ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ‘ਆਪ’ ਵੱਲੋਂ ਰੋਸ ਪ੍ਰਦਰਸ਼ਨ
ਮਨਧੀਰ ਸਿੰਘ ਦਿਓਲ
ਨਵੀਂ ਦਿਲੀ, 26 ਮਾਰਚ
ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ਼੍ਰਿਫ਼ਤਾਰੀ ਤੇ ਮੋਦੀ ਸਰਕਾਰ ਵੱਲੋਂ ਜਮਹੂਰੀਅਤ ਦੇ ਕਤਲ ਦੇ ਵਿਰੋਧ ਵਿੱਚ ਅੱਜ ਦਿੱਲੀ ਦੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਪਾਰਟੀ ਆਗੂ ਸੋਮਨਾਥ ਭਾਰਤੀ, ਦਿੱਲੀ ਅਸੈਂਬਲੀ ਦੀ ਡਿਪਟੀ ਸਪੀਕਰ ਰਾਖੀ ਬਿਰਲਾ ਸਣੇ ਕਈ ‘ਆਪ’ ਆਗੂਆਂ ਤੇ ਵਰਕਰਾਂ ਨੂੰ ਪੁਲੀਸ ਨੇ ਪਟੇਲ ਚੌਕ ’ਤੇ ਹਿਰਾਸਤ ਵਿਚ ਲੈ ਲਿਆ। ਦਿੱਲੀ ਪੁਲੀਸ ਨੇ ਕਈ ਥਾਵਾਂ ’ਤੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਘਿਰਾਓ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਲੋਕ ਪਟੇਲ ਚੌਕ ਮੈਟਰੋ ਸਟੇਸ਼ਨ ਪੁੱਜੇ ਸਨ। ਪੁਲੀਸ ਵੱਲੋਂ ਰੋਕੇ ਜਾਣ ’ਤੇ ਸਮਰਥਕ ਸੜਕ ’ਤੇ ਲੇਟ ਗਏ ਅਤੇ ਭਾਜਪਾ ਤੇ ਮੋਦੀ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ‘ਆਪ’ ਨੇ ਦਾਅਵਾ ਕੀਤਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਧਾਇਕਾਂ ਅਤੇ ਆਗੂਆਂ ਸਮੇਤ 200 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਧਰਨੇ ਵਿੱਚ ਸ਼ਾਮਲ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਮਗਰੋਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਪੂਰੀ ਤਰ੍ਹਾਂ ਗੈਰਕਾਨੂੰਨੀ ਅਤੇ ਝੂਠੇ ਕੇਸ ਵਿੱਚ ਜੇਲ੍ਹ ’ਚ ਡੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਨੀਸ਼ ਸਿਸੋਦੀਆ ਤੇ ਸੰਜੈ ਸਿੰਘ ਨੂੰ ਜੇਲ੍ਹ ਵਿਚ ਡੱਕਿਆ ਤੇ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰਾ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਹੈ। ਉਨ੍ਹਾਂ ਕਿਹਾ ਕਿ ਢਾਈ ਸਾਲ ਬਾਅਦ ਵੀ ਈਡੀ ਇਹ ਸਾਬਤ ਨਹੀਂ ਕਰ ਸਕੀ ਕਿ ਇਹ ਮਨੀ ਟਰੇਲ ਸੀ। ਇਸ ਦੇ ਨਾਲ ਹੀ ਪੂਰੀ ਦੁਨੀਆ ਅਤੇ ਦੇਸ਼ ਨੇ ਦੇਖਿਆ ਕਿ ਕਥਿਤ ਸ਼ਰਾਬ ਆਬਕਾਰੀ ਨੀਤੀ ਘੁਟਾਲੇ ਵਿੱਚ ਈਡੀ ਵੱਲੋਂ ਸਭ ਤੋਂ ਪਹਿਲਾਂ ਮੁੱਖ ਮੁਲਜ਼ਮ ਬਣਾਏ ਗਏ ਸ਼ਰਤ ਚੰਦਰ ਰੈੱਡੀ ਨੇ ਭਾਜਪਾ ਨੂੰ 60 ਕਰੋੜ ਰੁਪਏ ਕਿਵੇਂ ਦਿੱਤੇ। ਪੈਸਾ ਭਾਜਪਾ ਕੋਲ ਗਿਆ ਅਤੇ ਪੈਸੇ ਦਾ ਲੈਣ-ਦੇਣ ਬਿਲਕੁਲ ਸਪੱਸ਼ਟ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ।
ਇਸ ਦੌਰਾਨ ਪਾਰਟੀ ਵਰਕਰਾਂ ਤੇ ਸਮਰਥਕਾਂ ਨੇ ‘ਅਰਵਿੰਦ ਕੇਜਰੀਵਾਲ ਜ਼ਿੰਦਾਬਾਦ’, ‘ਅਰਵਿੰਦ ਕੇਜਰੀਵਾਲ ਤੁਸੀਂ ਲੜੋ-ਅਸੀਂ ਤੁਹਾਡੇ ਨਾਲ ਹਾਂ’, ‘ਈਡੀ-ਸੀਬੀਆਈ ਤੋਂ ਹੇਠਾਂ, ਜਦੋਂ ਵੀ ਮੋਦੀ ਡਰਦਾ ਹੈ- ਪੁਲੀਸ ਨੂੰ ਅੱਗੇ ਕਰਦਾ ਹੈ’, ‘ਮੋਦੀ ਤੁਹਾਡੀ ਸਰਕਾਰ ਈਡੀ-ਸੀਬੀਆਈ ਦੇ ਜ਼ੋਰ ’ਤੇ ਨਹੀਂ ਚੱਲੇਗੀ ਤਾਨਾਸ਼ਾਹੀ’ ਦੇ ਨਾਅਰੇ ਲਾਏ। ਦਿੱਲੀ ਪੁਲੀਸ ਨੇ ‘ਆਪ’ ਦੇ ਕਈ ਨੇਤਾਵਾਂ ਅਤੇ ਵਰਕਰਾਂ ਨੂੰ ਧਰਨੇ ਵਾਲੀ ਥਾਂ ’ਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ। ਪਟੇਲ ਚੌਕ ਮੈਟਰੋ ਸਟੇਸ਼ਨ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਪੁਲੀਸ ਨੇ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਸੁਰੱਖਿਆ ਕਾਰਨਾਂ ਕਰਕੇ, ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ’ਤੇ ਐਂਟਰੀ/ਐਗਜ਼ਿਟ, ਪਟੇਲ ਚੌਕ ਮੈਟਰੋ ਸਟੇਸ਼ਨ ਦੇ ਗੇਟ ਨੰਬਰ 3 ਅਤੇ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਦੇ ਗੇਟ ਨੰਬਰ 5 ਰੋਸ ਪ੍ਰਦਰਸ਼ਨ ਜਾਰੀ ਰਹਿਣ ਤਕ ਬੰਦ ਰੱਖੇ ਗਏ।
ਆਗੂਆਂ ਨੇ ਹਿਰਾਸਤ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਜੀ ਕੇਜਰੀਵਾਲ ਤੋਂ ਡਰੇ ਹੋਏ ਹਨ ਪਰ ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਸ਼ੁਰੂ ਹੋਏ ਇਸ ਇਨਕਲਾਬ ਨੂੰ ਮੋਦੀ ਸਰਕਾਰ ਦੀ ਕੋਈ ਤਾਕਤ ਨਹੀਂ ਰੋਕ ਸਕੇਗੀ। ਵਿਧਾਇਕ ਅਤੇ ਲੋਕ ਸਭਾ ਉਮੀਦਵਾਰ ਸੋਮਨਾਥ ਭਾਰਤੀ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਵਿਧਾਇਕ ਰਾਖੀ ਬਿਰਲਾ, ‘ਆਪ’ ਵਿਧਾਇਕ ਅਤੇ ਐੱਸਸੀ/ਐੱਸਟੀ ਵਿੰਗ ਦੇ ਪ੍ਰਧਾਨ ਵਿਸ਼ੇਸ਼ ਰਵੀ, ਯੂਥ ਵਿੰਗ ਦੇ ਪ੍ਰਧਾਨ ਪੰਕਜ ਗੁਪਤਾ, ਮਹਿਲਾ ਵਿੰਗ ਦੀ ਪ੍ਰਧਾਨ ਸਾਰਿਕਾ ਚੌਧਰੀ, ਸੀਨੀਅਰ ਆਗੂ ਆਦਿਲ ਸਮੇਤ ਪਾਰਟੀ ਦੇ ਕਈ ਆਗੂ ਸ਼ਾਮਲ ਸਨ। ਖਾਨ ਅਤੇ ਰੀਨਾ ਗੁਪਤਾ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਪਟੇਲ ਚੌਕ ਮੈਟਰੋ ਸਟੇਸ਼ਨ ਪਹੁੰਚੇ, ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ।