ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ: ਕਰਜ਼ਾ ਸੀਮਾ ਜਾਂ ਆਰਥਿਕ ਸੰਕਟ

08:14 PM Jun 23, 2023 IST

ਸਰਦਾਰਾ ਸਿੰਘ ਮਾਹਿਲ

Advertisement

ਪਿਛਲੇ ਦਿਨੀਂ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਵਿਚ ਦੁਨੀਆ ਦੇ ਸੱਤ ਚੌਧਰੀਆਂ ਦੀ ਮੀਟਿੰਗ ਹੋਈ। ਹੀਰੋਸ਼ੀਮਾ ਜਪਾਨ ਦਾ ਉਹ ਸ਼ਹਿਰ ਹੈ ਜਿਸ ‘ਤੇ ਦੂਜੀ ਸੰਸਾਰ ਜੰਗ ਦੇ ਅਖੀਰ ਜਿਹੇ ਜਾ ਕੇ ਅਮਰੀਕਾ ਨੇ ਦੋ ਪਰਮਾਣੂ ਬੰਬ ਸੁੱਟੇ ਸਨ ਜਿਹਨਾਂ ਦੀ ਭਿਆਨਕਤਾ ਨੂੰ ਦੇਖ ਪੂਰੀ ਮਾਨਵਤਾ ਤ੍ਰਾਹ ਤ੍ਰਾਹ ਕਰ ਉੱਠੀ ਸੀ। ਉਸ ਸਮੇਂ ਇਹ ਬੰਬ ਸੁੱਟਣੇ ਜੰਗ ਵਿਚ ਇਤਹਾਦੀਆਂ ਦੀ ਜਿੱਤ ਦੀ ਲੋੜ ਨਹੀਂ ਸੀ। ਇਹ ਜਿੱਤ ਤਾਂ ਰੂਸ, ਉਸ ਸਮੇਂ ਦੇ ਸੋਵੀਅਤ ਯੂਨੀਅਨ ਵਿਚ ਜਰਮਨ ਫੌਜਾਂ ਦੀ ਹਾਰ ਨਾਲ ਹੀ ਹੋ ਗਈ ਸੀ। ਅਮਰੀਕਾ ਨੇ ਇਹ ਬੰਬ ਤਾਂ ਜੰਗ-ਪਿਛਲੇਰੀ ਸੰਸਾਰ ਸਥਿਤੀ ਵਿਚ ਆਪਣੀ ਧਾਂਕ ਬਿਠਾਉਣ ਲਈ ਸੁੱਟੇ ਸਨ ਅਤੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰ ਪਰਮਾਣੂ ਤਬਾਹੀ ਦੇ ਪ੍ਰਤੀਕ ਬਣੇ ਹੋਏ ਹਨ। ਉਸ ਥਾਂ 7 ਚੌਧਰੀਆਂ ਦੀ ਇਸ ਮੀਟਿੰਗ ਪਿੱਛੇ ਅਮਰੀਕਾ ਦਾ ਮਕਸਦ ਵੀ ਆਪਣੀ ਧਾਂਕ ਜਮਾਉਣਾ ਹੈ; ਅਜਿਹੀ ਇੱਕ-ਧਰੁਵੀ ਸੰਸਾਰ ਸਥਿਤੀ ਦੀ ਰਚਨਾ ਕਰਨਾ ਹੈ ਜਿਸ ਵਿਚ ਸੰਸਾਰ ਦੇ ਕਿਸੇ ਵੀ ਖਿੱਤੇ ਵਿਚ ਜੰਗ ਅਤੇ ਅਮਨ ਉਸ ਦੀ ਮਰਜ਼ੀ ‘ਤੇ ਨਿਰਭਰ ਕਰਨ।

ਦੂਜੀ ਸੰਸਾਰ ਜੰਗ ਤੋਂ ਬਾਅਦ ਅਜਿਹੀ ਹੀ ਇੱਕ-ਧਰੁਵੀ ਸਥਿਤੀ ਸੀ ਜਿਸ ਵਿਚ ਅਮਰੀਕੀ ਸਾਮਰਾਜ ਪੂਰੀ ਦੁਨੀਆ ‘ਤੇ ਪੁਲਸੀਆ ਬਣਿਆ ਹੋਇਆ ਸੀ। ਜਦੋਂ ਤੱਕ ਸੋਵੀਅਤ ਯੂਨੀਅਨ ਵਿਚ ਸਰਮਾਏਦਾਰੀ ਦੀ ਬਹਾਲੀ ਨਾਲ ਇਸ ਦੇ ਸਾਮਰਾਜੀ ਮਹਾਂ ਸ਼ਕਤੀ ਬਣ ਕੇ ਸੰਸਾਰ ਚੌਧਰ ਲਈ ਅਮਰੀਕਾ ਨਾਲ ਖਹਿਣ ਨਹੀਂ ਲੱਗਾ, ਓਨੀ ਦੇਰ ਇਹ ਇੱਕ-ਧਰੁਵੀ ਸਥਿਤੀ ਬਣੀ ਰਹੀ ਪਰ ਇਸ ਘਟਨਾਕ੍ਰਮ ਤੋਂ ਬਾਅਦ ਦੁਨੀਆ ਦੋ-ਧਰੁਵੀ ਹੋ ਗਈ। ਫਿਰ ਨੱਬੇਵਿਆਂ ਦੇ ਐਨ ਆਰੰਭ ਵਿਚ ਸੋਵੀਅਤ ਯੂਨੀਅਨ ਦੇ ਟੁੱਟ ਕੇ ਬਿਖਰ ਜਾਣ ਅਤੇ ਆਰਥਿਕ ਬਰਬਾਦੀ ਬਾਅਦ ਸੰਸਾਰ ਇੱਕ ਵਾਰ ਫਿਰ ਇੱਕ-ਧਰੁਵੀ ਹੋ ਗਿਆ ਜਿਸ ਦਾ ਚੌਧਰੀ ਫਿਰ ਅਮਰੀਕਾ ਸੀ। ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਰੂਸ, ਚੀਨ ਤੇ ਯੂਰੋਪ ਚੁਣੌਤੀ ਬਣ ਕੇ ਉੱਭਰੇ ਅਤੇ ਜਾਰਜੀਆ ਤੇ ਰੂਸੀ ਹਮਲੇ ਨਾਲ ਇੱਕ-ਧਰੁਵੀ ਸੰਸਾਰ ਖ਼ਤਮ ਹੋ ਗਿਆ ਅਤੇ ਬਹੁ-ਧਰੁਵੀ ਸੰਸਾਰ ਹੋਂਦ ਵਿਚ ਆਉਣ ਲੱਗਿਆ ਪਰ ਅਮਰੀਕੀ ਸਾਮਰਾਜ ਆਪਣਾ ਖੁੱਸਿਆ ਸਥਾਨ ਹਾਸਲ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ। ਯੂਕਰੇਨ ਵਿਚ ਰੂਸ-ਨਾਟੋ ਜੰਗ ਦਾ ਉਦੇਸ਼ ਇੱਕ-ਧਰੁਵੀ ਸੰਸਾਰ ਦੀ ਬਹਾਲੀ ਹੈ ਅਤੇ ਹੀਰੋਸ਼ੀਮਾ ਵਾਰਤਾ ਵੀ ਇਸੇ ਦਾ ਹਿੱਸਾ ਹੈ। ਇਸ ਵਿਚ ਰੂਸ ਅਤੇ ਚੀਨ ਵਿਰੁੱਧ ਸ਼ਬਦੀ ਹਮਲੇ ਕੀਤੇ ਗਏ। ਦੋਵਾਂ ਨੂੰ ਨਿਖੇੜਨ ਅਤੇ ਉਨ੍ਹਾਂ ਵਿਰੁੱਧ ਦੁਨੀਆ ਦੇ ਦੇਸ਼ਾਂ ਨੂੰ ਲਾਮਬੰਦ ਕਰਨ ਦੇ ਯਤਨ ਕੀਤੇ ਗਏ ਅਤੇ ਸੱਦੇ ਦਿੱਤੇ ਗਏ। ਇਸ ਵਿਚ ਮਹਿਮਾਨ ਨਰਿੰਦਰ ਮੋਦੀ ਦੀ ਸ਼ਮੂਲੀਅਤ ਦਾ ਵੀ ਇਹੋ ਕਾਰਨ ਸੀ।

Advertisement

ਇੱਕ ਪਾਸੇ ਅਮਰੀਕਾ ਸੰਸਾਰ ਚੌਧਰ ਲਈ ਤੰਦੂਆ ਜਾਲ ਵਿਛਾਉਣ ਵਿਚ ਰੁੱਝਿਆ ਹੋਇਆ ਹੈ, ਦੂਜੇ ਪਾਸੇ ਇਸ ਦੇ ਆਪਣੇ ਘਰ ਵਿਚ ਹੜਬੜਾਹਟ ਹੈ। ਕੀ ਅਮਰੀਕਾ ਆਪਣਾ ਕਰਜ਼ਾ ਨਾ ਚੁਕਾ ਸਕਣ ਕਰਨ ਸੰਸਾਰ ਵਿਚ ਡਿਫਾਲਟਰ ਹੋ ਜਾਵੇਗਾ? ਜੇਕਰ ਉਹ ਡਿਫਾਲਟਰ ਹੋ ਜਾਂਦਾ ਹੈ ਤਾਂ ਇਸ ਦੇ ਅਮਰੀਕੀ ਆਰਥਿਕਤਾ ਅਤੇ ਸੰਸਾਰ ਆਰਥਿਕਤਾ ‘ਤੇ ਕੀ ਅਸਰ ਹੋਣਗੇ? ਜੇਕਰ ਇਹ ਡਿਫਾਲਟਰ ਹੋਣੋ ਬਚਦਾ ਹੈ ਤਾਂ ਅਮਰੀਕੀ ਪ੍ਰਸ਼ਾਸਨ ਦੀਆਂ ਨੀਤੀਆਂ ਵਿਚ ਕੀ ਤਬਦੀਲੀਆਂ ਹੋਣਗੀਆਂ। ਅਮਰੀਕੀ ਪ੍ਰੈੱਸ ਵਿਚ ਇਹੀ ਵੱਡੀ ਚਰਚਾ ਹੈ। ਨਿਰਾਸ਼ਾ (ਕਿਆਮਤ) ਦੇ ਡਾਕਟਰ ਨੌਰੀਅਲ ਰੂਬਿਨੀ ਅਤੇ ਟੈਸਲਾ ਤੇ ਟਵਿੱਟਰ ਦੇ ਮਾਲਕ ਐਲਨ ਮਸਕ, ਸਾਬਕਾ ਰਾਜਨੀਤੀਵਾਨ ਤੇ ਮਾਹਿਰ ਤੇ ਅਮਰੀਕੀ ਕੇਂਦਰੀ ਬੈਂਕ, ਫੈਡਰਲ ਰਿਜ਼ਰਵ ਦੇ ਮੁਖੀ ਜੀਰੌਮ ਪਾਵੇਲ ਵੀ ਚਰਚਾ ਵਿਚ ਸ਼ਾਮਿਲ ਹਨ। ਮੁੱਦਾ ਹੈ ਕਿ ਅਮਰੀਕਾ ਇਸ ਵਾਲੇ ਦੁਨੀਆ ਦੇ ਦੇਸ਼ਾਂ ਵਿਚੋਂ ਸਭ ਤੋਂ ਵੱਧ ਕਰਜ਼ਈ ਦੇਸ਼ ਹੈ। ਇਸ ਦੇ ਸਿਰ 31.4 ਖਰਬ (ਟ੍ਰਿਲੀਅਨ) ਡਾਲਰ ਕਰਜ਼ਾ ਹੈ। ਇਹ ਅਮਰੀਕਾ ਦਾ ਉਹ ਕਰਜ਼ਾ ਹੈ ਜੋ ਸਰਕਾਰ ਦੇ ਸਿਰ ਹੈ। ਇਸ ਦਾ ਵੱਡਾ ਕਾਰਨ ਹੈ ਕਿ ਸੰਸਾਰ ਚੌਧਰ ਲਈ ਅਮਰੀਕਾ ਆਪਣੇ ਸੋਮਿਆਂ ਤੋਂ ਵੱਧ ਖਰਚ ਕਰਦਾ ਰਿਹਾ ਹੈ। ਪਿਛਲੇ 20 ਸਾਲਾਂ ਤੋਂ ਅਮਰੀਕੀ ਸਰਕਾਰ ਘਾਟੇ ਦਾ ਬਜਟ ਪੇਸ਼ ਕਰ ਰਹੀ ਹੈ। ਇਸ ਘਾਟੇ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਸਰਕਾਰੀ ਸਕਿਓਰਿਟੀਜ਼ ਜਾਰੀ ਕਰਦਾ ਰਿਹਾ ਹੈ ਅਤੇ ਇਹ ਕਰਜ਼ਾ ਲਗਾਤਾਰ ਵਧਦਾ ਰਿਹਾ ਹੈ। ਇਸ ਕਰਜ਼ੇ ‘ਚ 2012 ਵਿਚ 9%, 2013 ਵਿਚ 4%, 2014 ਵਿਚ 6%, 2015 ਵਿਚ 2%, 2016 ਵਿਚ 8%, 2017 ਵਿਚ 3%, 2018 ਵਿਚ 6%, 2019 ਵਿਚ 6%, 2020 ਵਿਚ 19%, 2021 ਵਿਚ 6% ਅਤੇ 2022 ਵਿਚ 9% ਦਾ ਵਾਧਾ ਹੋਇਆ ਹੈ।

ਸਥਿਤੀ ਇਹ ਬਣ ਗਈ ਹੈ ਕਿ ਸਰਕਾਰ ਦੇ ਖਜ਼ਾਨੇ ਵਿਚ 23 ਮਈ ਨੂੰ ਕੇਵਲ 57 ਅਰਬ ਡਾਲਰ ਸਨ। ਅਮਰੀਕਾ ਸਰਕਾਰ ਸਾਹਮਣੇ ਇੱਕੋ ਰਾਹ ਹੈ ਕਿ ਉਹ ਡਿਫਾਲਟਰ ਹੋਣੋ ਬਚਣ ਲਈ ਹੋਰ ਕਰਜ਼ਾ ਲਵੇ ਪਰ ਅਮਰੀਕਾ ਵਿਚ ਕਾਨੂੰਨ ਅਨੁਸਾਰ ਕਰਜ਼ੇ ਦੀ ਹੱਦ ਮਿੱਥੀ ਗਈ ਹੈ ਅਤੇ ਸਰਕਾਰ ਉਸ ਮਿੱਥੀ ਹੋਈ ਹੱਦ ਤੋਂ ਵਧੇਰੇ ਕਰਜ਼ਾ ਨਹੀਂ ਲੈ ਸਕਦੀ। ਉਹ ਉਸੇ ਹਾਲਤ ਵਿਚ ਵਧੇਰੇ ਕਰਜ਼ਾ ਲੈ ਸਕਦੀ ਹੈ ਜੇ ਕਾਨੂੰਨ ਵਿਚ ਸੋਧ ਕਰ ਕੇ ਕਰਜ਼ਾ ਹੱਦ ਵਧਾਈ ਜਾਵੇ ਪਰ ਉਸ ਲਈ ਕਾਂਗਰਸ ਦੇ ਦੋਵਾਂ ਸਦਨਾਂ ਦੀ ਮੋਹਰ ਲੱਗਣੀ ਜ਼ਰੂਰੀ ਹੈ। ਹੁਣ ਸਥਿਤੀ ਇਹ ਹੈ ਕਿ ਭਾਵੇਂ ਸੈਨੇਟ ਵਿਚ ਡੈਮੋਕਰੇਟਿਕ ਪਾਰਟੀ ਦਾ ਬਹੁਮਤ ਹੈ ਪਰ ਮੁੱਖ ਸਦਨ ਵਿਚ ਰਿਬਪਲਿਕਨ ਪਾਰਟੀ ਬਹੁਮਤ ਵਿਚ ਹੈ। ਰਿਪਬਲਿਕਨ ਕੇਵਿਨ ਮੈਕਾਰਥੀ ਸਪੀਕਰ ਹੈ। ਇਸ ਕਰ ਕੇ ਰਿਪਬਲਿਕਨ ਤੇ ਡੈਮੋਕਰੇਟਾਂ, ਦੋਵਾਂ ਦੀ ਸਹਿਮਤੀ ਨਾਲ ਹੀ ਇਹ ਹੱਦ ਵਧਾਈ ਜਾ ਸਕਦੀ ਹੈ। ਕੇਵਿਨ ਮੈਕਾਰਥੀ ਅਤੇ ਬਾਇਡਨ ਪ੍ਰਸਾਸ਼ਨ ਵਿਚਕਾਰ ਇਸ ਬਾਰੇ ਗੱਲਬਾਤ ਚੱਲ ਰਹੀ ਹੈ। ਗੱਲਬਾਤ ਦਾ ਕੀ ਮੁੱਦਾ ਹੈ? ਤੇ ਪੇਚ ਕਿੱਥੇ ਫਸਿਆ ਹੋਇਆ ਹੈ, ਇਸ ਬਾਰੇ ਬਾਅਦ ਵਿਚ ਗੱਲ ਕਰਾਂਗੇ, ਪਹਿਲਾਂ ਦੇਖ ਲਈਏ ਕਿ ਕੀ ਮਸਲਾ ਸਿਰਫ ਕਰਜ਼ਾ ਸੀਮਾ ਵਧਾਉਣ ਦਾ ਹੀ ਹੈ? ਜਾਂ ਜੜ੍ਹ ਕਿਧਰੇ ਹੋਰ ਥਾਂ ਹੈ।

ਅਮਰੀਕਾ ਵਿਚ ਹੁਣ ਭਾਵੇਂ ਕਰਜ਼ਾ ਮਾਮਲਾ ਸਾਹਮਣੇ ਆਇਆ ਅਤੇ ਕੁਝ ਅਰਸਾ ਪਹਿਲਾਂ ਅਮਰੀਕਾ ਦੀਆਂ ਕੁਝ ਬੈਂਕਾਂ ਡੁੱਬ ਗਈਆਂ ਸਨ ਪਰ ਇਹ ਵਰਤਾਰੇ ਆਪਣੇ ਆਪ ਵਿਚ ਵਾਪਰ ਰਹੇ ਵਰਤਾਰੇ ਨਹੀਂ ਬਲਕਿ ਅਮਰੀਕੀ ਆਰਥਿਕਤਾ ਸੰਕਟ ਦੇ ਪ੍ਰਗਟਾਵੇ ਹਨ। ਇਹੀ ਨਹੀਂ, ਅਮਰੀਕਾ ਵਿਚ ਮਹਿੰਗਾਈ ਲਗਾਤਾਰ ਵਧ ਰਹੀ ਹੈ। ਅਪਰੈਲ 2023 ਵਿਚ ਪਿਛਲੇ ਸਾਲ ਦੇ ਮੁਕਾਬਲੇ ਕੀਮਤਾਂ ਵਿਚ 5% ਵਾਧਾ ਹੋਇਆ ਸੀ। ਕੋਰ ਇਨਫਲੇਸ਼ਨ (ਮਹਿੰਗਾਈ) ਪਿਛਲੇ ਸਾਲ ਦੇ ਮੁਕਾਬਲੇ 5.5% ਵਧੇਰੇ ਹੈ। ਇਸ ਵੇਲੇ ਅਮਰੀਕਾ ਵਿਚ ਮਹਿੰਗਾਈ 7.5% ਹੈ। ਅਮਰੀਕਾ ਦਾ ਕੇਂਦਰੀ ਬੈਂਕ, ਫੈਡਰਲ ਰਿਜ਼ਰਵ ਤੇਜ਼ੀ ਨਾਲ ਵਧ ਰਹੀ ਮਹਿੰਗਾਈ ‘ਤੇ ਕਾਬੂ ਪਾਉਣ ਲਈ ਲਗਾਤਾਰ ਵਿਆਜ ਦਰਾਂ ਵਿਚ ਵਾਧਾ ਕਰ ਰਿਹਾ ਹੈ। ਮਾਰਚ 2022 ਤੋਂ ਮਾਰਚ 2023 ਦਰਮਿਆਨ, ਇੱਕ ਸਾਲ ਦੇ ਵਕਫੇ ਵਿਚ 10 ਵਾਰੀ ਵਿਆਜ਼ ਦਰਾਂ ਵਿਚ ਵਾਧਾ ਕੀਤਾ ਹੈ। ਇਸ ਇੱਕ ਸਾਲ ਦੇ ਵਕਫੇ ਵਿਚ 5% ਵਿਆਜ ਦਰਾਂ ਵਧਾਈਆਂ ਹਨ। ਇਸ ਨਾਲ ਘਰਾਂ, ਗੱਡੀਆਂ ਤੇ ਲੋਕਾਂ ਵੱਲੋਂ ਲਏ ਕਰਜ਼ੇ ਅਤੇ ਕਿਸ਼ਤਾਂ ਵਿਚ ਭਾਰੀ ਵਾਧਾ ਹੋ ਗਿਆ। ਲੋਕ ਨਵੀਆਂ ਕਾਰਾਂ ਨਹੀਂ ਖਰੀਦ ਰਹੇ, ਲੋੜਵੰਦ ਪੁਰਾਣੀਆਂ ਕਾਰਾਂ ਖਰੀਦ ਰਹੇ ਹਨ। ਇਸ ਕਰ ਕੇ ਪੁਰਾਣੀਆਂ ਕਾਰਾਂ ਦੀਆਂ ਕੀਮਤਾਂ ਵਿਚ 4.4% ਦਾ ਵਾਧਾ ਹੋਇਆ ਹੈ। ਇਸ ਨਾਲ ਨਿਵੇਸ਼ ਮਹਿੰਗਾ ਹੋਇਆ ਹੈ ਅਤੇ ਘਰੇਲੂ ਮੰਡੀ ਸੁੰਗੜੀ ਹੈ। ਸੰਸਾਰ ਮੰਡੀ ਵਿਚ ਅਮਰੀਕਾ ਤੋਂ ਚੀਨ ਥਾਂ ਖੋਹ ਰਿਹਾ ਹੈ। ਇਸ ਕਰ ਕੇ ਕੁੱਲ ਘਰੇਲੂ ਪੈਦਾਵਾਰ ਵਿਚ ਗਿਰਾਵਟ ਆਈ ਹੈ। ਦੂਜੇ ਪਾਸੇ, ਕਰਜ਼ਾ ਵਧਿਆ ਹੈ। ਸਿੱਟਾ ਇਹ ਹੋਇਆ ਕਿ ਕਰਜ਼ਾ ਅਮਰੀਕਾ ਦੀ ਕੁੱਲ ਘਰੇਲੂ ਪੈਦਾਵਾਰ ਦਾ 122.5% ਹੋ ਗਿਆ ਹੈ; ਭਾਵ, ਕਰਜ਼ਾ ਕੁੱਲ ਘਰੇਲੂ ਪੈਦਾਵਾਰ ਨਾਲੋਂ ਸਵਾ ਗੁਣਾ ਵਧੇਰੇ ਹੈ।

ਜਿਵੇਂ ਪਹਿਲਾਂ ਵੀ ਕਿਹਾ ਹੈ ਕਿ ‘ਕਿਆਮਤ ਦੇ ਡਾਕਟਰ’ ਨੌਰੀਅਲ ਰੂਬਿਨੀ ਨੇ ਕਿਹਾ ਹੈ ਕਿ ਅਮਰੀਕਾ ਦਾ ਇਹ ਮੰਦਵਾੜਾ 2008 ਦੇ ਮੰਦਵਾੜੇ ਤੋਂ ਵੀ ਭਿਆਨਕ ਹੋਵੇਗਾ। ਇਹ ਨਹੀਂ, ਅਮਰੀਕਾ ਦੀਆਂ 150 ਵੱਡੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਫਸਰਾਂ (ਸੀਈਓ) ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਦਾ ਡਿਫਾਲਟਰ ਹੋਣਾ ਅਮਰੀਕਾ ਦੀ ਆਰਥਿਕਤਾ ਲਈ ਤਬਾਹਕੁਨ ਹੋਵੇਗਾ ਕਿਉਂਕਿ ਅਮਰੀਕੀ ਆਰਥਿਕਤਾ ਵਿਚ ਨਿਵੇਸ਼ਕਾਂ ਦਾ ਵਿਸ਼ਵਾਸ ਨਹੀਂ ਰਹੇਗਾ। ਇਸ ਹਾਲਤ ਵਿਚ ਸਰਮਾਇਆ ਚੀਨ ਅਤੇ ਉੱਭਰ ਰਹੀਆਂ ਆਰਥਿਕਤਾਵਾਂ ਵੱਲ ਉਡਾਰੀ ਮਾਰ ਜਾਵੇਗਾ। ਅਮਰੀਕਾ ਵਿਚ ਨਿਵੇਸ਼ ਦਾ ਤੋੜਾ ਆਉਣ ਨਾਲ ਇਹ ਹੋਰ ਨਿਵਾਣਾਂ ਵੱਲ ਚਲੀ ਜਾਵੇਗੀ। ਅਮਰੀਕੀ ਸਰਕਾਰ ਮੰਦਵਾੜੇ/ਸੰਕਟ ਤੋਂ ਇਨਕਾਰ ਕਰਦੀ ਰਹੀ ਹੈ।

ਅਮਰੀਕੀ ਪ੍ਰਸਾਸ਼ਨ ਦੇ ਆਸ ਬੰਨ੍ਹਾਊ ਅਤੇ ਦਮਗਜ਼ੇ ਭਰਪੂਰ ਦਾਅਵਿਆਂ ਦੇ ਬਾਵਜੂਦ ਤੱਥ ਅਤੇ ਹਕੀਕਤਾਂ ਮੂੰਹ ਚੜ੍ਹ ਕੇ ਬੋਲ ਰਹੀਆਂ ਹਨ। ਅਮਰੀਕੀ ਸੰਕਟ ਬਾਰੇ ਅੰਦਰੋਂ ਅਤੇ ਬਾਹਰੋਂ ਉਠ ਰਹੀਆਂ ਆਵਾਜ਼ਾਂ ਤੋਂ ਬਿਨਾ ਪ੍ਰਸ਼ਾਸਨ ਨੇ ਖੁਦ ਵੀ ਸੰਕਟ ਦੀ ਹਕੀਕਤ ਨੂੰ ਸਵੀਕਾਰ ਕਰ ਲਿਆ ਹੈ। ਵਾਪਰਿਆ ਕੁਝ ਇਸ ਤਰ੍ਹਾਂ ਹੈ ਕਿ ਰੂਸ ਦੇ ਦੋ ਸ਼ਖ਼ਸ ਜੋ ਵਿਸ਼ੇਸ਼ ਆਵਾਜ਼ ਬਣਾ ਕੇ ਜਾਂ ਆਪ ਬਣ ਕੇ ਦੁਨੀਆ ਦੇ ਵੱਡੇ ਲੀਡਰਾਂ ਨਾਲ ਗੱਲਬਾਤ ਕਰਦੇ ਹਨ। ਉਹਨਾਂ ਨੇ ਆਪਣਾ ਨਾਮ ਵੋਵਨ ਤੇ ਲੈਕਸਸ ਰੱਖਿਆ ਹੈ ਅਤੇ ਇਸੇ ਨਾਮ ਦੀ ਉਹਨਾਂ ਦੀ ਵੈੱਬਸਾਈਟ ਹੈ। ਜੋ ਗੱਲਬਾਤ ਹੁੰਦੀ ਹੈ, ਉਸ ਸਾਈਟ ‘ਤੇ ਪਾ ਦਿੰਦੇ ਹਨ। ਉਹ ਫਰਾਂਸ ਦੇ ਰਾਸ਼ਟਰਪਤੀ ਮੈਕਰੌਂ ਬਣ ਕੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਗੱਲਾਂ ਕਰਦੇ ਰਹੇ। ਉਹਨਾਂ ਯੂਕਰੇਨ ਦਾ ਪ੍ਰਧਾਨ ਮੰਤਰੀ ਡੈਨੀਅਸ ਸਰਮੀਨਲ ਬਣ ਕੇ ਇੰਗਲੈਂਡ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਤੇ ਰੱਖਿਆ ਮੰਤਰੀ ਨਾਲ ਗੱਲਬਾਤ ਕੀਤੀ। ਇਹਨਾਂ ਕਾਰਨ ਨਾਟੋ ਧਿਰਾਂ ਵਿਚਕਾਰ ਚਿੰਤਾ ਦੀ ਲਹਿਰ ਹੈ। ਇਸ ਜੋੜੀ ਨੇ ਅਮਰੀਕਾ ਦੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਚੇਅਰਮੈਨ ਨਾਲ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਬਣ ਕੇ ਗੱਲਬਾਤ ਕੀਤੀ ਜਿਸ ਵਿਚ ਹੋਰ ਵਧੇਰੇ ਸਹਾਇਤਾ ਦੀ ਮੰਗ ਦੇ ਉੱਤਰ ਵਜੋਂ ਫੈਡਰਲ ਰਿਜ਼ਰਵ ਚੇਅਰਮੈਨ ਜੀਰੌਮ ਪਾਵੇਲ ਕਹਿੰਦੇ ਹਨ ਕਿ ਦੇਖੋ ਜੀ, ਅਸੀਂ ਦਿਲੋਂ ਤੁਹਾਡੀ ਹੋਰ ਵਧੇਰੇ ਸਹਾਇਤਾ ਕਰਨੀ ਚਾਹੁੰਦੇ ਹਾਂ ਪਰ ਕੀ ਕਰੀਏ, ਸਾਡੀ ਆਪਣੀ ਮਜਬੂਰੀ ਹੈ ਕਿਉਂਕਿ ਸਾਡੀ ਆਰਥਿਕਤਾ ਖੁਦ ਮੰਦਵਾੜੇ ਦੀ ਗ੍ਰਿਫਤ ਵਿਚ ਹੈ। ਇਹ ਸਾਰੀ ਗੱਲਬਾਤ ਉਹਨਾਂ ਨੇ ਆਪਣੀ ਸਾਈਟ ‘ਤੇ ਪਾ ਦਿੱਤੀ। ਇਉਂ ਆਰਥਿਕਤਾ ਦੇ ਸੰਕਟ ਦਾ ਇਕਬਾਲੀਆ ਬਿਆਨ ਜੱਗ ਜ਼ਾਹਿਰ ਹੋ ਗਿਆ।

ਇਹ ਸੰਕਟ ਸਿਰਫ ਅਮਰੀਕਾ ਦਾ ਹੀ ਨਹੀਂ ਕਿਉਂਕਿ ਪੂੰਜੀਵਾਦ ਇੱਕ ਸੰਸਾਰ ਪ੍ਰਬੰਧ ਹੈ ਅਤੇ ਸਾਮਰਾਜ ਦੇ ਦੌਰ ਵਿਚ ਇਹ ਇਸ ਗ੍ਰਹਿ ਦੇ ਹਰ ਕੋਨੇ ਤੱਕ ਪਹੁੰਚ ਗਿਆ ਹੈ। ਇਸ ਕਰ ਕੇ ਇਹ ਸੰਕਟ ਪੂਰੇ ਪ੍ਰਬੰਧ ਦਾ ਸੰਕਟ ਹੈ। ਅਮਰੀਕਾ ਕਿਉਂਕਿ ਇਸ ਪ੍ਰਬੰਧ ਦੇ ਉਪਰਲੇ ਖਾਨੇ ਵਿਚ ਹੈ, ਇਹ ਪੂਰੀ ਦੁਨੀਆ ਨੂੰ ਦਿਖਦਾ ਹੈ ਅਤੇ ਇਹ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਸੰਸਾਰ ਕਰਜ਼ੇ ਦੀ ਗੱਲ ਕਰੀਏ ਤਾਂ ਕੌਮਾਂਤਰੀ ਮੁਦਰਾ ਕੋਸ਼ ਅਨੁਸਾਰ ਇਹ ਕਰਜ਼ਾ ਰਿਕਾਰਡ 305 ਖਰਬ (ਟ੍ਰਿਲੀਅਨ) ਡਾਲਰ ਤੱਕ ਪਹੁੰਚ ਗਿਆ ਹੈ। ਮਾਲੀ ਸਾਲ 2023 ਦੀ ਪਹਿਲੀ ਤਿਮਾਹੀ ਵਿਚ ਸੰਸਾਰ ਕਰਜ਼ੇ ਵਿਚ ਰਿਕਾਰਡ 8.3 ਖਰਬ ਡਾਲਰ ਦਾ ਵਾਧਾ ਹੋਇਆ ਹੈ। ਉਹ ਦੇਸ਼ ਜਿਨ੍ਹਾਂ ਨੂੰ ਉੱਭਰ ਰਹੀਆਂ ਆਰਥਿਕਤਾਵਾਂ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਵਿਚ ਭਾਰਤ ਨੂੰ ਵੀ ਗਿਣਿਆ ਜਾਂਦਾ ਹੈ, ਇਹਨਾਂ ਵਿਚ ਰਿਕਾਰਡ ਪੱਧਰ ‘ਤੇ ਕਰਜ਼ਾ 100 ਖਰਬ ਹੋ ਗਿਆ ਹੈ ਜੋ 2019 ਵਿਚ 25 ਖਰਬ ਡਾਲਰ ਸੀ। ਇਸ ਅਰਸੇ ਦੌਰਾਨ 75 ਖਰਬ ਡਾਲਰ ਕਰਜ਼ੇ ਦਾ ਵਾਧਾ ਹੋਇਆ ਹੈ। ਇਸ ਵਿਚ ਵਧੇਰੇ ਹਿੱਸਾ ਚੀਨ, ਭਾਰਤ, ਮੈਕਸਿਕੋ ਅਤੇ ਤੁਰਕੀ ਦਾ ਹੈ। ਇਹ ਕਰਜ਼ਾ ਇਹਨਾਂ ਉੱਭਰ ਰਹੀਆਂ ਆਰਥਿਕਤਾਵਾਂ ਦੀ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਦਾ 250% ਹੈ: ਭਾਵ, ਇਹਨਾਂ ਦੀ ਕੁੱਲ ਘਰੇਲੂ ਪੈਦਾਵਾਰ ਨਾਲੋਂ ਢਾਈ ਗੁਣਾ ਵਧੇਰੇ ਹੈ। ਜੇਕਰ ਯੂਰੋ ਜ਼ੋਨ ਦੀ ਗੱਲ ਕਰੀਏ ਤਾਂ ਕਰਜ਼ਈ ਤਾਂ ਸਾਰੇ ਹਨ ਪਰ ਇਹਨਾਂ ਵਿਚੋਂ ਸਭ ਤੋਂ ਵਧੇਰੇ ਕਰਜ਼ਈ ਇਟਲੀ ਹੈ। ਇਹ ਦੁਨੀਆ ਵਿਚ ਦੂਸਰਾ ਸਭ ਤੋਂ ਵਧੇਰੇ ਕਰਜ਼ਈ ਦੇਸ਼ ਹੈ। ਇਸ ਦੇ ਸਿਰ 2.79 ਖਰਬ ਡਾਲਰ ਦਾ ਕਰਜ਼ਾ ਹੈ। ਇਸ ਸਾਲ ਇਕੱਲੇ ਮਾਰਚ ਮਹੀਨੇ ਵਿਚ ਇਟਲੀ ਦੇ ਕਰਜ਼ੇ ਵਿਚ 17.8 ਅਰਬ ਯੂਰੋ ਦਾ ਵਾਧਾ ਹੋਇਆ। ਕਰਜ਼ੇ ਦੀ ਇਹ ਰਕਮ ਭਾਵੇਂ ਬਹੁਤ ਜ਼ਿਆਦਾ ਵੱਡੀ ਨਾ ਜਾਪੇ ਪਰ ਇਟਲੀ ਵਿਚ ਇਹ ਪ੍ਰਤੀ ਵਿਅਕਤੀ ਕਰਜ਼ਾ ਵਧੇਰੇ ਹੈ। ਹਰ ਇਟਲੀ ਵਾਸੀ ਸਿਰ 47,500 ਯੂਰੋ ਕਰਜ਼ਾ ਹੈ ਅਤੇ ਹਰ ਪਰਿਵਾਰ ‘ਤੇ 1,06,446 ਯੂਰੋ ਕਰਜ਼ਾ ਹੈ। ਅਕਤੂਬਰ-ਦਸੰਬਰ 2022 ਵਿਚ ਇਟਲੀ ਦਾ ਕਰਜ਼ਾ ਉਸ ਦੀ ਕੁੱਲ ਘਰੇਲੂ ਪੈਦਾਵਾਰ ਦਾ 144% ਭਾਵ, ਪੈਦਾਵਾਰ ਨਾਲੋਂ ਲਗਭਗ ਡੇਢ ਗੁਣਾ ਵਧੇਰੇ ਹੈ। ਸੰਸਾਰ ਬੈਂਕ ਅਨੁਸਾਰ ਘੱਟ ਆਮਦਨ ਵਾਲੇ ਦੇਸ਼ਾਂ ਵਿਚੋਂ 60% ਕਰਜ਼ਾ ਕੁੜਿੱਕੀ ਵਿਚ ਫਸੇ ਹੋਏ ਹਨ।

ਸੰਸਾਰ ਕਰਜ਼ੇ ਨੂੰ ਜੇਕਰ ਧਿਆਨ ਨਾਲ ਦੇਖੀਏ ਤਾਂ ਕਰੋਨਾ ਕਾਲ ਵਿਚ ਵਧੇਰੇ ਵਧਿਆ ਹੈ। ਸਾਲ 2020 ਵਿਚ ਸੰਸਾਰ ਕਰਜ਼ਾ 226 ਖਰਬ ਡਾਲਰ ਸੀ। 2021 ਵਿਚ ਇਹ ਛਾਲ ਮਾਰ ਕੇ ਵਧਿਆ ਅਤੇ ਇਹ 303 ਖਰਬ ਡਾਲਰ ਹੋ ਗਿਆ। ਅਗਲੇ ਸਾਲ 2022 ਵਿਚ ਥੋੜ੍ਹਾ ਵਧਿਆ ਅਤੇ 305 ਖਰਬ ਡਾਲਰ ਹੋ ਗਿਆ। 2023 ਦੇ ਅੰਕੜੇ ਅਜੇ ਆਉਣੇ ਬਾਕੀ ਹਨ। 305 ਖਰਬ ਡਾਲਰ 2022 ਤੱਕ ਦਾ ਕਰਜ਼ਾ ਹੈ।

ਦੂਸਰਾ ਮਹੱਤਵਪੂਰਨ ਮੈਕਰੌਂ-ਸੰਕੇਤ ਹੈ- ਸਿੱਕਾ ਪਸਾਰ ਜਿਸ ਨੂੰ ਆਮ ਭਾਸ਼ਾ ਵਿਚ ਮਹਿੰਗਾਈ ਦਰ ਵੀ ਕਹਿ ਲਿਆ ਜਾਂਦਾ ਹੈ। ਯੂਰੋਪ ਵਿਚ ਸਭ ਤੋਂ ਘੱਟ ਮਹਿੰਗਾਈ ਦਰ ਰੂਸ ਦੀ ਹੈ ਜੋ ਅਪਰੈਲ ਮਹੀਨੇ ਵਿਚ 2.3% ਸੀ, ਇਸ ਤੋਂ ਦੂਸਰੇ ਨੰਬਰ ‘ਤੇ ਸਵਿਟਜ਼ਰਲੈਂਡ ਆਉਂਦਾ ਹੈ ਜਿੱਥੇ ਮਹਿੰਗਾਈ ਦਰ 2.6% ਹੈ। ਬਾਕੀ ਸਾਰੇ ਮੁਲਕਾਂ ਵਿਚ ਸਿੱਕਾ ਪਸਾਰ ਦਰ ਵਧੇਰੇ ਉਚੇਰੀ ਹੈ। ਪੂਰੇ ਯੂਰੋ ਜ਼ੋਨ ਦੀ ਗੱਲ ਕਰੀਏ ਤਾਂ ਉਸ ਦੀ ਮਹਿੰਗਾਈ ਦਰ 7% ਹੈ। ਫਰਾਂਸ ਦੀ ਮਹਿੰਗਾਈ ਦਰ 5.2% ਅਤੇ ਜਰਮਨੀ ਦੀ 7.2% ਹੈ। ਇਟਲੀ ਦੀ ਸਭ ਤੋਂ ਵੱਧ 8.2% ਹੈ। ਯੂਰੋਪ ਤੋਂ ਬਾਹਰ ਅਮਰੀਕਾ ਦੀ ਸਿੱਕਾ ਪਸਾਰ ਦਰ 7.5% ਹੈ।

ਆਰਥਿਕਤਾ ਨੂੰ ਜੋਹਣ-ਜਾਚਣ ਲਈ ਤੀਸਰਾ ਮਹੱਤਵਪੂਰਨ ਮੈਕਰੌਂ-ਸੰਕੇਤ ਕੁੱਲ ਘਰੇਲੂ ਪੈਦਾਵਰ ਦਾ ਹੈ। ਕੌਮਾਂਤਰੀ ਮੁਦਰਾ ਕੋਸ਼ ਦੀ ਡਾਇਰੈਕਟਰ ਕ੍ਰਿਸਟਾਲੀਨਾ ਚਿਤਰਜੀਵਾ ਅਨੁਸਾਰ 1990 ਤੋਂ ਬਾਅਦ ਹੁਣ ਸੰਸਾਰ ਕੁੱਲ ਘਰੇਲੂ ਪੈਦਾਵਾਰ ਦੇ ਪੱਖੋਂ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਕੁੱਲ ਘਰੇਲੂ ਪੈਦਵਾਰ ਦੀ ਸੰਸਾਰ ਦੀ ਪਿਛਲੇ 20 ਸਾਲਾਂ ਦੀ ਔਸਤਨ ਪੈਦਾਵਾਰ 3.8% ਸੀ ਪਰ ਇਸ ਸਾਲ ਸੰਸਾਰ ਕੁੱਲ ਘਰੇਲੂ ਪੈਦਾਵਾਰ ਵਾਧਾ ਦਰ 3% ਹੈ। 2021 ਵਿਚ ਇਹ ਵਾਧਾ ਦਰ 6.1% ਸੀ ਪਰ ਸਾਲ 2022 ਵਿਚ ਪੈਦਾਵਾਰ ਵਾਧਾ ਦਰ 3.4% ਰਹਿ ਗਈ। 2023 ਵਿਚ ਇਹ ਵਾਧਾ ਦਰ 3% ਰਹਿਣ ਦੀ ਪੇਸ਼ਨੀਗੋਈ ਹੈ। ਕੌਮਾਂਤਰੀ ਮੁਦਰਾ ਕੋਸ਼ ਦੇ ਅਨੁਮਾਨ ਅਨੁਸਾਰ ਵਿਕਸਤ ਦੇਸ਼ਾਂ ਵਿਚ 60% ਦੇਸ਼ਾਂ ਵਿਚ ਕੁੱਲ ਘਰੇਲੂ ਪੈਦਾਵਾਰ ਦਰ ਘਟੇਗੀ। ਜਰਮਨੀ ਯੂਰੋਪ ਦੀ ਸਭ ਤੋਂ ਵੱਡੀ ਆਰਥਿਕਤਾ ਹੈ। ਜਰਮਨੀ ਵਿਚ ਡੀਆਈਐੱਚਕੇ ਨੇ 21000 ਕੰਪਨੀਆਂ ਦਾ ਸਰਵੇ ਕਰਵਾਇਆ ਹੈ। ਸਰਵੇ ਦੇ ਨਤੀਜੇ ਸਾਂਝੇ ਕਰਦਿਆਂ ਉਹਨਾਂ ਨੇ ਕਿਹਾ ਕਿ ਮਾਲੀ ਸਾਲ 2023-24 ਵਿਚ ਜਰਮਨੀ ਦੀ ਕੁੱਲ ਘਰੇਲੂ ਪੈਦਾਵਾਰ ਵਾਧਾ ਦਰ ਜ਼ੀਰੋ ਰਹੇਗੀ।

ਇਸ ਸਾਰੀ ਚਰਚਾ ਤੋਂ ਦੋ ਗੱਲਾਂ ਸਪੱਸ਼ਟ ਹਨ ਕਿ ਇੱਕ ਤਾਂ ਅਮਰੀਕਾ ਵਿਚ ਮੁੱਦਾ ਸਿਰਫ ਕਰਜ਼ਾ ਸੀਮਾ ਦਾ ਨਹੀਂ ਬਲਕਿ ਇਹ ਆਪਣੇ ਆਪ ਵਿਚ ਆਰਥਿਕ ਸੰਕਟ ਦਾ ਪ੍ਰਗਟਾਵਾ ਹੈ। ਦੂਸਰੀ, ਇਹ ਸੰਕਟ ਸਿਰਫ ਅਮਰੀਕਾ ਦਾ ਨਹੀਂ ਬਲਿਕ ਪੂਰੇ ਸੰਸਾਰ ਸਾਮਰਾਜੀ/ਸਰਮਾਏਦਾਰੀ ਪ੍ਰਬੰਧ ਦਾ ਸੰਕਟ ਹੈ। ਹੁਣ ਜੇ ਇਸ ਸੰਕਟ ਦੀ ਜੜ੍ਹ ਦੀ ਗੱਲ ਕਰੀਏ ਤਾਂ ਇਹ ਪੂੰਜੀਵਾਦੀ ਪ੍ਰਬੰਧ ਦੇ ਤਨ-ਸਮੋਏ ਅੰਤਰ-ਵਿਰੋਧ ਹਨ ਜਿਹਨਾਂ ਵਿਚੋਂ ਬੁਨਿਆਦੀ ਪੈਦਾਵਾਰ ਦਾ ਸਮਾਜਿਕ ਖਾਸਾ ਅਤੇ ਮਾਲਕੀ ਵਿਅਕਤੀਗਤ ਹੈ। ਇਸ ਬੁਨਿਆਦੀ ਅੰਦਰੂਨੀ ਅੰਤਰ-ਵਿਰੋਧ ਦਾ ਤਿੱਖਾਪਣ ਬਾਹਰੀ ਫੈਕਟਰਾਂ ਕਾਰਨ ਵਧਦਾ-ਘਟਦਾ ਹੈ। ਯੂਰੋ ਦੇ ਆਉਣ ਅਤੇ ਯੂਰੋ ਜ਼ੋਨ ਤੋਂ ਬਾਹਰ ਵੀ ਯੂਰੋ ਵਿਚ ਵਪਾਰ ਕਰਨ ਨਾਲ ਡਾਲਰ ਦੀ ਸਰਦਾਰੀ ਟੁੱਟੀ ਹੈ। ਹੁਣ ਰੂਸ-ਨਾਟੋ ਜੰਗ ਉਪਰੰਤ ਏਸ਼ੀਆ, ਅਫਰੀਕਾ ਅਤੇ ਲਤੀਨੀ ਅਮਰੀਕਾ ਦੇ ਕਈ ਦੇਸ਼ਾਂ ਨੇ ਆਪਣੀਆਂ ਸਥਾਨਕ ਕਰੰਸੀਆਂ ਵਿਚ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਡਾਲਰ ਦੀ ਪਕੜ ਹੋਰ ਘਟੀ ਹੈ ਅਤੇ ਕਰੰਸੀ ਛਾਪ ਕੇ ਸੰਕਟ ‘ਤੇ ਕਾਬੂ ਪਾਉਣ ਦੀ ਅਮਰੀਕਾ ਦੀ ਸਮਰੱਥਾ ਬਹੁਤ ਕਮਜ਼ੋਰ ਹੋ ਗਈ। ਪ੍ਰਬੰਧ ਦੇ ਕੇਂਦਰ ‘ਚ ਭੂਚਾਲ ਪੂਰੇ ਪ੍ਰਬੰਧ ਨੂੰ ਝਟਕੇ ਦਿੰਦਾ ਹੈ।

ਇਸ ਤੋਂ ਬਿਨਾ ਨਾਟੋ ਦੀ ਯੂਕਰੇਨ ਵਿਚ ਰੂਸ ਨਾਲ ਜੰਗ ਵੀ ਇੱਕ ਕਾਰਨ ਬਣੀ ਹੈ। ਰੂਸ ‘ਤੇ ਪਾਬੰਦੀਆਂ ਲਾਉਣ ਨਾਲ ਯੂਰੋਪ ਨੂੰ ਰੂਸ ਦੀ ਗੈਸ/ਤੇਲ ਦੀ ਸਪਲਾਈ 40 ਤੋਂ 70% ਤੱਕ ਘਟ ਗਈ ਹੈ। ਇਸ ਨਾਲ ਖਾਸ ਕਰ ਕੇ ਯੂਰੋਪ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਤੇਜ਼ ਵਾਧਾ ਹੋਇਆ। ਇਸ ਕਮੀ ਨੂੰ ਪੂਰਾ ਕਰਨ ਲਈ ਅਮਰੀਕਾ ਨੇ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਨੂੰ ਤੇਲ ਦੀ ਪੈਦਾਵਾਰ ਵਧਾਉਣ ਲਈ ਕਿਹਾ ਪਰ ਉਹਨਾਂ ਨੇ ਅਮਰੀਕਾ ਦੇ ਆਖੇ ਲੱਗਣੋਂ ਇਨਕਾਰ ਕਰ ਦਿੱਤਾ ਤੇ ਕੀਮਤਾਂ ਵਧਦੀਆਂ ਰਹੀਆਂ। ਇਸ ਤੋਂ ਬਿਨਾ ਰੂਸ ਅਤੇ ਯੂਕਰੇਨ ਅਨਾਜ ਅਤੇ ਰਸਾਇਣਕ ਖਾਦ ਦੇ ਨਿਰਯਾਤਕ ਸਨ। ਇਸ ਜੰਗ ਕਾਰਨ ਇਹ ਨਿਰਯਾਤ ਬੰਦ ਹੋ ਗਿਆ। ਤੁਰਕੀ ਦੇ ਰਾਸ਼ਟਰਪਤੀ ਅਰਦੋਗਾਂ ਦੇ ਯਤਨਾਂ ਨਾਲ ਸੀਮਤ ਜਿਹਾ ਨਿਰਯਾਤ ਖੁੱਲਿਆ ਸੀ ਪਰ ਬਹੁਤ ਜਲਦੀ ਬੰਦ ਹੋ ਗਿਆ। ਸਿੱਟਾ ਹੈ ਕਿ ਆਲਮੀ ਕੀਮਤਾਂ ਵਿਚ ਪਿਛਲੇ ਸਾਲ ਨਾਲੋਂ ਖਾਦ ਪਦਾਰਥਾਂ ਦੀਆਂ ਕੀਮਤਾਂ ਵਿਚ 200 ਪ੍ਰਤੀਸ਼ਤ ਵਾਧਾ ਹੋਇਆ। ਅਨਾਜ ਦੀਆਂ ਕੀਮਤਾਂ ਵਿਚ 21% ਵਾਧਾ ਹੋਇਆ। ਰਸਾਇਣਕ ਖਾਦ ਦੀਆਂ ਕੀਮਤਾਂ ਵਿਚ 15 ਤੋਂ 19% ਵਾਧਾ ਹੋਇਆ। ਸੰਸਾਰ ਵਪਾਰ ਸੰਸਥਾ ਅਨੁਸਾਰ ਕਣਕ ਦੇ ਵਪਾਰ ਵਿਚ 2021 ਦੇ ਮੁਕਾਬਲੇ 7.5% ਕਮੀ ਆਈ ਹੈ। ਇਸ ਤਰਾਂ ਇਸ ਜੰਗ ਦਾ ਵੀ ਸੰਕਟ ਦੇ ਤਿੱਖੇ ਕਰਨ ਵਿਚ ਰੋਲ ਹੈ।

ਹੁਣ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਅਮਰੀਕਾ ਦੀ ਕਰਜ਼ ਸੀਮਾ ਦੀ। ਇਹ ਜੋ ਇਸ ਬਾਰੇ ਚਰਚਾ ਚੱਲ ਰਹੀ ਹੈ, ਇਹ ਨਾਟਕ ਹੈ। ਵਿਰੋਧੀ ਪਾਰਟੀ ਰਿਪਬਲਿਕਨ ਪਾਰਟੀ ਸਰਕਾਰ ਦੇ ‘ਸਮਾਜ ਭਲਾਈ’ ਖਰਚੇ ਸਿਹਤ, ਪੈਨਸ਼ਨ, ਸਮਾਜਿਕ ਸੁਰੱਖਿਆ ਆਦਿ ਵਿਚ ਵੱਡੀ ਕਟੌਤੀ ਲਾਉਣ ਦੀ ਸ਼ਰਤ ਰੱਖ ਰਹੀ ਹੈ। ਡੈਮੋਕਰੇਟ ਕਟੌਤੀ ਦੀ ਮਾਤਰਾ ਘੱਟ ਰੱਖਣ ਦੀ ਗੱਲ ਕਰ ਰਹੇ ਹਨ। ਇਸ ਲਈ ਲੈਣ-ਦੇਣ ਕਰਨ ਦੀ ਵਾਰਤਾ ਚੱਲ ਰਹੀ ਹੈ। ਅੱਗੇ ਇਹਨਾਂ ਪਾਰਟੀਆਂ ਵਿਚ ਵੀ ਲਾਬੀਆਂ ਹਨ। ਰਿਪਬਲਿਕਨ ਸਪੀਰਕ ਕੇਵਿਨ ਮੈਕਾਰਥੀ ਸਮਝੌਤਾ ਕਰਨਾ ਚਾਹੁੰਦਾ ਹੈ ਜਦਕਿ ਵਿਰੋਧੀ ਲਾਬੀ ਇਸ ਨੂੰ ਅੰਤ ਤੱਕ ਖਿੱਚਣਾ ਚਾਹੁੰਦੀ ਹੈ। ਇਸ ਸਭ ਦਾ ਉਦੇਸ਼ ਸੰਕਟ ਦਾ ਬੋਝ ਅਮਰੀਕੀ ਜਨਤਾ ‘ਤੇ ਪਾਉਣਾ ਹੈ। ਦੋਵੇਂ ਪਾਰਟੀਆਂ ਅਮਰੀਕਾ ਨੂੰ ਡਿਫਾਲਟਰ ਨਹੀਂ ਹੋਣ ਦੇਣਗੀਆਂ। ਦੇਰ-ਸਵੇਰ ਸਮਝੌਤਾ ਹੋ ਜਾਵੇਗਾ ਕਿਉਂਕਿ ਅਮਰੀਕਾ ਦੀਆਂ ਹਾਕਮ ਜਮਾਤਾਂ ਦਾ ਹਿੱਤ ਇਸੇ ਵਿਚ ਹੈ। ਅੰਤ ਸੰਕਟ ਦਾ ਬੋਝ ਜਨਤਾ ‘ਤੇ ਲੱਦ ਦਿੱਤਾ ਜਾਵੇਗਾ ਅਤੇ ਦੋਵੇਂ ਪਾਰਟੀਆਂ ਇਸ ਖਿੱਚ-ਧੂਹ ਨੂੰ ਆਪਣੇ ਆਪਣੇ ਢੰਗ ਨਾਲ ਆਪਣੇ ਸਿਆਸੀ ਹਿੱਤਾਂ ਲਈ ਵਰਤਣਗੀਆਂ।
ਸੰਪਰਕ: 98152-11079

Advertisement