕੌਮਾਂਤਰੀ ਪੁਲਾੜ ਸਟੇਸ਼ਨ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਵਿਲੀਅਮਜ਼ ਤੇ ਵਿਲਮੋਰ ਦੀ ਧਰਤੀ ’ਤੇ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ।
ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜੇ ਚਾਰ ਨਵੇਂ ਪੁਲਾੜ ਯਾਤਰੀ ਅਮਰੀਕਾ, ਜਪਾਨ ਤੇ ਰੂਸ ਦੀ ਨੁਮਾਇੰਦਗੀ ਕਰ ਰਹੇ ਹਨ। ਉਹ ਕੁਝ ਦਿਨ ਵਿਲੀਅਮਜ਼ ਤੇ ਵਿਲਮੋਰ ਤੋਂ ਸਟੇਸ਼ਨ ਬਾਰੇ ਜਾਣਕਾਰੀ ਹਾਸਲ ਕਰਨਗੇ। ਇਸ ਮਗਰੋਂ ਵਾਪਸ ਧਰਤੀ ’ਤੇ ਆਉਣ ਲਈ ਦੋਵੇਂ ਆਪਣੇ ਸਪੇਸਐਕਸ ਕੈਪਸੂਲ ਵਿੱਚ ਸਵਾਰ ਹੋਣਗੇ। ਵਿਲਮੋਰ ਤੇ ਵਿਲੀਅਮਜ਼ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ’ਤੇ 5 ਜੂਨ ਨੂੰ ਰਵਾਨਾ ਹੋਏ ਸਨ। ਦੋਵੇਂ ਇਕ ਹਫ਼ਤੇ ਲਈ ਹੀ ਗਏ ਸਨ, ਪਰ ਪੁਲਾੜ ਵਾਹਨ ਵਿਚ ਹੀਲੀਅਮ ਦੇ ਰਿਸਾਅ ਤੇ ਰਫ਼ਤਾਰ ਵਿਚ ਕਮੀ ਕਾਰਨ ਇਹ ਪਿਛਲੇ ਨੌਂ ਮਹੀਨਿਆਂ ਤੋਂ ਪੁਲਾੜ ਸਟੇਸ਼ਨ ਵਿਚ ਫਸੇ ਹੋਏ ਹਨ।
ਵਿਲਮੋਰ ਨੇ ਐਤਵਾਰ ਨੂੰ ਪੁਲਾੜ ਸਟੇਸ਼ਨ ਦਾ ਹੈਚ ਖੋਲ੍ਹਿਆ ਅਤੇ ਚਾਰ ਨਵੇਂ ਪੁਲਾੜ ਯਾਤਰੀ ਇੱਕ-ਇੱਕ ਕਰਕੇ ਅੰਦਰ ਦਾਖਲ ਹੋਏ। ਪੁਲਾੜ ਵਿੱਚ ਪਹਿਲਾਂ ਤੋਂ ਹੀ ਮੌਜੂਦ ਪੁਲਾੜ ਯਾਤਰੀਆਂ ਨੇ ਆਪਣੇ ਨਵੇਂ ਸਾਥੀਆਂ ਦਾ ਜੱਫੀ ਪਾ ਕੇ ਅਤੇ ਹੱਥ ਮਿਲਾ ਕੇ ਸਵਾਗਤ ਕੀਤਾ। ਵਿਲੀਅਮਜ਼ ਨੇ ਮਿਸ਼ਨ ਕੰਟਰੋਲ ਨੂੰ ਦੱਸਿਆ, ‘ਇਹ ਬਹੁਤ ਸ਼ਾਨਦਾਰ ਦਿਨ ਸੀ। ਇੱਥੇ ਆਪਣੇ ਦੋਸਤਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਾ।’ -ਏਪੀ