ਧਰਮਕੋਟ ’ਚ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ
ਧਰਮਕੋਟ, 23 ਮਾਰਚ
ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦੋ ਦਸੰਬਰ ਦੇ ਹੁਕਮਨਾਮੇ ਅਨੁਸਾਰ ਅੱਜ ਧਰਮਕੋਟ ਹਲਕੇ ਅ’ਚ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਹੋ ਗਈ ਹੈ। ਹਲਕੇ ਦੇ ਪਿੰਡ ਤਲਵੰਡੀ ਮੱਲ੍ਹੀਆਂ ਵਿੱਚ ਸੂਬੇਦਾਰ ਗੁਰਮੀਤ ਸਿੰਘ ਮੱਲ੍ਹੀ ਦੇ ਗ੍ਰਹਿ ਵਿਖੇ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮ ਮੁਤਾਬਿਕ ਉਹ ਲੋਕਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰ ਰਹੇ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਿਕ ਆਪੋ ਆਪਣਾ ਫਰਜ਼ ਸਮਝਦੇ ਹੋਏ ਛੇ ਮਹੀਨੇ ਤੱਕ ਭਰਤੀ ਮੁਹਿੰਮ ਚੱਲੇਗੀ ਜਿਸ ਦਾ ਆਈ ਹੋਈ ਸੰਗਤ ਨੇ ਹੱਥ ਖੜ੍ਹੇ ਕਰ ਕੇ ਪੂਰਨ ਵਿਸ਼ਵਾਸ ਦਿਵਾਇਆ। ਇਸ ਭਰਤੀ ਮੁਹਿੰਮ ਦੌਰਾਨ ਕੁਲਦੀਪ ਸਿੰਘ ਬੁੱਟਰ ਸਾਬਕਾ ਖੇਤੀਬਾੜੀ ਅਫ਼ਸਰ, ਪੰਚ ਜਸਵਿੰਦਰ ਸਿੰਘ ਔਲਖ, ਇਕਬਾਲਦੀਪ ਸਿੰਘ ਹੈਰੀ, ਮਾਸਟਰ ਸੁਖਮਿੰਦਰ ਸਿੰਘ, ਜਗਦੀਪ ਸਿੰਘ ਨੀਲੂ ਮੈਂਬਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।