ਕਾਂਗਰਸ ਨੇ ਬੋਡੋ ਸਮਝੌਤੇ ਦਾ ਮਜ਼ਾਕ ਉਡਾਇਆ ਸੀ: ਸ਼ਾਹ
ਕੋਕਰਾਝਾਰ, 16 ਮਾਰਚ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨੇ ਬੋਡੋ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ ਤਾਂ ਕਾਂਗਰਸ ਨੇ ਮਜ਼ਾਕ ਉਡਾਇਆ ਸੀ ਪਰ ਅਸੀਂ ਖ਼ਿੱਤੇ ’ਚ ਸ਼ਾਂਤੀ ਅਤੇ ਵਿਕਾਸ ਲਿਆਂਦਾ ਹੈ। ਅਸਾਮ ਦੇ ਕੋਕਰਾਝਾਰ ’ਚ ਆਲ ਬੋਡੋ ਸਟੂਡੈਂਟਸ ਯੂਨੀਅਨ (ਏਬੀਐੱਸਯੂ) ਦੀ 57ਵੀਂ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕੇਂਦਰ ਨੇ ਬੋਡੋਲੈਂਡ, ਜਿਸ ਦੀ ਆਬਾਦੀ 35 ਲੱਖ ਹੈ, ਦੇ ਵਿਕਾਸ ਲਈ 1,500 ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬੋਡੋ ਸਮਝੌਤੇ ਦੀਆਂ 82 ਫ਼ੀਸਦ ਸ਼ਰਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ ਅਤੇ ਬਾਕੀ ਅਗਲੇ ਦੋ ਸਾਲਾਂ ’ਚ ਪੂਰੀਆਂ ਹੋ ਜਾਣਗੀਆਂ। ਸ਼ਾਹ ਨੇ ਬੋਡੋ ਨੌਜਵਾਨਾਂ ਨੂੰ 2036 ਓਲੰਪਿਕਸ ਲਈ ਤਿਆਰੀਆਂ ਸ਼ੁਰੂ ਕਰਨ ਦਾ ਵੀ ਸੱਦਾ ਦਿੱਤਾ ਜਿਨ੍ਹਾਂ ਦੇ ਅਹਿਮਦਾਬਾਦ ’ਚ ਹੋਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ, ‘‘ਬੋਡੋ ਨੌਜਵਾਨਾਂ ਨੇ ਹੁਣ ਆਪਣੇ ਹੱਥਾਂ ’ਚ ਬੰਦੂਕਾਂ ਦੀ ਥਾਂ ’ਤੇ ਤਿਰੰਗੇ ਫੜੇ ਹੋਏ ਹਨ ਅਤੇ ਇਹ ਜਨਵਰੀ 2020 ’ਚ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਮਗਰੋਂ ਸੰਭਵ ਹੋ ਸਕਿਆ ਹੈ।’’ ਸ਼ਾਹ ਨੇ ਕਿਹਾ ਕਿ ਏਬੀਐੱਸਯੂ ਦੇ ਬਾਨੀ ਪ੍ਰਧਾਨ ਬੋਡੋਫਾ ਉਪੇਂਦਰਨਾਥ ਬ੍ਰਹਮਾ ਦੇ ਨਾਮ ’ਤੇ ਸੜਕ ਦਾ ਨਾਮ ਰੱਖਿਆ ਗਿਆ ਹੈ ਅਤੇ ਉਨ੍ਹਾਂ ਦਾ ਬੁੱਤ ਅਪਰੈਲ ’ਚ ਦਿੱਲੀ ’ਚ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬੇ ਦੀ ਭਾਜਪਾ ਸਰਕਾਰ ਬੋਡੋਫਾ ਦੇ ਸੁਪਨਿਆਂ ਨੂੰ ਹਕੀਕਤ ’ਚ ਬਦਲਣ ਲਈ ਵਚਨਬੱਧ ਹਨ। -ਪੀਟੀਆਈ
ਸ਼ਾਹ ਨੇ ਬਾਲ ਗਾਇਕਾ ਨੂੰ ਭੇਟ ਕੀਤੀ ਗਿਟਾਰ
ਐਜ਼ੌਲ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਿਜ਼ੋਰਮ ਦੀ ਉੱਘੀ ਬਾਲ ਗਾਇਕਾ ਐਸਥਰ ਲਾਲਦੁਹਾਵਮੀ ਹਨਾਮਤੇ (7 ਸਾਲ) ਦੀ ਸ਼ਲਾਘਾ ਕਰਦਿਆਂ ਉਸ ਨੂੰ ਗਿਟਾਰ ਭੇਟ ਕੀਤੀ ਹੈ। ਸ਼ਾਹ ਨੇ ਸ਼ਨਿਚਰਵਾਰ ਨੂੰ ਇਥੇ ਅਸਾਮ ਰਾਈਫਲਜ਼ ਦੇ ਸਮਾਗਮ ’ਚ ਹਿੱਸਾ ਲਿਆ ਸੀ ਜਿਥੇ ਬੱਚੀ ਨੇ ਏਆਰ ਰਹਿਮਾਨ ਦਾ ‘ਵੰਦੇ ਮਾਤਰਮ’ ਗਾ ਕੇ ਲੋਕਾਂ ਦਾ ਮਨ ਮੋਹ ਲਿਆ ਸੀ। ਸ਼ਾਹ ਨੇ ‘ਐਕਸ’ ’ਤੇ ਬੱਚੀ ਦੇ ਗਾਇਕੀ ਹੁਨਰ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਰਾਜ ਭਵਨ ’ਚ ਉਸ ਨੂੰ ਸੱਦ ਕੇ ਗਿਟਾਰ ਭੇਟ ਕੀਤੀ। ਉਨ੍ਹਾਂ ਬੱਚੀ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਹੈ। ਹਨਾਮਤੇ ਤਿੰਨ ਸਾਲ ਦੀ ਉਮਰ ਤੋਂ ਹੀ ਗਿਰਜਾਘਰਾਂ ਅਤੇ ਹੋਰ ਥਾਵਾਂ ’ਤੇ ਗਾਉਂਦੀ ਆ ਰਹੀ ਹੈ। ਉਹ ਚਰਚਾ ’ਚ ਉਸ ਸਮੇਂ ਆਈ ਜਦੋਂ ਏਆਰ ਰਹਿਮਾਨ ਦਾ ‘ਵੰਦੇ ਮਾਤਰਮ’ ਗੀਤ ਵਾਲਾ ਵੀਡੀਓ ਸਾਬਕਾ ਮੁੱਖ ਮੰਤਰੀ ਜ਼ੋਰਾਂਗਥਾਮਾ ਅਤੇ ਬਾਅਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਕਤੂਬਰ 2020 ’ਚ ਸ਼ੇਅਰ ਕੀਤਾ ਗਿਆ ਸੀ। -ਪੀਟੀਆਈ