ਖੰਡ ਮਿੱਲ ਤੋਂ ਅੱਕੇ ਗੰਨਾ ਕਾਸ਼ਤਕਾਰ ਖੇਤੀਬਾੜੀ ਮੰਤਰੀ ਨੂੰ ਮਿਲੇ
ਪੱਤਰ ਪ੍ਰੇਰਕ
ਫਗਵਾੜਾ, 7 ਜੂਨ
ਖੰਡ ਮਿੱਲ ਫਗਵਾੜਾ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਬੀਤੇ ਤਿੰਨ ਸਾਲਾਂ ਦੀ ਬਕਾਇਆ ਰਕਮ ਕਰੀਬ 43 ਕਰੋੜ ਰੁਪਏ ਦੇ ਭੁਗਤਾਨ ਲਈ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਹੇਠ ਪੰਜ ਮੈਂਬਰੀ ਵਫ਼ਦ ਨੇ ਖੇਤੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨਾਲ ਮੀਟਿੰਗ ਕੀਤੀ। ਕਿਸਾਨ ਆਗੂਆਂ ਵੱਲੋਂ ਗੰਨਾ ਕਿਸਾਨਾਂ ਨੂੰ ਭੁਗਤਾਨ ਨਾ ਹੋਣ ਕਾਰਨ ਬੀਤੇ ਤਿੰਨ ਸਾਲਾਂ ਤੋਂ ਆ ਰਹੀਆਂ ਆਰਥਿਕ ਮੁਸ਼ਕਿਲਾਂ ਸਬੰਧੀ ਖੇਤੀਬਾੜੀ ਮੰਤਰੀ ਨੂੰ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ ਤੇ ਮੰਗ ਕੀਤੀ ਕਿ ਗੰਨਾ ਮਿੱਲ ਮਾਲਕਾਂ ਦੀਆਂ ਅਟੈਚ ਕੀਤੀਆਂ ਜਾਇਦਾਦਾਂ ਦੀ ਜਲਦ ਨਿਲਾਮੀ ਕਰਵਾ ਕੇ ਸਰਕਾਰ ਕਿਸਾਨਾਂ ਦੀ ਬਕਾਇਆ ਰਕਮ ਦਾ ਭੁਗਤਾਨ ਯਕੀਨੀ ਬਣਾਵੇ। ਮੰਤਰੀ ਨੇ ਭਰੋਸਾ ਦਿਵਾਇਆ ਕਿ ਸਰਕਾਰ ਕਿਸਾਨਾਂ ਦੀ ਰਕਮ ਲਈ ਲੋੜੀਂਦੇ ਕਦਮ ਉਠਾ ਕੇ ਜਲਦੀ ਭੁਗਤਾਨ ਯਕੀਨੀ ਬਣਾਏਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਮੂਸਾਪੁਰ, ਬਲਜਿੰਦਰ ਸਿੰਘ ਬਹਿਰਾਮ, ਮੇਜਰ ਸਿੰਘ ਅਠੋਲੀ, ਮਨਜੀਤ ਸਿੰਘ ਡਰੋਲੀ ਖੁਰਦ ਆਦਿ ਸ਼ਾਮਲ ਸਨ।